ਇਸਲਾਮਾਬਾਦ – ਪਾਕਿਸਤਾਨ ਦੇ ਵਿਦੇਸ਼ਮੰਤਰੀ ਮੁਹੰਮਦ ਕੁਰੈਸ਼ੀ ਨੇ ਧਾਰਾ 370 ਦੇ ਸਮਾਪਤ ਕੀਤੇ ਜਾਣ ਤੇ ਕਿਹਾ, ‘ ਭਾਰਤ ਨੇ ਬਹੁਤ ਖਤਰਨਾਕ ਖੇਡ ਖੇਡੀ ਹੈ। ਇਸ ਦਾ ਪੂਰੇ ਇਲਾਕੇ ਤੇ ਬਹੁਤ ਹੀ ਭਿਆਨਕ ਪ੍ਰਭਾਵ ਪਵੇਗਾ। ਪ੍ਰਧਾਨਮੰਤਰੀ ਇਮਰਾਨ ਖਾਨ ਪੂਰੇ ਮਸਲੇ ਨੂੰ ਸੁਲਝਾਉਣ ਵਾਲੇ ਪਾਸੇ ਲੈ ਕੇ ਜਾਣਾ ਚਾਹੁੰਦੇ ਸਨ ਪਰ ਭਾਰਤ ਨੇ ਆਪਣੇ ਇਸ ਫੈਂਸਲੇ ਨਾਲ ਇਸ ਮਾਮਲੇ ਨੂੰ ਹੋਰ ਵੀ ਪੇਚੀਦਾ ਬਣਾ ਦਿੱਤਾ ਹੈ। ਕਸ਼ਮੀਰੀਆਂ ਨੂੰ ਪਹਿਲਾਂ ਨਾਲੋਂ ਵੀ ਜਿਆਦਾ ਕੈਦ ਕਰ ਦਿੱਤਾ ਗਿਆ ਹੈ। ਅਸਾਂ ਇਸ ਮਾਮਲੇ ਸਬੰਧੀ ਸੰਯੁਕਤ ਰਾਸ਼ਟਰ ਨੂੰ ਸੂਚਿਤ ਕਰ ਦਿੱਤਾ ਹੈ। ਅਸਾਂ ਇਸਲਾਮਿਕ ਦੇਸ਼ਾਂ ਨੂੰ ਵੀ ਸੂਚਿਤ ਕਰ ਦਿੱਤਾ ਹੈ। ਸਾਰੇ ਮੁਸਲਮਾਨ ਮਿਲ ਕੇ ਕਸ਼ਮੀਰੀਆਂ ਦੀ ਸਲਾਮਤੀ ਲਈ ਦੁਆ ਕਰਨ। ਪਾਕਿਸਤਾਨੀ ਕੌਮ ਪੂਰੀ ਤਰ੍ਹਾਂ ਨਾਲ ਕਸ਼ਮੀਰੀਆਂ ਦੇ ਨਾਲ ਹੈ।’
ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਮੋਦੀ ਸਰਕਾਰ ਨੇ ਜਮੂੰ-ਕਸ਼ਮੀਰ ਦੇ ਟੁਕੜੇ ਕਰ ਦਿੱਤੇ ਹਨ।ਉਨ੍ਹਾਂ ਨੇ ਕਿਹਾ, ‘ਸੈਕੂਲਰ ਸੋਚ ਦੇ ਲੋਕ ਕਸ਼ਮੀਰੀਆਂ ਦੇ ਲਈ ਸਦਾ ਲੜਦੇ ਰਹਿਣਗੇ।’ਸਾਬਕਾ ਵਿੱਤਮੰਤਰੀ ਚਿਦੰਬਰਮ ਨੇ ਕਿਹਾ ਕਿ ਇਹ ਸੰਵਿਧਾਨ ਦੇ ਲਈ ਕਾਲਾ ਦਿਨ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੇ ਨਾ ਕੇਵਲ ਧਾਰਾ 370 ਨੂੰ ਸਮਾਪਤ ਕੀਤਾ ਹੈ ਬਲਿਕ ਜਮੂੰ-ਕਸ਼ਮੀਰ ਨੂੰ ਵੰਡ ਵੀ ਦਿੱਤਾ ਹੈ। ਚਿਦੰਬਰਮ ਨੇ ਕਿਹਾ ਕਿ ਆਈਡੀਆ ਆਫ਼ ਇੰਡੀਆ ਦੇ ਖਾਤਮੇ ਦੀ ਸ਼ੁਰੂਆਤ ਹੋ ਗਈ ਹੈ।
ਜਨਤਾ ਦਲ ਯੂਨਾਈਟਡ ਦੇ ਨੇਤਾ ਕੇਸੀ ਤਿਆਗੀ ਨੇ ਵੀ ਸ਼ਾਹ ਅਤੇ ਮੋਦੀ ਦੀ ਇਸ ਕਰਤੂਤ ਤੇ ਅਸਹਿਮੱਤੀ ਪ੍ਰਗੱਟ ਕਰਦੇ ਹੋਏ ਕਿਹਾ, ‘ਧਾਰਾ 370 ਨੂੰ ਸਮਾਪਤ ਕਰਨਾ ਐਨਡੀਏ ਦਾ ਏਜੰਡਾ ਨਹੀਂ ਹੈ, ਇਹ ਬੀਜੇਪੀ ਦਾ ਏਜੰਡਾ ਹੈ ਅਤੇ ਇਸ ਦਾ ਸਮੱਰਥਨ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।’