ਸੰਗਰੂਰ – ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਤਾਬੜ ਤੋੜ ਹਮਲੇ ਕਰਦਿਆਂ ਅੱਜ ਉਹਨਾਂ ਵੱਲੋਂ ਬਠਿੰਡਾ ਰਿਫੈਨਰੀ ਸੰਬੰਧੀ ਕੀਤੀ ਗਈ ਟਿੱਪਣੀ ਦਾ ਸਖ਼ਤ ਨੋਟਿਸ ਲਿਆ ਤੇ ਮੋੜਵਾਂ ਤਿੱਖੇ ਜਵਾਬ ਵਿੱਚ ਕਿਹਾ ਕਿ ਕੈਪਟਨ ਦਾ ਉਕਤ ਬਿਆਨ ਨਿੱਜ ਅਤੇ ਸਵਾਰਥੀ ਹਿਤਾਂ ਨਾਲ ਪ੍ਰੇਰਿਤ ਤੇ ਬੇ ਲੋੜ੍ਹਾ ਹੈ ਸਗੋਂ ਇਸ ਨਾਲ ਕੈਪਟਨ ਦਾ ਵਿਕਾਸ ਤੇ ਪੰਜਾਬ ਵਿਰੋਧੀ ਚਿਹਰਾ ਬੇ ਨਕਾਬ ਹੋ ਗਿਆ ਹੈ। ਉਹਨਾਂ ਕਿਹਾ ਕਿ ਕੈਪਟਨ ਵੱਲੋਂ 33 ਹਜ਼ਾਰ ਲੋਕਾਂ ਨੂੰ ਨੌਕਰੀਆਂ ਅਤੇ 1 ਲੱਖ ਤੋਂ ਵੱਧ ਨੌਜਵਾਨਾਂ ਨੂੰ ਅਸਿੱਧੇ ਰੂਪ ਰੁਜ਼ਗਾਰ ਮਿਲਨ ਵਾਲੇ ਬਠਿੰਡਾ ਰਿਫੈਨਰੀ ਸੰਬੰਧੀ ਟਿੱਪਣੀ ਤੋਂ ਸਾਫ਼ ਜ਼ਾਹਿਰ ਹੈ ਕਿ ਉਹ ਰਿਲਾਇੰਸ ਕੰਪਨੀ ਦੇ ਇਸ਼ਾਰੇ ਅਤੇ ਰਹਿਮੋ ਕਰਮ ’ਤੇ ਚੱਲ ਰਿਹਾ ਹੈ।
ਸ: ਮਜੀਠੀਆ ਅੱਜ ਇੱਥੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸੰਗਰੂਰ ਦੀ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਕੀਤੀ ਗਈ ਮੀਟਿੰਗ ਜੋ ਕਿ ਵਿਸ਼ਾਲ ਇਤਿਹਾਸਕ ਰੈਲੀ ਦੇ ਰੂਪ ਵਿੱਚ ਤਬਦੀਲ ਹੋ ਗਈ ਸੀ ਨੂੰ ਸੰਬੋਧਨ ਕਰ ਰਹੇ ਸਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਰਾਜਕਾਲ ਦੌਰਾਨ ਰਾਜ ਵਿੱਚ ਕੋਈ ਵੀ ਵੱਡੀ ਇੰਡਸਟਰੀ ਨਹੀਂ ਲਗਨ ਦਿੱਤੀ। ਨਾ ਬਿਜਲੀ ਪੈਦਾ ਕਰਨ ਵਲ ਤੇ ਨਹੀਂ ਸੜਕਾਂ ਆਦਿ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੋਈ ਕੰਮ ਕੀਤਾ। ਨਾ ਹੀ ਕਿਸੇ ਨੌਜਵਾਨ ਨੂੰ ਕੋਈ ਨੌਕਰੀ ਦਿੱਤੀ। ਉਹਨਾਂ ਕਿਹਾ ਕਿ ਕੈਪਟਨ ਸਮੇਂ ਹੋਏ ਸਿਟੀ ਸੈਂਟਰ ਲੁਧਿਆਣਾ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਜ਼ਮੀਨ ਘੋਟਾਲੇ ਹਾਲੇ ਵੀ ਲੋਕ ਭੁੱਲੇ ਨਹੀਂ ਹਨ। ਜਦਕਿ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਯਤਨਾਂ ਸਦਕਾ ਦੇਸ਼ ਦੇ ਵੱਡੇ ਵੱਡੇ ਉਦਯੋਗਿਕ ਘਰਾਣੇ ਹੁਣ ਪੰਜਾਬ ਵਿੱਚ ਪ੍ਰੋਜੈਕਟ ਲਗਾਉਣ ਨੂੰ ਤਰਜ਼ੀਹ ਦੇ ਰਹੇ ਹਨ। ਉਹਨਾਂ ਦੱਸਿਆ ਕਿ ਵੱਖ ਵੱਖ ਵਿਭਾਗਾਂ ਵਿੱਚ 50 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਤੇ ਲਗਾਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਨੌਜਵਾਨ ਭਰਤੀ ਕੀਤੇ ਜਾਣਗੇ।
ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰ ਮਜੀਠੀਆ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਅਤੇ ਦੇਸ਼ ਨੂੰ ਅਨਾਜ ਦੀ ਪੈਦਾਵਾਰ ਵਿੱਚ ਆਤਮ ਨਿਰਭਰ ਬਣਾਉਣ ਵਾਲੇ ਪੰਜਾਬੀਆਂ ਨਾਲ ਕਾਂਗਰਸ ਪਾਰਟੀ ਨੇ ਹਮੇਸ਼ਾ ਧ੍ਰੋਹ ਕਮਾਇਆ ।
ਉਹਨਾਂ ਕੈਪਟਨ ਅਮਰਿੰਦਰ ਸਿੰਘ ਸਮੇਤ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਕੇਂਦਰ ਦੀ ਕਠਪੁਤਲੀਆਂ ਦੱਸਦਿਆਂ ਕਿਹਾ ਕਿ ਪੰਜਾਬ ਦੇ ਕਾਂਗਰਸੀ ਆਗੂ ਕੇਂਦਰ ਸਰਕਾਰ ਤੇ ਸੰਸਦ ਵਿੱਚ ਪੰਜਾਬ ਲਈ ਆਵਾਜ਼ ਉਠਾਉਣ, ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਪੰਜਾਬ ਦੀ ਕਿਸਾਨੀ ਤੇ ਸਨਅਤ ਨੂੰ ਬਚਾਉਣ ਦੀ ਗਲ ਕਰਨ।
ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਖੇਤੀ ਉਤਪਾਦਨ ਸੰਬੰਧੀ ਕਾਰਜ ਦਲ ਵੱਲੋਂ ਪ੍ਰਧਾਨ ਮੰਤਰੀ ਨੂੰ ਸੌਂਪੀ ਗਈ ਰਿਪੋਰਟ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਰਿਪੋਰਟ ਨਾਲ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਿਛਲੇ 40 ਸਾਲਾਂ ਤੋਂ ਕਿਸਾਨੀ ਨੂੰ ਬਚਾਉਣ ਲਈ ਦਿੱਤੀ ਜਾ ਰਹੀ ਉਸ ਦਲੀਲ ਨੂੰ ਹੋਰ ਬਲ ਮਿਲਿਆ ਹੈ ਜਿਸ ਵਿੱਚ ਸ: ਬਾਦਲ ਨੇ ਇਸ ਗਲ ਦੀ ਬਾ ਦਲੀਲ ਵਕਾਲਤ ਕੀਤੀ ਸੀ ਕਿ ਦੇਸ਼ ਵਿੱਚ ਹਰਾ-ਇਨਕਲਾਬ ਲਿਆਉਣ ਵਾਲੇ ਕਿਸਾਨੀ ਦੀਆਂ ਸਮੱਸਿਆਵਾਂ ਹੱਲ ਕੀਤੇ ਬਿਨਾਂ ਦੇਸ਼ ਦੀ ਤਰੱਕੀ ਸੰਭਵ ਨਹੀਂ ਹੈ। ਉਹਨਾਂ ਉਕਤ ਰਿਪੋਰਟ ਨੂੰ ਤੁਰੰਤ ਲਾਗੂ ਕਰਨ ਦੀ ਵੀ ਮੰਗ ਕੀਤੀ।
ਜਿੱਥੇ ਇਸ ਰੈਲੀ ਵਿੱਚ ਜ਼ਿਲ੍ਹੇ ਭਰ ਦੇ ਹਜ਼ਾਰਾਂ ਯੂਥ ਅਕਾਲੀ ਦਲ ਦੇ ਵਰਕਰ ਪੂਰੇ ਉਤਸ਼ਾਹ ਨਾਲ ਪੁੱਜੇ ਹੋਏ ਸਨ। ਉੱਥੇ ਸ: ਮਜੀਠੀਆ ਦਾ ਦਰਜਨਾਂ ਥਾਵਾਂ ’ਤੇ ਨੌਜਵਾਨ ਜਥਿਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਨੌਜਵਾਨਾਂ ਦੇ ਜੋਸ਼ ਵੇਖ ਕੇ ਪੂਰੀ ਤਰਾਂ ਖੁਸ਼ ਤੇ ਸੰਤੁਸ਼ਟ ਨਜ਼ਰ ਆ ਰਹੇ ਯੂਥ ਦੇ ਸਰਪ੍ਰਸਤ ਨੇ ਰੈਲੀ ਦੌਰਾਨ ਕਿਹਾ ਕਿ ਜਿੰਨਾ ਚਿਰ ਰਾਜਾਂ ਨੂੰ ਆਰਥਿਕ ਆਜ਼ਾਦੀ ਨਹੀਂ ਮਿਲਦੀ ਰਾਜਾਂ ਦਾ ਤੇਜੀ ਨਾਲ ਵਿਕਾਸ ਸੰਭਵ ਨਹੀਂ । ਉਹਨਾਂ ਕਿਹਾ ਕਿ ਕੇਂਦਰ ਦੀ ਯੂ.ਪੀ.ਏ ਸਰਕਾਰ ਅਤੇ ਕਾਂਗਰਸ ਆਗੂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਸਿਆਸੀ ਇੱਛਾ ਸ਼ਕਤੀ ਨਹੀਂ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀ ਕਮਜ਼ੋਰ ਲੀਡਰਸ਼ਿਪ ਕਾਰਨ ਹੀ ਦੇਸ਼ ਵਿੱਚ ਕੇਂਦਰੀ ਪੱਧਰ ’ਤੇ ਭ੍ਰਿਸ਼ਟਾਚਾਰ ਦੇ ਰਿਕਾਰਡ ਟੁੱਟ ਰਿਹਾ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਜਨਤਾ ਜਵਾਬਦੇਹੀ ਚਾਹੁੰਦੀ ਹੈ। ਕਾਂਗਰਸੀ ਆਗੂਆਂ ਦੀ ਸਾਜ਼ਿਸ਼ੀ ਭਰਪੂਰ ਖਾਮੋਸ਼ੀ ਤੋਂ ਸਾਫ਼ ਹੈ ਕਿ ਸਰਕਾਰ ਨਕਾਰਾ ਤੇ ਬੇਬਸ ਹੈ ਇਸ ਲਈ ਹੁਣ ਕਾਂਗਰਸ ਨੂੰ ਸਤਾ ਵਿੱਚ ਬਣੇ ਰਹਿਣ ਦਾ ਕੋਈ ਹੱਕ ਨਹੀਂ। ਉਹਨਾਂ ਕਿਹਾ ਕਿ 2 ਜੀ ਸਪੈਕਟਰਮ ਵਿੱਚ ਹੋਏ 1 ਲੱਖ 75 ਹਜ਼ਾਰ ਕਰੋੜ ਰੁਪਏ ਅਤੇ ਕਾਮਨਵੈਲਥ ਖੇਡਾਂ ਵਿੱਚ 85 ਹਜ਼ਾਰ ਕਰੋੜ ਰੁਪਏ ਦਾ ਘੁਟਾਲਿਆਂ ਦੀ ਰਕਮ ਨੂੰ ਪੰਜਾਬ ਲਈ ਰਾਹਤ ਪੈਕੇਜ ਦਿੱਤਾ ਗਿਆ ਹੁੰਦਾ ਤਾਂ ਪੰਜਾਬ ਦੇ ਲੋਕ ਹੋਰ ਵੀ ਖੁਸ਼ਹਾਲ ਹੋ ਸਕਦੇ ਸਨ।
ਉਹਨਾਂ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਨੂੰ ਦੋਹਰੇ ਚਰਿੱਤਰ ਦਾ ਮਾਲਕ ਦੱਸਦਿਆਂ ਕਿਹਾ ਕਿ ਇੱਕ ਪਾਸੇ ਲੋਕਾਂ ਨੂੰ ਦਿੱਤਿਆਂ ਜਾ ਰਹੀਆਂ ਸਹੂਲਤਾਂ ਵਾਪਸ ਲੈਣ ਅਤੇ ਸਾਦਗੀ ਦਾ ਪਾਠ ਪੜਾਉਣ ਵਾਲੇ ਦਾ ਖੁਦ ਕਿੰਨੂੰਆਂ ’ਤੇ 19 ਲੱਖ ਰੁਪੈ ਦੀ ਸਬਸਿਡੀ ਅਤੇ ਸਿਕਿਉਰਿਟੀ ’ਤੇ ਕਰੋੜਾਂ ਦਾ ਸਰਕਾਰੀ ਖ਼ਜ਼ਾਨੇ ’ਤੇ ਭਾਰ ਪਾਏ ਹੋਣ ਦਾ ਖੁਲਾਸਾ ਹੋ ਚੁੱਕਿਆ ਹੈ।
ਉਹਨਾਂ ਜ਼ਿਲ੍ਹਾ ਸੰਗਰੂਰ ਦੇ ਵਿਕਾਸ ਲਈ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਅਤੇ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਲਾਹਨਾ ਕੀਤੀ। ਉਹਨਾਂ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੇ ਵਿਕਾਸ ਲਈ ਸੜਕਾਂ ਉੱਤੇ 6669 ਕਰੋੜ , ਰੇਲਵੇ ਬਰਿਜਾਂ ਉੱਤੇ 806 ਕਰੋੜ ਰੁਪੇੈ ਤੋਂ ਇਲਾਵਾ ਹੋਰ ਕਰੋੜਾਂ ਵਿਕਾਸ ਕੰਮਾਂ ਲਈ ਖਰਚੇ ਜਾ ਚੁੱਕੇ ਹਨ।
ਮੌਕੇ ਸ: ਮਜੀਠੀਆ ਨੇ ਯੂਥ ਅਕਾਲੀ ਦਲ ਨੂੰ ਸਿਆਸੀ ਖੇਤਰ ਵਿੱਚ ਇਤਿਹਾਸਕ ਬੁ¦ਦੀਆਂ ’ਤੇ ਪਹੁੰਚਾਉਣ ਲਈ ਪਾਰਟੀ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸਰਕਾਰ ਵਿੱਚ ਜਿਨ ਵੱਡੀ ਪੱਧਰ ’ਤੇ ਸ: ਸੁਖਬੀਰ ਸਿੰਘ ਬਾਦਲ ਨੇ ਨੌਜਵਾਨਾਂ ਨੂੰ ਨੁਮਾਇੰਦਗੀ ਦਿੱਤੀ ਉਹ ਇਤਿਹਾਸ ’ਚ ਪਹਿਲਾਂ ਕਦੀ ਨਹੀਂ ਵੇਖੀ ਗਈ। ਉਹਨਾਂ ਕਿਹਾ ਕਿ ਯੂਥ ਨੇ ਵਿਧਾਨ ਸਭਾ, ਲੋਕ ਸਭਾ , ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਤੇ ਮਿਊਨੀਸਪਲ ਕਾਰਪੋਰੇਸ਼ਨ ਅਤੇ ਕਮੇਟੀ ਚੋਣਾਂ ਦੌਰਾਨ ਪਾਰਟੀ ਦੀ ਜਿੱਤ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਹਨਾਂ ਦੱਸਿਆ ਕਿ ਯੂਥ ਅਕਾਲੀ ਦਲ ਆਉਣ ਵਾਲੇ ਸਮੇਂ ਵਿੱਚ ਵੀ ਅਹਿਮ ਰੋਲ ਅਦਾ ਕਰੇਗਾ। ਉਹਨਾਂ ਯੂਥ ਅਕਾਲੀ ਦਲ ਦੇ ਸਮਾਜਿਕ ਏਜੰਡੇ ਦੀ ਗਲ ਕਰਦਿਆਂ ਕਿਹਾ ਕਿ ਯੂਥ ਦਲ ਹੁਣ ਸਿਆਸਤ ਦੇ ਨਾਲ ਨਾਲ ਸਮਾਜਿਕ ਖੇਤਰ ਵਿੱਚ ਵੀ ਅੱਗੇ ਹੋਕੇ ਕੰਮ ਕਰਦਿਆਂ ਸਮਾਜਿਕ ਬੁਰਾਈਆਂ ਵਿਰੁੱਧ ਇੱਕ ਨਵਾਂ ਜਹਾਦ ਛੇੜੇਗਾ । ਉਹਨਾਂ ਕਿਹਾ ਕਿ ਯੂਥ ਦਾ ਹਰ ਵਰਕਰ ਇੱਕ ਰੁੱਖ ਜ਼ਰੂਰ ਲਾਏਗਾ, 5 ਲੋੜਵੰਦ ਬਚਿਆਂ ਨੂੰ ਸਿੱਖਿਆ ਪ੍ਰਦਾਨ ਕਰੇਗਾ, ਦਾਜ, ਭਰੂਣ ਹੱਤਿਆ ਅਤੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਦਿਆਂ ਨੌਜਵਾਨ ਵਰਗ ਨੂੰ ਖੇਡਾਂ , ਖ਼ੂਨਦਾਨ ਤੇ ਮੈਡੀਕਲ ਕੈਪ ਲਾਉਣ ਵਲ ਵਿਸ਼ੇਸ਼ ਤਵੱਜੋ ਦੇਵੇਗਾ।
ਇਸ ਮੌਕੇ ਯੂਥ ਅਕਾਲੀ ਦਲ ਦੇ ਨੌਜਵਾਨ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਪਿੰਡ ਪਿੰਡ ਅਤੇ ਵਾਰਡ ਪੱਧਰ ਤੇ ਆਪਣੀਆਂ ਇਕਾਈਆਂ ਕਾਇਮ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨ। ਇਸ ਮੌਕੇ ਬੋਲਦੇ ਹੋਏ ਸ: ਪ੍ਰਮਿੰਦਰ ਸਿੰਘ ਢੀਂਡਸਾ ਨੇ ਸ: ਮਜੀਠੀਆ ਦੇਉਦਮਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਹਰ ਤਰਾਂ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਪ੍ਰਕਾਸ਼ ਚੰਦ ਗਰਗ, ਸ: ਗੋਬਿੰਦ ਸਿੰਘ ਲੌਗੋਵਾਲ, ਰਣਜੀਤ ਸਿੰਘ ਬਾਲੀਆ, ਗੁਰਬਚਨ ਸਿੰਘ ਬਚੀ, ਗਿਆਨੀ ਰਘਬੀਰ ਸਿੰਘ ਜਖੇਪਲ, ਇਜਹਾਰ ਆਲਮ, ਇਕਬਾਲ ਝੂਦਾ, ਸ: ਰਜਿੰਦਰ ਸਿੰਘ ਕਾਂਝਲਾ, ਹਰਵਿੰਦਰਪਾਲ ਸਿੰਘ ਚੰਦੂਮਾਜਰਾ, ਵਿਨਰਜੀਤ ਸਿੰਘ ਗੋਲਡੀ, ਖੁਸ਼ਪਾਲ ਸਿੰਘ ਵੀਰਕਲਾਂ, ਹਰਦੀਪ ਸਿੰਘ ਖਟੜਾ, ਗੁਰਦੀਪ ਸਿੰਘ ਕੋਟਰਾ, ਨਦੀਮ ਅਨਵਰ ਖਾਨ, ਰਣਧੀਰ ਸਿੰਘ , ਅਮਰਜੀਤ ਸਿੰਘ ਬਡਰੁਖਾਂ ਆਦਿ ਨੇਵੀ ਸੰਬੋਧਨ ਕੀਤਾ ।