ਨਵੀਂ ਦਿੱਲੀ – ਕਾਂਗਰਸ ਦੀ ਮੁੱਖ ਸਕੱਤਰ ਪ੍ਰਿਅੰਕਾ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਖਿਰ ਕਿਸ ਆਧਾਰ ਤੇ ਜੰਮੂ-ਕਸ਼ਮੀਰ ਵਿੱਚ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਕਾਂਗਰਸ ਦੀ ਪ੍ਰਦੇਸ਼ ਇਕਾਈ ਨੂੰ ਪੱਤਰਕਾਰ ਸੰਮੇਲਨ ਵਿੱਚ ਸੰਬੋਧਨ ਕਰਨ ਤੋਂ ਰੋਕੇ ਜਾਣ ਦੇ ਬਾਅਦ ਪ੍ਰਿਅੰਕਾ ਗਾਂਧੀ ਨੇ ਮੋਦੀ ਸਰਕਾਰ ਨੂੰ ਪੁੱਛਿਆ ਕਿ ਕੀ ਮੀਡੀਆ ਨਾਲ ਗੱਲ ਕਰਨਾ ਗੁਨਾਹ ਹੈ। ਪੁਲੀਸ ਨੇ ਪਾਰਟੀ ਦੇ ਬੁਲਾਰੇ ਰਵੀਂਦਰ ਸ਼ਰਮਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਜੰਮੂ-ਕਸ਼ਮੀਰ ਦੇ ਇਸ ਦੇ ਪ੍ਰਧਾਨ ਗੁਲਾਮ ਅਹਿਮਦ ਮੀਰ ਨੂੰ ਵੀ ਨਜ਼ਰਬੰਦ ਕੀਤਾ ਹੈ।
ਪ੍ਰਿਅੰਕਾ ਨੇ ਟਵੀਟ ਤੇ ਲਿਿਖਆ ਹੈ, ‘ਕਿਸ ਆਧਾਰ ਤੇ ਜੰਮੂ-ਕਸ਼ਮੀਰ ਵਿੱਚ ਕਾਂਗਰਸ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ? ਜੰਮੂ-ਕਸ਼ਮੀਰ ਦੇ ਸਾਬਕਾ ਮੁੱਖਮੰਤਰੀ, ਜੋ ਦੇਸ਼ ਦੇ ਸੰਵਿਧਾਨ ਦਾ ਸਨਮਾਨ ਅਤੇ ਉਸ ਦਾ ਪਾਲਣ ਕਰਦੇ ਹਨ, ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਨੂੰ 15 ਦਿਨ ਹੋ ਗਏ ਹਨ।’ ਉਨ੍ਹਾਂ ਦੇ ਪ੍ਰੀਵਾਰ ਵਾਲਿਆਂ ਨੂੰ ਵੀ ਉਨ੍ਹਾਂ ਨਾਲ ਗੱਲ ਕਰਨ ਦੀ ਇਜ਼ਾਜ਼ਤ ਨਹੀਂ ਹੈ। ਕੀ ਮੋਦੀ-ਸ਼ਾਹ ਸਰਕਾਰ ਮੰਨਦੀ ਹੈ ਕਿ ਦੇਸ਼ ਵਿੱਚ ਅਜੇ ਵੀ ਲੋਕਤੰਤਰ ਹੈ?
ਇਸ ਤੋਂ ਪਹਿਲਾਂ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਵੀ ਗੁਲਾਮ ਅਹਿਮਦ ਮੀਰ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਸਖਤ ਆਲੋਚਨਾ ਕਰਦੇ ਹੋਏ ਇਸ ਨੂੰ ‘ਬਿਲਕੁਲ ਗੈਰਕਾਨੂੰਨੀ’ ਕਰਾਰ ਦਿੱਤਾ ਹੈ। ਉਨ੍ਹਾਂ ਨੇ ਵੀ ਟਵੀਟ ਕੀਤਾ ਹੈ, ‘ਹਿਰਾਸਤ ਵਿੱਚ ਲੈਣ ਦਾ ਕੋਈ ਲਿਖਤੀ ਆਦੇਸ਼ ਨਹੀਂ ਸੀ। ਬਿਲਕੁਲ ਗੈਰ ਕਾਨੂੰਨੀ ਹੈ’ …. ਮੈਂ ਉਮੀਦ ਕਰਦਾ ਹਾਂ ਕਿ ਅਦਾਲਤਾਂ ਕਦਮ ਉਠਾਉਣਗੀਆਂ ਅਤੇ ਨਾਗਰਿਕਾਂ ਦੀ ਆਜ਼ਾਦੀ ਦੀ ਸੁਰੱਖਿਆ ਕਰਨਗੀਆਂ।’