ਲੰਡਨ, (ਮਨਦੀਪ ਖੁਰਮੀ) – ਪ੍ਰਗਤੀਸ਼ੀਲ ਲਿਖਾਰੀ ਸਭਾ ਵੁਲਵਰਹੈਂਪਟਨ ਵੱਲੋਂ ਵਿਸ਼ੇਸ਼ ਸਾਹਿਤ ਇਕੱਤਰਤਾ ਪ੍ਰਧਾਨ ਡਾ. ਰਤਨ ਰੀਹਲ ਦੀ ਅਗਵਾਈ ਹੇਠ ਕੀਤੀ ਗਈ। ਜਿਸ ਵਿੱਚ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਫਿਲਮ ਅਦਾਕਾਰ ਚਰਨਜੀਤ ਸੰਧੂ ਨੇ ਵੀ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਰਤਨ ਰੀਹਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਹਾਜਰੀਨ ਨਾਲ ਸਭਾ ਵੱਲੋਂ ਕੀਤੇ ਜਾਂਦੇ ਕਾਰਜਾਂ ਦੀ ਜਾਣ ਪਛਾਣ ਕਰਵਾਈ। ਇਸ ਸਮੇਂ ਸਾਹਿਤ, ਸੱਭਿਆਚਾਰ ਤੇ ਖੇਡ ਜਗਤ ਦੀ ਪ੍ਰਫੁੱਲਤਾ ਵਿੱਚ ਸਰਗਰਮ ਸਖ਼ਸ਼ ਅਨਿਲ ਸ਼ਰਮਾ ਇਟਲੀ ਦਾ ਮੈਡਲ ਨਾਲ ਸਨਮਾਨ ਕੀਤਾ ਗਿਆ। ਸਕੱਤਰ ਭੁਪਿੰਦਰ ਸਿੰਘ ਸੱਗੂ, ਖਜਾਨਚੀ ਮਹਿੰਦਰ ਸਿੰਘ ਦਿਲਬਰ, ਸਟੇਜ ਸਕੱਤਰ ਨਿਰਮਲ ਸਿੰਘ ਕੰਧਾਲਵੀ, ਨਛੱਤਰ ਸਿੰਘ ਭੋਗਲ ਨੇ ਆਪਣੇ ਸੰਬੋਧਨ ਦੌਰਾਨ ਅਨਿਲ ਸ਼ਰਮਾ ਦੇ ਨਿਸ਼ਕਾਮ ਕਾਰਜਾਂ ਦੀ ਸ਼ਲਾਘਾ ਕਰਦਿਆਂ ਹਰ ਇੱਕ ਨੂੰ ਆਪਣੇ ਹਿੱਸੇ ਦਾ ਯੋਗਦਾਨ ਆਪਣੇ ਮਨਭਾਉਂਦੇ ਖੇਤਰ ਵਿੱਚ ਪਾਉਂਦੇ ਰਹਿਣ ਦੀ ਅਪੀਲ ਕੀਤੀ ਤਾਂ ਕਿ ਸਮਾਜ ਦੀ ਝੋਲੀ ਕੁਝ ਨਰੋਏ ਵਿਚਾਰ ਜਾਂ ਕਾਰਜ ਪਾਏ ਜਾ ਸਕਣ। ਸਨਮਾਨ ਉਪਰੰਤ ਅਨਿਲ ਸ਼ਰਮਾ ਨੇ ਪ੍ਰਗਤੀਸ਼ੀਲ ਲਿਖਾਰੀ ਸਭਾ ਵੁਲਵਰਹੈਂਪਟਨ ਦੇ ਸਮੂਹ ਅਹੁਦੇਦਾਰਾਂ ਤੇ ਹਾਜਰੀਨ ਦਾ ਧੰਨਵਾਦ ਕਰਦਿਆਂ ਅੱਗੇ ਤੋਂ ਹੋਰ ਵਧੇਰੇ ਊਰਜਾ ਨਾਲ ਕਾਰਜ ਕਰਦੇ ਰਹਿਣ ਦਾ ਵਾਅਦਾ ਦੁਹਰਾਇਆ।