ਪ੍ਰਵਾਸੀ ਭਾਰਤੀ ਕਿਸਾਨ ਪੁਰਸਕਾਰ ਦਾਨੀ ਵੱਲੋਂ ਹੋਰ ਸਹਾਇਤਾ ਦੇਣ ਦਾ ਫੈਸਲਾ


ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨਾਲ ਅੱਜ ਇਕ ਮੁਲਾਕਾਤ ਦੌਰਾਨ ਆਸਟ੍ਰੇਲੀਆ ਵਸਦੇ ਉਘੇ ਕਾਰੋਬਾਰੀ ਅਤੇ ਯੂਨੀਵਰਸਿਟੀ ਦੇ ਪੁਰਾਣੇ ਅਧਿਆਪਕ ਡਾ. ਮਨਿੰਦਰਜੀਤ ਸਿੰਘ ਸੰਧਾ ਨੇ ਕਿਹਾ ਹੈ ਕਿ ਕੁਝ ਵਰ੍ਹੇ ਪਹਿਲਾਂ ਉਨ੍ਹਾਂ ਵੱਲੋਂ ਅਗਾਂਹ ਵਧੂ ਕਿਸਾਨਾਂ ਲਈ ਸਥਾਪਤ ਕੀਤਾ ਗਿਆ ਪੁਰਸਕਾਰ ਉਨ੍ਹਾਂ ਨੂੰ ਛੋਟਾ ਲਗਦਾ ਹੈ ਕਿਉਂਕਿ ਉਨ੍ਹਾਂ ਵੱਲੋਂ ਦਿੱਤੀ ਰਕਮ ਨਾਲ ਸਿਰਫ਼ 8000/- ਰੁਪਏ ਦਾ ਪੁਰਸਕਾਰ ਹੀ ਦਿੱਤਾ ਜਾਂਦਾ ਹੈ । ਹੁਣ ਉਹ ਕੁਝ ਹੋਰ ਧਨ ਰਾਸ਼ੀ ਭੇਜਣਗੇ ਜਿਸ ਨਾਲ ਪੁਰਸਕਾਰ ਹਰ ਵਰ੍ਹੇ 11,000/- ਰੁਪਏ ਰਾਸ਼ੀ ਦਾ ਕੀਤਾ ਜਾਵੇਗਾ । ਡਾ. ਸੰਧਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਪੁਰਸਕਾਰ ਸਥਾਪਤ ਕਰਨ ਦੀ ਪ੍ਰੇਰਨਾ ਸੀਨੀਅਰ ਅਧਿਆਪਕਾਂ ਡਾ. ਹਰੀ ਸਿੰਘ ਬਰਾੜ ਅਤੇ ਡਾ. ਗੁਰਕਿਰਪਾਲ ਸਿੰਘ ਜੀ ਨੇ ਦਿੱਤੀ ਸੀ । ਇਸ ਦਾ ਮਹੱਤਵ ਕਿੰਨਾ ਹੈ ਉਹ ਇਸ ਨੂੰ ਅ¤ਜ ਮਹਿਸੂਸ ਕਰਦੇ ਹਨ ।
ਡਾ. ਸੰਧਾ ਨੇ ਵਾਈਸ ਚਾਂਸਲਰ ਡਾ. ਕੰਗ ਨੂੰ ਅਪੀਲ ਕੀਤੀ ਕਿ ਉਹ ਇਸ ਯੂਨੀਵਰਸਿਟੀ ਦੇ ਵਿਦੇਸ਼ਾਂ ਵਿੱਚ ਵਸਦੇ ਹਜ਼ਾਰਾਂ ਪੁਰਾਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਭਾਵਨਾ ਦਾ ਸਨਮਾਨ ਕਰਦੇ ਹੋਏ ਹਰ ਸਾਲ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਇਕ ਅਜਿਹਾ ਸਮਾਗਮ ਰੱਖਿਆ ਕਰਨ ਜਿਸ ਨਾਲ ਨਵੇਂ ਪੁਰਾਣੇ ਵਿਦਿਆਰਥੀਆਂ ਦਾ ਜੋੜ ਮੇਲਾ ਇਸ ਯੂਨੀਵਰਸਿਟੀ ਦੇ ਵਿਕਾਸ ਲਈ ਸਹਾਈ ਹੋ ਸਕੇ । ਉਨ੍ਹਾਂ ਆਖਿਆ ਕਿ ਬਹੁਤ ਸਾਰੇ ਪੁਰਾਣੇ ਅਧਿਆਪਕ ਅਤੇ ਵਿਦਿਆਰਥੀ ਵੱਖ ਵੱਖ ਖੋਜ ਪ੍ਰਾਜੈਕਟਾਂ ਅਤੇ ਸਰਗਰਮੀਆਂ ਲਈ ਆਪਣੀ ਕਮਾਈ ਵਿਚੋਂ ਹਿੱਸਾ ਪਾਉਣਾ ਚਾਹੁੰਦੇ ਹਨ ਪਰ ਕੋਈ ਇਕ ਪਲੇਟਫਾਰਮ ਨਾ ਹੋਣ ਕਾਰਨ ਅਜਿਹਾ ਸੰਭਵ ਨਹੀਂ ਹੁੰਦਾ । ਉਨ੍ਹਾਂ ਅਪੀਲ ਕੀਤੀ ਕਿ ਯੂਨੀਵਰਸਿਟੀ ਦੀ ਨੌਕਰੀ ਛੱਡ ਕੇ ਜਾ ਚੁੱਕੇ ਕਈ ਅਧਿਆਪਕ ਆਪਣੇ ਬਕਾਏ ਯੂਨੀਵਰਸਿਟੀ ਨੂੰ ਛੱਡਣ ਲਈ ਤਿਆਰ ਹਨ ਪਰ ਇਸ ਕਾਰਜ ਲਈ ਸਾਂਝੀ ਕੋਸ਼ਿਸ਼ ਦੀ ਲੋੜ ਹੈ । ਡਾ. ਸੰਧਾ ਨੇ ਆਖਿਆ ਕਿ ਉਹ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਤੋਂ ਇਲਾਵਾ ਕੁਝ ਹੋਰ ਥਾਵਾਂ ਤੇ ਸਿੱਖਿਆ ਅਤੇ ਰੀਅਲ ਅਸਟੇਟ ਦੇ ਖੇਤਰ ਵਿੱਚ ਜੋ ਪ੍ਰਾਜੈਕਟ ਚਲਾ ਰਹੇ ਹਨ ਉਨ੍ਹਾਂ ਵਿਚੋਂ ਸਿੱਖਿਆ ਅਦਾਰਾ ਆਸਟ੍ਰੇਲੀਅਨ ਅਕੈਡਮੀ ਆਫ਼ ਮੈਨੇਜਮੈਂਟ ਐਂਡ ਸਾਇੰਸ ਵੱਲੋਂ ਬਜ਼ੁਰਗਾਂ ਦੀ ਬੁਢਾਪੇ ਵਿੱਚ ਸੇਵਾ ਸੰਬੰਧੀ ਕੋਰਸ ਲਈ ਉਹ ਇਸ ਯੂਨੀਵਰਸਿਟੀ ਨਾਲ ਵੀ ਸਹਿਯੋਗ ਕਰਨਾ ਚਾਹੁੰਦੇ ਹਨ ਕਿਉਂਕਿ ਦਿਨੋ ਦਿਨ ਵਧ ਰਹੀ ਵਪਾਰਕ ਬਿਰਤੀ ਕਾਰਨ ਭਾਰਤ ਵਿੱਚ ਵੀ ਬੁਢਾਪਾ ਰੁਲ ਰਿਹਾ ਹੈ ਅਤੇ ਇਸ ਨੂੰ ਨੌਜਵਾਨ ਰੁਜ਼ਗਾਰ ਵਾਂਗ ਵੀ ਵੇਖ ਸਕਦੇ ਹਨ । ਉਨ੍ਹਾਂ ਡਾ. ਕੰਗ ਨੂੰ ਸੱਦਾ ਪੱਤਰ ਦਿੱਤਾ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਨੂੰ ਇਸ ਮਹਾਨ ਸੰਸਥਾ ਨਾਲ ਜੋੜਨ ਲਈ ਅਪ੍ਰੈਲ ਮਹੀਨੇ ਵਿਸਾਖੀ ਨੇੜੇ ਆਸਟ੍ਰੇਲੀਆ ਆਉਣ ਤਾਂ ਜੋ ਸਾਂਝ ਦਾ ਆਧਾਰ ਮਜ਼ਬੂਤ ਹੋ ਸਕੇ ।
ਡਾ. ਕੰਗ ਨੇ ਇਸ ਮੌਕੇ ਡਾ. ਮਨਿੰਦਰਜੀਤ ਸਿੰਘ ਸੰਧਾ ਨੂੰ ਕਈ ਵਰ੍ਹੇ ਪਹਿਲਾਂ ਪ੍ਰਵਾਸੀ ਭਾਰਤੀ ਪੁਰਸਕਾਰ ਸਥਾਪਤ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਆਪਣੀ ਕਮਾਈ ਵਿਚੋਂ ਵੱਡਾ ਹਿੱਸਾ ਇਸ ਪੁਰਸਕਾਰ ਲਈ  ਦਾਨ ਕਰਨਾ ਮਿਸਾਲ ਹੈ ਅਤੇ ਹੁਣ ਇਸ ਵਿੱਚ ਹੋਰ ਰਾਸ਼ੀ ਜਮ੍ਹਾ ਕਰਨਾ ਹੋਰ ਵੀ ਚੰਗੀ ਗੱਲ ਹੈ ।  ਡਾ. ਕੰਗ ਨੇ ਆਖਿਆ ਕਿ ਪੁਰਾਣੇ ਵਿਦਿਆਰਥੀਆਂ ਦੀਆਂ ਅਮਰੀਕਾ ਅਤੇ ਕੈਨੇਡਾ ਵਿੱਚ ਕੰਮ ਕਰਦੀਆਂ ਜੱਥੇਬੰਦੀਆਂ ਦੇ ਆਗੂਆਂ ਨੇ ਵੀ ਉਨ੍ਹਾਂ ਨੂੰ ਸੱਦਾ ਪੱਤਰ ਦਿੱਤਾ ਹੈ । ਉਹ ਯਤਨ ਕਰਨਗੇ ਕਿ ਅਪ੍ਰੈਲ ਮਹੀਨੇ ਆਸਟ੍ਰੇਲੀਆ ਵਾਸਤੇ ਪੁਰਾਣੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਲਈ ਉਥੇ ਜਾਣ । ਉਨ੍ਹਾਂ ਡਾ. ਸੰਧਾ ਵੱਲੋਂ ਦਿੱਤੇ ਸੁਝਾਅ ਦਾ ਸਵਾਗਤ ਕਰਦਿਆਂ ਆਖਿਆ ਕਿ ਜਨਵਰੀ ਮਹੀਨੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਦਾ ਪ੍ਰਬੰਧ ਕੀਤਾ ਜਾਵੇਗਾ । ਇਹ ਵਿਸ਼ਵ ਪੱਧਰ ਤੇ ਯੂਨੀਵਰਸਿਟੀ ਦੀ ਸਾਖ ਹੋਰ ਉਚੀ ਕਰਨ ਲਈ ਮਦਦ ਮਿਲੇਗੀ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਾਜ ਕੁਮਾਰ ਮਹੇ, ਅਸਟੇਟ ਅਫ਼ਸਰ ਡਾ. ਗੁਰਕਿਰਪਾਲ ਸਿੰਘ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਪ੍ਰਿਤਪਾਲ ਸਿੰਘ ਲੁਬਾਣਾ ਅਤੇ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਦੇ ਅਪਰ ਨਿਰਦੇਸ਼ਕ ਡਾ. ਜਗਤਾਰ ਸਿੰਘ ਧੀਮਾਨ ਵੀ ਹਾਜ਼ਰ ਸਨ ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>