ਅੰਮ੍ਰਿਤਸਰ:- ‘ਦਸਤਾਰ ਸਿੱਖ ਦੀ ਸ਼ਾਨ ਹੈ’ ਅਤੇ ਅਮਰੀਕਾ ’ਚ ਸੁਰੱਖਿਆ ਦੀ ਆੜ ’ਚ ਦਸਤਾਰ ਦੀ ਤਲਾਸ਼ੀ ਲਈ ਬਣਾਏ ਨਿਯਮਾਂ ਪ੍ਰਤੀ ਸਿੱਖਾਂ ’ਚ ਭਾਰੀ ਰੋਸ ਤੇ ਗੁੱਸਾ ਹੈ। ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਯੂ:ਐ¤ਸ:ਏ. ਦੀ ਸਰਕਾਰ ਨੂੰ ਸਿੱਖ ਜਜਬਾਤਾਂ ਤੋਂ ਜਾਣੂੰ ਕਰਾਉਣ ਲਈ 23 ਦਸੰਬਰ ਨੂੰ ਸਵੇਰੇ 11 ਵਜੇ ਦਿੱਲੀ ਸਥਿਤ ਅਮਰੀਕਨ ਅੰਬੈਸੀ ਸਾਹਮਣੇ ਸ਼ਾਂਤਮਈ ਧਰਨਾ ਦਿੱਤੇ ਜਾਣ ਲਈ ਰਣਨੀਤੀ ਤਿਆਰ ਕਰਨ ਲਈ ਵੱਖ-ਵੱਖ ਜ਼ਿਲਿਆਂ ’ਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਸੰਪਰਕ ਮੁਹਿੰਮ ਜਾਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅੱਜ ਸਥਾਨਕ ਗੁਰੂ ਨਾਨਕ ਨਿਵਾਸ ਮੀਟਿੰਗ ਹਾਲ ’ਚ ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲਿਆਂ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗ ਉਪਰੰਤ ਪ੍ਰੈਸ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਦੱਸਿਆ ਕਿ ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵਲੋਂ ਸੰਗਤਾਂ ਨੂੰ ਦਿੱਲੀ ਲੈ ਕੇ ਜਾਣ ਅਤੇ ਰਸਤੇ ਵਿਚ ਰਿਹਾਇਸ਼ ਦੇ ਪ੍ਰਬੰਧ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 23 ਦਸੰਬਰ ਨੂੰ ਸਵੇਰੇ 11 ਵਜੇ ਗੁਰਦੁਆਰਾ ਰਕਾਬ ਗੰਜ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਦੀ ਅਗਵਾਈ ’ਚ ਹੱਥਾਂ ’ਚ ‘ਦਸਤਾਰ ਸਿੱਖੀ ਦੀ ਸ਼ਾਨ ਹੈ’ ਦੇ ਬੈਨਰ ਲੈ ਕੇ ਅਮਰੀਕਨ ਅੰਬੈਸੀ ਵੱਲ ਮਾਰਚ ਕਰਨਗੀਆਂ। ਦੂਤਾਵਾਸ ਅੱਗੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ 2 ਘੰਟੇ ਧਰਨਾ ਦੇਣ ਉਪਰੰਤ ਅਮਰੀਕੀ ਰਾਜਦੂਤ ਨੂੰ ਦਸਤਾਰ ਦੀ ਮਹੱਤਤਾ ਤੋਂ ਜਾਣੂੰ ਕਰਾਉਣ ਅਤੇ ਦਸਤਾਰ ਦੀ ਤਲਾਸ਼ੀ ਲਏ ਜਾਣਾ ਬੰਦ ਕਰਨ ਸਬੰਧੀ ਮੰਗ ਪੱਤਰ ਦਿੱਤਾ ਜਾਵੇਗਾ।
ਜਥੇ: ਅਵਤਾਰ ਸਿੰਘ ਨੇ ਭਾਰਤ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਜਦ ਕਿ ਅਜਿਹੇ ਮਸਲੇ ਸਰਕਾਰਾਂ ਦੇ ਪੱਧਰ ’ਤੇ ਹੀ ਸੁਲਝਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਸਿੱਖਾਂ ਨੇ ਦੇਸ਼ ਨੂੰ ਅਜ਼ਾਦ ਕਰਾਉਣ, ਸਰਹੱਦਾਂ ਤੇ ਰਾਖੀ ਅਤੇ ਅੰਨ ਦੇ ਭੰਡਾਰ ਪੈਦਾ ਕਰਕੇ ਦੇਸ਼ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦਾ ਵੱਡਾ ਯੋਗਦਾਨ ਹੈ ਪਰ ਆਏ ਦਿਨ ਦੇਸ਼ ਦੇ ਕਿਸੇ ਸੂਬੇ ਜਾਂ ਵਿਦੇਸ਼ਾਂ ’ਚ ਸਿੱਖਾਂ ਨੂੰ ਉਨ੍ਹਾਂ ਦੇ ਕਕਾਰਾਂ ਕ੍ਰਿਪਾਨ, ਕੜਾ ਜਾਂ ਦਸਤਾਰ ਆਦਿ ਨਾਲ ਛੇੜ-ਛਾੜ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਸਤਾਰ ਸਿੱਖਾਂ ਦੀ ਆਨ ਸ਼ਾਨ, ਗੈਰਤ ਤੇ ਸਵੈਮਾਨ ਦੀ ਪ੍ਰਤੀਕ ਹੈ ਜਿਸ ਨਾਲ ਛੇੜ-ਛਾੜ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਨ ਸ. ਰਜਿੰਦਰ ਸਿੰਘ ਮਹਿਤਾ, ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਕਸ਼ਮੀਰ ਸਿੰਘ ਬਰਿਆਰ, ਸ. ਨਿਰਮਲ ਸਿੰਘ ਨੁਸ਼ਹਿਰਾ ਢਾਲਾ, ਸ. ਹਰਦਿਆਲ ਸਿੰਘ ਸੁਰਸਿੰਘ, ਸ. ਸੁਖਵਿੰਦਰ ਸਿੰਘ ਝਬਾਲ, ਸ. ਅਮਰੀਕ ਸਿੰਘ ਵਿਛੋਆ, ਸ. ਅਮਰੀਕ ਸਿੰਘ ਸ਼ਾਹਪੁਰ ਗੋਰਾਇਆ, ਸ. ਗੁਰਵਿੰਦਰਪਾਲ ਸਿੰਘ ਰਈਆ, ਬੀਬੀ ਹਰਬੰਸ ਕੌਰ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਜਸਵਿੰਦਰ ਸਿੰਘ ਐਡਵੋਕੇਟ, ਸ. ਜਗੀਰ ਸਿੰਘ ਵਰਪਾਲ, ਸ. ਬਲਜੀਤ ਸਿੰਘ ਜਲਾਲਉਸਮਾ, ਸ. ਸਵਿੰਦਰ ਸਿੰਘ ਦੋਬਲੀਆ, ਸ. ਗੁਰਿੰਦਰਪਾਲ ਸਿੰਘ ਕਾਦੀਆਂ, ਸ. ਅਲਵਿੰਦਰਪਾਲ ਸਿੰਘ ਪੱਖੋਕੇ, ਬੀਬੀ ਮਨਜੀਤ ਕੌਰ ਅਲਾਵਲਪੁਰ, ਸ. ਗੋਪਾਲ ਸਿੰਘ ਜਾਣੀਆਂ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖਟੜਾ, ਐਡੀ: ਸਕੱਤਰ ਸ. ਰੂਪ ਸਿੰਘ, ਮੀਤ ਸਕੱਤਰ ਸ. ਮਨਜੀਤ ਸਿੰਘ ਤੇ ਸ. ਰਾਮ ਸਿੰਘ, ਸੁਪ੍ਰਿੰਟੈਂਡੈਂਟ ਸ. ਹਰਮਿੰਦਰ ਸਿੰਘ ਮੂਧਲ ਆਦਿ ਮੌਜੂਦ ਸਨ।
ਅਮਰੀਕਾ ’ਚ ਸੁਰੱਖਿਆ ਨਿਯਮਾਂ ਵਿਰੁੱਧ ਸ਼ਾਂਤਮਈ ਧਰਨੇ ਲਈ ਤਿਆਰੀਆਂ ਜ਼ੋਰਾਂ ’ਤੇ – ਜਥੇ: ਅਵਤਾਰ ਸਿੰਘ
This entry was posted in ਪੰਜਾਬ.