ਮਹਿਤਾ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਯੋਗ ਅਗੁਵਾਈ ’ਚ ਦਮਦਮੀ ਟਕਸਾਲ ਦੇ ਮੌਜੂਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ ਅਰਧ ਸਤਾਬਦੀ ( 50 ਸਾਲ ਪੂਰੇ ਹੋਣ ’ਤੇ) ਬਹੁਤ ਵੱਡੀ ਪੱਧਰ ’ਤੇ ਮਨਾਈ ਜਾ ਰਹੀ ਹੈ।
ਇਹ ਸਮਾਗਮ 23-24-25 ਅਕਤੂਬਰ 2019 ਨੂੰ ਹੋਵੇਗਾ। ਇਸ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਇਤਿਹਾਸਕ ਯੋਗਦਾਨ ਤੇ ਪ੍ਰਾਪਤੀਆਂ ਨਾਲ ਸੰਬੰਧਿਤ ਅੰਤਰਰਾਸ਼ਟਰੀ ਸੈਮੀਨਰਾਂ ਲੜੀ ਵਜੋਂ ਮਿਤੀ 4 ਸਤੰਬਰ 2019 ਦਿਨ ਬੁੱਧਵਾਰ ਨੂੰ ਪਹਿਲਾ ਸੈਮੀਨਰ ਖਾਲਸਾ ਕਾਲਜ ( ਸ਼੍ਰੀ ਅੰਮ੍ਰਿਤਸਰ ਸਾਹਿਬ) ਵਿਖੇ ਕਰਵਾਇਆ ਜਾ ਰਿਹਾ ਹੈ। ਉਪਰੰਤ ਦਿੱਲੀ, ਪਟਿਆਲੇ, ਮੁੰਬਈ ਅਤੇ ਮੋਗੇ ਵਿਖੇ ਵੀ ਸੈਮੀਨਾਰ ਕਰਵਾਏੇ ਜਾਣਗੇ। ਪ੍ਰੋ: ਸਰਚਾਂਦ ਸਿੰਘ ਅਨੁਸਾਰ ਸੈਮੀਨਾਰਾਂ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁਕੀਆਂ ਹਨ। ਅਮ੍ਰਿਤਸਰ ਦੇ ਸੈਮੀਨਾਰ ਵਿਚ ਮੁਖ ਮਹਿਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਹੋਣਗੇ। ਪ੍ਰਧਾਨਗੀ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਹੱਥ ਰਹੇਗੀ। ਡਾ: ਮਹਿਲ ਸਿੰਘ ਪਿੰਸੀਪਲ ਖਾਲਸਾ ਕਾਲਜ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਮੌਕੇ ਡਾ: ਹਰਿਭਜਨ ਸਿੰਘ, ਪ੍ਰੋ: ਸੁਖਦਿਆਲ ਸਿੰਘ, ਡਾ: ਇੰਦਰਜੀਤ ਸਿੰਘ ਗੋਗੋਆਣੀਂ ਅਤੇ ਡਾ: ਜਸਵੰਤ ਸਿੰਘ ਬੁਗਰਾਂ ਵਲੋਂ ਟਕਸਾਲ ਸੰਕਲਪ ਅਤੇ ਦਮਦਮੀ ਟਕਸਾਲ, ਦਮਦਮੀ ਟਕਸਾਲ ਸਥਾਪਨਾ ਅਤੇ ਵਿਕਾਸ ਦਾ ਇਤਿਹਾਸ, ਦਮਦਮੀ ਟਕਸਾਲ ਦਾ ਸਿੱਖ ਸਮਾਜ ’ਤੇ ਪ੍ਰਭਾਵ, ਬਾਬਾ ਦੀਪ ਸਿੰਘ ਜੀ ਸ਼ਹੀਦ : ਜੀਵਨ ਤੇ ਯੋਗਦਾਨ ਵਿਸ਼ਿਆਂ ’ਤੇ ਖੋਜ ਭਰਪੂਰ ਪਰਚੇ ਪੜੇ ਜਾਣਗੇ।
ਇਸੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਫਿਲਮੀ ਅਦਾਰਿਆਂ ਵਲੋਂ ਸਸਤੀ ਪਬਲਿਸਿਟੀ ਲਈ ਹਰ ਤੀਜੇ ਦਿਨ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਦੀਆਂ ਹਰਕਤਾਂ ਦੇ ਬਾਵਜੂਦ ਸਰਕਾਰ ਅਤੇ ਫਿਲਮ ਸੈਸਰ ਬੋਰਡ ਵਲੋਂ ਪ੍ਰੋਡਿਊਸਰਾਂ ’ਤੇ ਕਾਰਵਾਈ ਕਰਨ ਦੀ ਥਾਂ ਸਰਟੀਫਿਕੇਟ ਜਾਰੀ ਕਰਨ ’ਤੇ ਸਖਤ ਰੋਸ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਸਰਕਾਰ ਅਤੇ ਸੈਸਰ ਬੋਰਡ ਨੂੰ ਆਪਣੀ ਜਿੰਮੇਵਾਰੀ ਪ੍ਰਤੀ ਸੰਜੀਦਗੀ ਦਿਖਾਉਣ ਲਈ ਕਿਹਾ।