ਅੰਮ੍ਰਿਤਸਰ – ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਪਾਵਨ ਦਿਹਾੜੇ ‘ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਜਾਏ ਗਏ ਧਾਰਮਿਕ ਦੀਵਾਨ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਤੋਂਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਸੰਬੰਧੀ ਗੁਰ ਇਤਿਹਾਸ ਦੀ ਕਥਾ ਗੁਰੂ ਕੀਆਂ ਬੇਅੰਤ ਸੰਗਤਾਂ ਦਾ ਪੂਰੀ ਸ਼ਰਧਾ ਭਾਵਨਾ ਨਾਲ ਮੰਤਰ-ਮੁਗਧ ਹੋਕੇ ਸ੍ਰਵਣ ਕਰਨਾ ਅਲੌਕਿਕ ਤੇ ਅਦਭੁਤ ਨਜਾਰਾ ਪੇਸ਼ ਕਰ ਰਿਹਾ ਸੀ।
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਪਹਿਲੇ ਪ੍ਰਕਾਸ਼ ਦੀ ਕਥਾ ਸਾਲ ਵਿਚ ਇਕ ਵਾਰ ਹੀ ਸ੍ਰਵਣ ਕਰਾਏ ਜਾਣ ਦੀ ਪ੍ਰੰਪਰਾ ਚਲੀ ਆ ਰਹੀ ਹੈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਸੰਗਤ ਨੇ 2 ਘੰਟੇ ਤੱਕ ਗੁਰ ਇਤਿਹਾਸ ਦੀ ਕਥਾ ਦਾ ਆਨੰਦ ਮਾਣਿਆ।
ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ 1604 ਈ: ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਸੰਪਾਦਨਾ ਉਪਰੰਤ ਅੱਜ ਦੇ ਦਿਨ ਬਾਬਾ ਬੁੱਢਾ ਜੀ ਅਤੇ ਸਿੱਖ ਸੰਗਤਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਗਿਆ। ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ ਦੇ ਉਹ ਪਾਵਨ ਧਾਰਮਿਕ ਗ੍ਰੰਥ ਹਨ, ਜੋ ਮਨੁੱਖ ਦੀ ਹਰ ਪੱਖ ਤੋਂ ਅਗਵਾਈ ਕਰਦੇ ਹਨ। ਉਨ੍ਹਾਂ ਸੰਗਤਾਂ ਨੂੰ ਗੁਰਬਾਣੀ ਉਪਦੇਸ਼ ਕਮਾਉਣ ਅਤੇ ਮੁੱਲਵਾਨ ਬਚਨਾਂ ਦੇ ਧਾਰਨੀ ਬਣ ਕੇ ਜੀਵਨ ਜਿਊਣ ਦੀ ਅਪੀਲ ਵੀ ਕੀਤੀ। ਉਨ੍ਹਾਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਅਖੰਡ ਪਾਠੀ ਤੇ ਗ੍ਰੰਥੀ ਸਿੰਘਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਨ ਲਈ ਸੰਗਤ ਨੂੰ ਪ੍ਰੇਰਣਾ ਦਿਤੀ।
ਇਸ ਦੌਰਾਨ ਉਹਨਾਂ ਦਸਿਆ ਕਿ ਸੰਗਤ ਟੀ ਵੀ ‘ਤੇ ਦਮਦਮੀ ਟਕਸਾਲ ਦੇ ਬਾਹਰਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਟੇਪ ਰਿਕਾਰਡ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ 7 ਸਤੰਬਰ ਤੋਂ ਸ੍ਰਵਣ ਕਰਾਈ ਜਾ ਰਹੀ ਹੈ ਜਿਸ ਤੋਂ ਲਾਹਾ ਲੈਣ ਲਈ ਉਨ੍ਹਾਂ ਸੰਗਤ ਨੂੰ ਪ੍ਰੇਰਿਆ।
ਇਸ ਤੋਂ ਪਹਿਲਾਂ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨਾ ਅਸਥਾਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਪੁਰਾਤਨ ਚੱਲਦੀ ਆ ਰਹੀ ਰਵਾਇਤ ਅਨੁਸਾਰ ਸਜਾਏ ਗਏ ਅਲੌਕਿਕ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ ਗਈ।