ਲੰਡਨ, (ਮਨਦੀਪ ਖੁਰਮੀ) “ਬੇਸ਼ੱਕ ਸੁਹਿਰਦ ਬੋਲਾਂ ਤੇ ਲੇਖਣੀ ਦੇ ਮੁਕਾਬਲੇ ਹਲਕੀ ਸ਼ਬਦਾਵਲੀ ਵਾਲੀ ਗਾਇਕੀ ਅੰਬਰ ਛੋਹ ਰਹੀ ਦਿਸਦੀ ਹੈ, ਪਰ ਅਸਲੀਅਤ ਹੈ ਕਿ ਵਕਤੀ ਤੌਰ ‘ਤੇ ਆਏ ਬੱਦਲ ਸੱਚ ਦੇ ਸੂਰਜ ਨੂੰ ਵਧੇਰੇ ਚਿਰ ਲੁਕੋ ਕੇ ਨਹੀਂ ਰੱਖ ਸਕਦੇ। ਕੰਧ ‘ਤੇ ਲਿਖਿਆ ਸੱਚ ਇਹ ਹੀ ਹੈ ਕਿ ਲੋਕ ਪੱਖੀ ਤੇ ਸਮਾਜਿਕ ਮਸਲਿਆਂ ਦੀ ਬਾਤ ਪਾਉਂਦੇ ਬੋਲ ਹਮੇਸ਼ਾ ਲਈ ਜੀਵਿਤ ਰਹਿੰਦੇ ਹਨ।“ ਉਕਤ ਵਿਚਾਰਾਂ ਦਾ ਪ੍ਰਗਟਾਵਾ ਸਾਊਥਾਲ ਵਿਖੇ ਆਯੋਜਿਤ ਹੋਈ ਸਾਹਿਤਕ ਮਹਿਫਿਲ ਦੌਰਾਨ ਆਪਣੇ ਸੰਬੋਧਨ ਦੌਰਾਨ ਈਲਿੰਗ ਸਾਊਥਾਲ ਦੇ ਪਾਰਲੀਮੈਂਟ ਮੈਂਬਰ ਵੀਰੇਂਦਰ ਸ਼ਰਮਾ ਨੇ ਕੀਤਾ। ਇਸ ਮਹਿਫਿਲ ਦੌਰਾਨ ਪ੍ਰਸਿੱਧ ਗਾਇਕ ਬਲਵੀਰ ਸੂਫ਼ੀ ਨੇ ਆਪਣੇ ਇੱਕ ਤੋਂ ਵਧਕੇ ਇੱਕ ਗੀਤਾਂ ਰਾਂਹੀਂ ਮਾਹੌਲ ਨੂੰ ਸੰਗੀਤਮਈ ਬਣਾਈ ਰੱਖਿਆ। ਵਰਿੰਦਰ ਸਿੰਘ ਵਿਰਕ, ਚਰਨਜੀਤ ਸਿੰਘ ਸਹੋਤਾ, ਰਣਧੀਰ ਸਿੰਘ ਵਿਰਕ ਤੇ ਦਵਿੰਦਰ ਸਹੋਤਾ ਦੇ ਉੱਦਮ ਨਾਲ ਜੁੜੀ ਇਸ ਮਹਿਫਿਲ ਵਿੱਚ ਪੰਜਾਬੀ ਸਾਹਿਤ ਕਲਾ ਕੇਂਦਰ ਦੀ ਪ੍ਰਧਾਨ ਸ੍ਰੀਮਤੀ ਕੁਲਵੰਤ ਕੌਰ ਢਿੱਲੋਂ, ਵੀਰੇਂਦਰ ਸ਼ਰਮਾ, ਸੁਰਜੀਤ ਸਿੰਘ ਘੁੰਮਣ (ਐੱਮ ਬੀ ਈ), ਮਨਜੀਤ ਕੌਰ ਪੱਡਾ, ਕੁੰਦਨ ਸਿੰਘ ਬੋਲਾ, ਇੰਦਰਜੀਤ ਲੰਡਨ, ਕੁਲਦੀਪ ਮਹੇ, ਭਿੰਦਰ ਜਲਾਲਾਬਾਦੀ ਆਦਿ ਵੱਲੋਂ ਯਾਦ ਨਿਸ਼ਾਨੀ ਨਾਲ ਸਨਮਾਨ ਕੀਤਾ ਗਿਆ।