ਚੰਡੀਗੜ੍ਹ, (ਹਰਬੀਰ ਭੰਵਰ) – ਸੰਸਾਰ ਸਿੱਖ ਸੰਗੱਠਨ (ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ) ਨੇ ਸੰਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟਆਂ ਨੂੰ ਅਪੀਲ ਕੀਤੀ ਹੈ ਕਿ ਆਪਣੀ ਗੋਲਕ ਦਾ ਪੰਜ ਫੀਸਦੀ ਹਿੱਸਾ ਗਰੀਬ ਤੇ ਹੋਣਹਾਰ ਸਿੱਖ ਵਿਦਿਆਰਥੀਆਂ ਦੀ ਕਿੱਤਾ-ਮੁਖੀ ਸਿਖਿਆ ਲਈ ਰਾਖਵਾਂ ਕਰਨ ਕਿਉ ਕਿ ਵਿਦਿਆ ਕਿਸੇ ਕੌਮ ਦੀ ਤਰੱਕੀ, ਭਲਾਈ ਤੇ ਚੜ੍ਹਦੀ ਕਲਾ ਲਈ ਬਹੁਤ ਜ਼ਰੂਰੀ ਹੈ।
ਕਲ ਇਥੇ ਆਪਣੇ ਵਾਰਸਿਕ ਜਨਰਲ ਸਮਾਗਮ ਦੌਰਾਨ ਸੰਗੱਠਨ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਗੁਰਦੁਆਰਾ ਕਮੇਟੀਆਂ ਨੂੰ ਅਜੇਹੀ ਅਪੀਲ ਕੀਤੀ ਸੀ।ਇਕ ਹੋਰ ਮਤੇ ਰਾਹੀਂ ਸੰਗੱਠਨ ਨੇ ਫਰਾਂਸ ਵਿਚ ਦਸਤਾਰ ਦੇ ਮਸਲੇ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਤੇ ਪਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਸਿੱਖਾਂ ਲਈ ਦਸਤਾਰ ਦੀ ਮਹਤੱਤਾ ਨੂੰ ਸਮਝਦੇ ਹੋਏ ਫਰਾਂਸ ਸਰਕਾਰ ਉਤੇ ਇਹ ਮਸਲਾ ਹਲ ਕਰਨ ਲਈ ਦਬਾਓ ਪਾਓਣ। ਸੰਗਠਨ ਨੇ ਇਸ ਸਬੰਧ ਵਿਚ ਦਿੱਲੀ ਵਿਖੇ ਫਰਾਸੀਸੀ ਸਫੀਰ ਤੇ ਫਰਾਂਸ ਵਿਚ ਭਾਰਤੀ ਸਫੀਰ ਨੂੰ ਇਕ ਮੈਮੋਰੈਂਡਮ ਦੇਣ ਦਾ ਫੈਸਲਾ ਕੀਤਾ।
ਸਮਾਗਮ ਦੀ ਪ੍ਰਧਾਨਗੀ ਕਰਦਿਆ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਸੰਗਠਨ ਵਲੋਂ ਸਿੱਖ-ਪੰਥ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਵਿਸ਼ੇਸ ਕਰਕੇ ਸਿਖਿਆ ਦੇ ਖੇਤਰ ਲਈ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਪੰਜਾਬ ਸਿਖਿਆ ਦੇ ਖੇਤਰ ਵਿਚ ਬਹੁਤ ਪੱਛੜ ਰਿਹਾ ਹੈ, ਪਿੰਡਾਂ ਵਿਚ ਸਿੱਖ ਬੱਚੇ ਤਾ ਬਹੁਤ ਹੀ ਪਿੱਛੇ ਹਨ।ਉਨ੍ਹਾਂ ਸੰਗੱਠਨ ਨਾਲ ਸਬੰਧਤ ਪ੍ਰਮੁਖ ਸਖਸ਼ੀਅਤਾਂ ਦੀਆ ਸੇਵਾਵਾ ਦੀ ਸ਼ਲਾਘਾ ਕੀਤੀ ਤੇ ਕਿਹਾ ਅਕਸਰ ਕਈ ਵਾਰੀ ਇਕੋ ਹੀ ਸਖਸ਼ੀਅਤ ਵਲੋਂ ਕੀਤਾ ਵੱਡਾ ਕਾਰਜ ਮੀਲ-ਪੱਥਰ ਬਣ ਜਾਂਦਾ ਹੈ ਜਿਵੇਂ ਕਿ ਸੁਪਰੀਮ ਕੋਰਟ ਦੇ ਤਤਕਾਲੀ ਜੱਜ ਜਸਟਿਸ ਕੁਲਦੀਪ ਸਿੰਘ ਨੇ ਪੱਟੀ ਲਾਗੇ ਤੂਤ ਕਾਂਢ ਦੇ ਝੂਠੇ ਮੁਕਾਬਲਾ ਦੀ ਜਾਚ ਸੀ.ਬੀ.ਆਈ. ਨੂੰ ਸੌਂਪ ਕੇ ਪੰਜਾਬ ਵਿਚ ਪੁਲਿਸ ਦੇ ਜ਼ੁਲਮ ਤਸ਼ੱਦਦ ਨੂੰ ਕੁਝ ਠੱਲ੍ਹ ਪਾਈ।
ਸੰਗੱਠਨ ਦੇ ਕਨਵੀਨਰ ਡਾ. ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਯਹੂਦੀਆਂ ਵਲੋਂ ਸਥਾਪਤ ਕੀਤੇ “ਯਹੂਦੀ ਸਿਖਿਆ ਫੰਡ” ਵਾਂਗ ਸਾਨੂੰ ਵੀ ਪੰਜਾਬ ਦੇ ਗਰੀਬ ਤੇ ਹੋਣਹਾਰ ਬੱਚਿਆਂ ਦੀ ਚੰਗੇਰੀ ਸਿਖਿਆ ਲਈ ਇਕ ਅਰਬ ਡਾਲਰ ਦਾ “ਗੁਰੁ ਨਾਨਕ ਐਜੂਕੇਸ਼ਨ ਫੰਡ” ਸਥਾਪਤ ਕਰਨਾ ਚਾਹੀਦਾ ਹੈ। ਅਪਣੀ ਵਿਦੇਸ਼ ਫੇਰੀ ਦਾ ਜ਼ਿਕਰ ਕਰਦਿਆਂ ੳਨ੍ਹੁਾ ਸੰਗਠਨ ਦੇ ਪ੍ਰਮੁਖ ਅਹੁਦੇਦਾਰਾਂ ਦੀ ਇਕ ਤਿੰਨ ਜਾਂ ਚਾਰ ਮੈਂਬਰੀ ਟੀਮ ਅਮਰੀਕਾ,ਕੈਨੇਡਾ ਤੇ ਇੰਗਲੈਂਡ ਭੇਜਣ ਦਾ ਸੁਝਾਅ ਦਿਤਾ ਤੇ ਕਿਹਾ ਕਿ ਪ੍ਰਵਾਸੀ ਪੰਜਾਬੀ ਆਪਣੀ ਜਨਮ ਭੂਮੀ ਦੀ ਭਲਾਈ ਲਈ ਖੁਲ ਕੇ ਦਾਨ ਦੇਣ ਵਾਲੇ ਹਨ।ਸ਼ੰਗਠਨ ਦੇ ਸੀ.ਈ.ਓ. ਸੇਵਾ-ਮੁਕਤ ਲੈ. ਜਨਰਲ ਕਰਤਾਰ ਸਿੰਘ ਨੇ ਪਿਛਲੇ ਸਾਲ ਦੀ ਰੀਪੋਰਟ ਕੀਤੀ। ਕਰਨਲ ਜਗਤਾਰ ਸਿੰਘ ਮੁਲਤਾਨੀ ਨੇ ਹਿਸਾਬ-ਕਿਤਾਬ ਦਾ ਚੱਠਾ ਪੇਸ਼ ਕੀਤਾ। ਬੀਬੀ ਬਲਜੀਤ ਕੌਰ ਨੇ ਚੱਪੜ ਚਿੜੀ ਦੇ ਇਤਿਹਾਸਿਕ ਮੈਦਾਨ ਵਾਲੀ ਥਾਂ ਗਮਾਡਾ ਵਲੋਂ ਪੋਲੋ ਗਰਾਊਂਡ ਬਣਾਉਣ ਦੇ ਫੈਸਲਾ ਦਾ ਜ਼ਿਕਰ ਕਰਦਿਆ ਦਸਿਆ ਕਿ ਉਨ੍ਹਾਂ ਇਲਾਕੇ ਦੇ ਪਤਵੰਤੇ ਸੱਜਣਾਂ ਤੇ ਪ੍ਰਮੁਖ ਸਖਸ਼ੀਅਤਾਂ ਦੇ ਸਹਿਯੋਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਢੁਕਵੀ ਯਾਦਗਾਰ ਬਣਾਉਣ ਲਈ ਪੰਜਾਬ ਸਰਕਾਰ ਤੋਂ ਫੈਸਲਾ ਕਰਵਾਇਆ।ਸ. ਮਹਿੰਦਰ ਸਿੰਘ ਨੇ ਸਿਕਲੀਗਰ ਵਣਜਾਰਿਆ ਨੂੰ ਪੰਥ ਦੀ ਮਮੁਖ-ਧਾਰਾ ਵਿਚ ਲਿਆਉਣ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਦਸਿਆ। ਸਮਾਗਮ ਨੇ ਸਰਬ-ਸੰਮਤੀ ਨਾਲ ਡਾ. ਜੌਹਲ ਸਮੇਤ ਸਾਰੀ ਅੰਤ੍ਰਿਂਗ ਕਮੇਟੀ ਨੂੰ ਅਗੇਲ ਵਰ੍ਹੈ ਲਈ ਚੁਣ ਲਿਆ। ਚੀਫ-ਸਿੰਜਨੀਅਰ (ਰੀ) ਸ. ਜਗਦੇਵ ਸਿੰਘ ਸੋਢੀ ਨੂੰ ਵੀ ਸ਼ਾਮਿਲ ਕਰ ਲਿਆ ਗਿਆ। ਸਮਾਗਮ ਨੂੰ ਹੋਰਨਾਂ ਤੋਂ ਬਿਨਾ ਡਾ. ਗੁਰਚਰਨ ਸਿੰਘ ਕਾਲਕਤ, ਸ. ਗੁਰਦੇਵ ਸਿੰਘ ਬਰਾੜ, ਸ. ਪ੍ਰੀਤਮ ਸਿੰਘ ਕੋਹਲੀ, ਜਨਰਲ ਐਮ.ਐਸ. ਕੌਂਡਲ, ਸ. ਕਰਮਜੀਤ ਸਿੰਘ ਔਜਲਾ, ਸ. ਸੁਖਦੇਵ ਸਿੰਘ ਲਾਜ, ਸ. ਮੋਹਨ ਸਿੰਘ ਸਹਿਗਲ ਤੇ ਸ. ਗੁਰਕ੍ਰਿਪਾਲ ਸਿੰਘ ਨੇ ਸੰਬੋਧਨ ਕੀਤਾ।