ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮਾਸਿਕ ਇਕੱਤਰਤਾ, ਅਕਤੂਬਰ ਦੇ ਤੀਜੇ ਸ਼ਨਿਚਰਵਾਰ, ਜੈਂਸਿਸ ਸੈਂਟਰ ਵਿਖੇ, ਔਰਤਾਂ ਦੇ ਭਰਵੇਂ ਇਕੱਠ ਵਿੱਚ ਹੋਈ। ਇਸ ਵਿੱਚ ਆਮ ਬੀਮਾਰੀਆਂ ਤੇ ਜਾਣਕਾਰੀ ਦੇਣ ਲਈ ਡਾ. ਜਗਤਜੀਤ ਸਿੰਘ ਆਹਲੂਵਾਲੀਆ ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ ਸੀ। ਸੋਸ਼ਲ ਵਰਕਰ ਪੁਨੀਤਾ ਨੇ ਵੀ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ।
ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ, ਜਨਰਲ ਸਕੱਤਰ ਗੁਰਦੀਸ਼ ਕੌਰ ਗਰੇਵਾਲ ਨੇ, ਨਵੇਂ ਮੈਂਬਰਾਂ- ਅਮਰਜੀਤ ਹਾਂਸ, ਗਿਆਨ ਕੌਰ, ਗੁਲਵਿੰਦਰ ਕੌਰ ਤੇ ਮਨਜੀਤ ਕੌਰ ਸੇਖੋਂ ਦਾ ਸਭਾ ਵਲੋਂ ਸੁਆਗਤ ਕਰਦਿਆਂ, ਸਭ ਨੂੰ ‘ਜੀ ਆਇਆਂ’ ਕਿਹਾ। ਇਸ ਮਹੀਨੇ ਦੇ ਤਿਉਹਾਰ- ਦੁਸਹਿਰਾ, ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ ਦੇਣ ਬਾਅਦ, ਉਹਨਾਂ ਆਪਣੀ ਲਿਖੀ ਇੱਕ ਛੋਟੀ ਜਿਹੀ ਕਵਿਤਾ-‘ਅੱਜ ਤਾਂ ਇਸ ਤੋਂ ਕਿਤੇ ਵੱਧ ਖਤਰਨਾਕ ਨੇ ਰਾਵਣ’ ਸੁਣਾ ਕੇ ਅਜੋਕੇ ਕੌੜੇ ਸੱਚ ਦੀ ਬਾਤ ਪਾਈ। ਦਿਲਵਾਕ ਫਾਊਂਡੇਸ਼ਨ ਤੋਂ ਆਈ ਪੁਨੀਤਾ ਨੇ ਲਿੰਗ ਬਰਾਬਰਤਾ ਦੀ ਗੱਲ ਕਰਦਿਆਂ ‘ਵੂਮੈਨ ਇੰਪਾਵਰਮੈਂਟ’ ਤੇ ਜ਼ੋਰ ਦਿੱਤਾ ਅਤੇ ਔਰਤਾਂ ਨੂੰ ਆਪਣੇ ਅੰਦਰ ਛੁਪੀ ਹੋਈ ਅਥਾਹ ਸ਼ਕਤੀ ਨੂੰ ਜਗਾਉਣ ਦਾ ਸੱਦਾ ਦਿੱਤਾ।
ਡਾ. ਆਹਲੂਵਾਲੀਆ ਨੇ ਡਾਇਬਟੀਜ਼, ਬਲੱਡ ਪ੍ਰੈਸ਼ਰ, ਕਲੈਸਟਰੌਲ ਤੇ ਦਿੱਲ ਦੇ ਰੋਗਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ- ਇਹਨਾਂ ਬੀਮਾਰੀਆਂ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ। ਸਾਡਾ ਸਰੀਰ ਸਾਨੂੰ ਬੀਮਾਰੀ ਦੇ ਸ਼ੁਰੂ ਹੋਣ ਤੇ ਹੀ ਸੰਕੇਤ ਦਿੰਦਾ ਹੈ ਪਰ ਅਸੀਂ ਉਸ ਵੱਲ ਧਿਆਨ ਨਹੀਂ ਦਿੰਦੇ। ਡਾਲਰ ਕਮਾਉਣ ਦੇ ਚੱਕਰਾਂ ਵਿੱਚ ਅਸੀਂ ਲੋਕ ‘ਬੌਡੀ’ ਦੀ ਕੋਈ ਗੱਲ ਸੁਣਦੇ ਹੀ ਨਹੀਂ- ਸਗੋਂ ਕੰਮ ਦਾ ਸਟਰੈਸ ਹੋਰ ਵਧਾ ਦਿੰਦੇ ਹਾਂ। ਮੈਡੀਕਲ ਸਾਇੰਸ ਰਾਹੀਂ ਉਹਨਾਂ ਬੀਮਾਰੀਆਂ ਦੇ ਕਾਰਨ ਤੇ ਉਹਨਾਂ ਦੀ ਰੋਕ ਥਾਮ ਤੇ ਚਾਨਣਾ ਪਾਇਆ। ਪੌਸ਼ਟਿਕ ਖੁਰਾਕ ਦੇ ਨਾਲ, ਪੂਰੀ ਨੀਂਦ ਤੇ ਖੁਲ੍ਹੀ ਹਵਾ ਵਿੱਚ ਸੈਰ ਜਾਂ ਕਸਰਤ ਕਰਨ ਤੇ ਜ਼ੋਰ ਦਿੱਤਾ। ਉਹਨਾਂ ਕੋਲਡ ਡਰਿੰਕਸ, ਸ਼ੂਗਰ, ਰਿਫਾਈਂਡ ਤੇਲ, ਮਿਠਾਈਆਂ, ਤਲੀਆਂ ਚੀਜ਼ਾਂ ਤੇ ਫਾਸਟ ਫੂਡ ਬੰਦ ਕਰਕੇ- ਤਾਜ਼ੇ ਫਲ, ਸਬਜ਼ੀਆਂ, ਦਾਲਾਂ, ਗੁੜ ਸ਼ੱਕਰ, ਫਾਈਬਰ ਤੇ ਔਲਿਵ ਆਇਲ ਵਰਤਣ ਦੀ ਸਲਾਹ ਦਿੱਤੀ। ਮੈਂਬਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਉਹਨਾਂ ਕਿਹਾ ਕਿ-‘ਮੈਂ ਕਿਸੇ ਬੀਮਾਰੀ ਦਾ ਇਲਾਜ ਕਰਨ ਨਹੀਂ ਆਇਆ ਸਗੋਂ ਬੀਮਾਰੀਆਂ ਦੇ ਕਾਰਨ ਦੱਸ ਕੇ, ਤੁਹਾਨੂੰ ਇਹਨਾਂ ਪ੍ਰਤੀ ਜਾਗਰੂਕ ਕਰਨ ਲਈ ਆਇਆ ਹਾਂ’। ਉਹਨਾਂ ਐਲੋਪੈਥੀ ਦਵਾਈਆਂ ਦੇ ਸਾਈਡ ਇਫੈਕਟ ਦੀ ਗੱਲ ਕਰਦਿਆਂ ਹੋਇਆਂ, ਇਹਨਾਂ ਤੋਂ ਬਚਣ ਦੀ ਸਲਾਹ ਦਿੱਤੀ। ਬਲਵਿੰਦਰ ਬਰਾੜ ਨੇ ਡਾਕਟਰ ਸਾਹਿਬ ਦਾ ਸਭਾ ਵਲੋਂ ਧੰਨਵਾਦ ਕੀਤਾ। ਸਮੂਹ ਮੈਂਬਰਾਂ ਨੇ ਵੀ ਭਰਪੂਰ ਤਾੜੀਆਂ ਨਾਲ ਭਰਵਾਂ ਹੁੰਗਾਰਾ ਦਿੱਤਾ। ਇਸ ਮੀਟਿੰਗ ਵਿੱਚ ਡਾਕਟਰ ਸਾਹਿਬ ਦੇ ਨਾਲ- ਮਨੀਸ਼ ਸ਼ਰਮਾ, ਓਂਕਾਰ ਸਿੰਘ ਤੇ ਪਲਵਿੰਦਰ ਕੌਰ ਵੀ ਉਚੇਚੇ ਤੌਰ ਤੇ ਹਾਜ਼ਰ ਹੋਏ।
ਗੁਰਚਰਨ ਥਿੰਦ ਨੇ ਸਭਾ ਨੂੰ ਇਹ ਦੱਸਦਿਆਂ ਖੁਸ਼ੀ ਮਹਿਸੂਸ ਕੀਤੀ ਕਿ- ਐਕਸ਼ਨ ਡਿਗਨਿਟੀ ਪ੍ਰੌਜੈਕਟ ਤਹਿਤ ਬਾਕੀ ਸਭਾਵਾਂ ਨਾਲ, ਸਾਡੀ ਸਭਾ ਦੇ ਦੋ ਮੈਂਬਰ- ਸਰਬਜੀਤ ਉੱਪਲ ਤੇ ਹਰਮਿੰਦਰ ਕੌਰ ਚੁੱਘ ਵੀ ਟਰੇਨਿੰਗ ਕਰਕੇ ਆਈਆਂ ਹਨ। ਇਹਨਾਂ ਦੋਹਾਂ ਨੇ ਵੀ, 3 ਮਹੀਨੇ ਚੱਲੀ ਇਸ ਵਰਕਸ਼ਾਪ ਰਾਹੀਂ ‘ਡੌਮੈਸਟਿਕ ਵਾਇੰਲੈਂਸ’ ਸਬੰਧੀ ਜੋ ਜਾਣਕਾਰੀ ਮਾਹਿਰਾਂ ਤੋਂ ਹਾਸਲ ਕੀਤੀ- ਉਸ ਤੋਂ ਵੇਰਵੇ ਸਹਿਤ ਸਭ ਨੂੰ ਜਾਣੂੰ ਕਰਵਾਇਆ। ਰਚਨਾਵਾਂ ਦੇ ਦੌਰ ਵਿੱਚ- ਮਨਜੀਤ ਕੌਰ ਸੇਖੋਂ ਨੇ ਸ਼ੇਅਰ, ਇੱਕਬਾਲ ਭੁੱਲਰ ਨੇ ਭਾਵਪੂਰਤ ਗਜ਼ਲ, ਸੁਰਿੰਦਰ ਕੌਰ ਸੰਧੂ ਨੇ ਕਵਿਤਾ ‘ਧੀ ਧਿਆਣੀ’ ਤੇ ਲੰਬੀ ਹੇਕ ਦਾ ਗੀਤ, ਸਤਵਿੰਦਰ ਕੌਰ ਫਰਵਾਹਾ ਨੇ ਟੱਪੇ, ਹਰਚਰਨ ਬਾਸੀ ਨੇ ਮਾਂ ਬੋਲੀ ਦੇ ਸਤਿਕਾਰ ਦੀ ਕਵਿਤਾ, ਸੁਰਿੰਦਰ ਬੈਨੀਪਾਲ ਨੇ ਸ਼ੇਅਰ ਅਤੇ ਸੁਰਿੰਦਰਜੀਤ ਵਿਰਦੀ ਨੇ ਚੁੱਟਕਲਾ ਸੁਣਾ ਕੇ ਮਹੌਲ ਖੁਸ਼ਗਵਾਰ ਬਣਾ ਦਿੱਤਾ।
ਅੰਤਲੇ ਸਮੇਂ ਵਿੱਚ ਗੁਰਦੀਸ਼ ਕੌਰ ਨੇ, ਖਚਾ ਖਚ ਭਰੇ ਹਾਲ ਨੂੰ ਦੇਖਦਿਆਂ ਸੰਸਥਾ ਦੇ ਪਰਿਵਾਰ ਦੇ ਦਿਨੋਂ ਦਿਨ ਵੱਡਾ ਹੋਣ ਤੇ ਖੁਸ਼ੀ ਜ਼ਾਹਿਰ ਕੀਤੀ। ਉਹਨਾਂ 3 ਨਵੰਬਰ ਨੂੰ, ਬਾਅਦ ਦੁਪਹਿਰ ਇੱਕ ਵਜੇ ਤੋਂ ਸਾਢੇ ਚਾਰ ਵਜੇ ਤੱਕ, ਵਾਈਟਹੌਰਨ ਕਮਿਊਨਿਟੀ ਸੈਂਟਰ ਵਿਖੇ ਹੋ ਰਹੇ ਸਭਾ ਦੇ ਚੌਥੇ ਸਾਲਾਨਾ ਸਮਾਗਮ ਦੀ ਸੂਚਨਾ ਦਿੱਤੀ- ਜਿਸ ਵਿੱਚ ਸਭ ਨੂੰ ਭਰਵੀਂ ਹਾਜ਼ਰੀ ਨਾਲ ਪਰਿਵਾਰਾਂ ਸਮੇਤ ਪੁੱਜਣ ਦਾ ਖੁਲ੍ਹਾ ਸੱਦਾ ਅਤੇ ਸਹਿਯੋਗ ਦੇਣ ਦੀ ਬੇਨਤੀ ਕੀਤੀ। ਗੁਰਚਰਨ ਥਿੰਦ ਨੇ ਪ੍ਰੋਗਰਾਮ ਦੀ ਰੂਪ ਰੇਖਾ ਸਾਂਝੀ ਕਰਨ ਤੇ ਸੱਦੇ ਪੱਤਰ ਦੇਣ ਦੇ ਨਾਲ- ਡਿਊਟੀਆਂ ਦੀ ਵੰਡ ਕੀਤੀ।
ਬਰੇਕ ਦੌਰਾਨ ਚਾਹ ਤੇ ਪਕੌੜਿਆਂ ਨਾਲ, ਬ੍ਰਿਜ ਸ਼ਰਮਾ ਵਲੋਂ ਦੋਹਤੀ ਦੇ ਜਨਮ ਦੀ ਖੁਸ਼ੀ ਵਿੱਚ ਲਿਆਂਦੇ ਲੱਡੂਆਂ ਦਾ ਵੀ ਸਭ ਨੇ ਆਨੰਦ ਮਾਣਿਆਂ ਤੇ ਭਰਪੂਰ ਤਾੜੀਆਂ ਨਾਲ ਉਸ ਨੂੰ ਵਧਾਈ ਦਿੱਤੀ। ਸੋ ਇਸ ਤਰ੍ਹਾਂ ਇਹ ਇਕੱਤਰਤਾ ਸਾਰਥਕ ਹੋ ਨਿਬੜੀ। ਵਧੇਰੇ ਜਾਣਕਾਰੀ ਲਈ- ਬਲਵਿੰਦਰ ਕੌਰ ਬਰਾੜ 403 590 9629, ਗੁਰਚਰਨ ਥਿੰਦ 403 402 9635 ਜਾਂ ਗੁਰਦੀਸ਼ ਕੋਰ ਗਰੇਵਾਲ ਨਾਲ 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।