ਮਹਿਤਾ – ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੇ 50 ਸਾਲਾ ਸਥਾਪਨਾ ਦੀ ਅਰਧ ਸ਼ਤਾਬਦੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ‘ਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਤਿੰਨ ਰੋਜ਼ਾ ਧਾਰਮਿਕ ਸਮਾਗਮ ਦੇ ਅੱਜ ਆਖ਼ਰੀ ਦਿਨ ਉੱਘੇ ਧਾਰਮਿਕ ਰਾਜਨੀਤਕ ਸ਼ਖ਼ਸੀਅਤਾਂ, ਵਿਦਵਾਨਾਂ ਅਤੇ ਹਜ਼ਾਰਾਂ ਸੰਗਤਾਂ ਨੇ ਆਪ ਮੁਹਾਰੇ ਪਹੁੰਚ ਕੇ ਹਾਜ਼ਰੀਆਂ ਭਰੀਆਂ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟਕਸਾਲ ਦੀ ਪੰਥ ਨੂੰ ਦੇਣ ਬਹੁਤ ਵੱਡੀ ਹੈ, ਸਭ ਤੋ ਵੱਡੀ ਦੇਣ ਗੁਰਬਾਣੀ ਸ਼ੁੱਧ ਉਚਾਰਣ ਵਿਧੀ ਹੈ, ਜਿਸ ਨੂੰ ਪੰਥ ਨੇ ਪ੍ਰਵਾਨੀ ਅਤੇ ਅਜ ਵੀ ਸੇਧ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਜਦ ਵੀ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਵੈਰੀ ਨੇ ਕੈਰੀ ਅੱਖ ਨਾਲ ਦੇਖਿਆ ਤਾਂ ਟਕਸਾਲ ਨੇ ਅੱਗੇ ਹੋ ਕੇ ਸ਼ਹਾਦਤ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ‘ਚ ਉਸਾਰਿਆ ਗਿਆ ਸ਼ਹੀਦੀ ਯਾਦਗਾਰ ਦਿੱਲੀ ਦੀ ਹਿੱਕ ‘ਤੇ ਬਲਦਾ ਦੀਵਾ ਹੈ। ਜਿਸ ਨੂੰ ਬਾਲ ਸਕਣਾ ਸਿਰਫ਼ ਦਮਦਮੀ ਟਕਸਾਲ ਦੇ ਹਿੱਸੇ ਆਇਆ ਹੈ। ਉਨ੍ਹਾਂ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਦਾ ਸਾਥ ਦੇਣ ਦੀ ਅਪੀਲ ਕਰਦਿਆ ਕਿਹਾ ਕਿ ਅੱਜ ਵੀ ਪੰਥ ਵਿਰੋਧੀ ਸ਼ਕਤੀਆਂ ਪੰਥ ਦੀਆਂ ਬੁਨਿਆਦਾਂ ਨੂੰ ਹਿਲਾਉਣ ‘ਚ ਲੱਗੇ ਹੋਏ ਹਨ ਇਸ ਲਈ ਕੌਮੀ ਸੰਸਥਾਵਾਂ ਦੀ ਮਜ਼ਬੂਤੀ ਹੀ ਪੰਥ ਦੀ ਮਜ਼ਬੂਤੀ ਹੈ।
ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਟਕਸਾਲ ਦੇ ਇਤਿਹਾਸ ‘ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਗੁਰੂ ਦੀ ਰਹਿਣੀ ਨੂੰ ਸੰਸਾਰ ਅੰਦਰ ਪਰਪੱਕ ਕਰਨ ‘ਚ ਦਮਦਮੀ ਟਕਸਾਲ ਦੇ ਮਹਾਪੁਰਖਾਂ ਦਾ ਅਹਿਮ ਰੋਲ ਰਿਹਾ। ਪ੍ਰੋ: ਸਰਚਾਂਦ ਸਿੰਘ ਅਨੁਸਾਰ ਉਨ੍ਹਾਂ ਕਿਹਾ ਕਿ ਗੁਰਮੁਖ ਜੀਵਨ ਜੁਗਤ, ਸ਼ਸਤਰ ਅਤੇ ਸ਼ਾਸਤਰ ਵਿੱਦਿਆ, ਗੁਰਬਾਣੀ ਅਰਥ ਬੋਧ, ਸਿੱਖੀ ਪ੍ਰਚਾਰ ਪ੍ਰਸਾਰ ਅਤੇ ਧਰਮ ਦੀ ਰੱਖਿਆ ਦਮਦਮੀ ਟਕਸਾਲ ਦਾ ਅਹਿਮ ਪ੍ਰਯੋਜਨ ਰਿਹਾ ਅਤੇ ਰਹੇਗਾ। ਉਨ੍ਹਾਂ ਕਿਹਾ ਕਿ ਇਸ ਕੇਂਦਰੀ ਅਸਥਾਨ ਤੋਂ ਕੌਮ ਲਈ 50 ਸਾਲਾਂ ‘ਚ ਸਦੀਆਂ ਜਿਨੇ ਕਾਰਜ ਹੋਏ ਹਨ। ਸੰਤ ਕਰਤਾਰ ਸਿੰਘ ਖਾਲਸਾ ਅਤੇ ਸਦੀਆਂ ਬਾਅਦ ਪੈਦਾ ਹੋਣ ਵਾਲੇ ਕੌਮੀ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ‘ਚ ਵੀਹਵੀਂ ਸਦੀ ‘ਚ ਅੰਮ੍ਰਿਤ ਸੰਚਾਰ ਤੋਂ ਇਲਾਵਾ ਕੌਮ ਨੂੰ ਜਾਗ੍ਰਿਤ ਕਰਨ ਦਾ ਅਹਿਮ ਕਾਰਜ ਇੱਥੋਂ ਸ਼ੁਰੂ ਕੀਤਾ ਗਿਆ।
ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ, ਸਾਬਕਾ ਜਥੇਦਾਰ ਗਿ: ਗੁਰਬਚਨ ਸਿੰਘ ਨੇ ਕਿਹਾ ਕਿ ਦਮਦਮੀ ਟਕਸਾਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਮੁੜ ਉਸਾਰੀ ਅਤੇ ਗੁਰਬਾਣੀ ਪ੍ਰਚਾਰ ਪ੍ਰਸਾਰ ਤੋਂ ਇਲਾਵਾ ਸ਼ਹਾਦਤਾਂ ਦੇਣ ‘ਚ ਵੀ ਅੱਗੇ ਰਹੀ, ਉਨ੍ਹਾਂ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਪੰਥ ਦੀ ਚੜ੍ਹਦੀਕਲਾ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਖਾਲਸਾ ਨੇ ਕਿਹਾ ਕਿ ਟਕਸਾਲ ਗੁਰਧਾਮਾਂ ਅਤੇ ਸਿਧਾਂਤਾਂ ਦੀ ਰੱਖਿਆ ਲਈ ਜੂਝਦੀ ਆਈ ਹੈ ਅਤੇ ਅੱਜ ਵੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ‘ਚ ਪੂਰੀ ਮਜ਼ਬੂਤੀ ਨਾਲ ਜੂਝ ਰਹੀ ਹੈ।
ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨੇ ਪੰਥ ਦੋਖੀਆਂ ਨੂੰ ਭਾਂਜ ਦੇਣ ਲਈ ਦਮਦਮੀ ਟਕਸਾਲ ਦਾ ਸਾਥ ਦੇਣ ਅਤੇ ਅੰਮ੍ਰਿਤ ਸੰਚਾਰ ਦੀ ਲਹਿਰ ਪੈਦਾ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਮਹੰਤ ਗਿਆਨ ਦੇਵ ਹਰਿਦੁਆਰ, ਸੰਤ ਪਰਮਾਨੰਦ ਉਦਾਸੀਨ ਸੰਪਰਦਾ ਅਤੇ ਮਹੰਤ ਭੁਪਿੰਦਰ ਗਿਰੀ ਰਿਸ਼ੀ ਕੇਸ਼ ਨੇ ਕਿਹਾ ਕਿ ਗਿਆਨੀ ਹਰਨਾਮ ਸਿੰਘ ਖਾਲਸਾ ਨਾਨਕ ਨਾਮ-ਲੇਵਾ ਸਮੁੱਚੀ ਪੰਥ ਨੂੰ ਇੱਕਜੁੱਟ ਕਰਨ ‘ਚ ਅਹਿਮ ਯੋਗਦਾਨ ਪਾ ਰਹੇ ਹਨ। ਜਿਸ ਦੀ ਉਨ੍ਹਾਂ ਸ਼ਲਾਘਾ ਕੀਤੀ ਤੇ ਹਰ ਸਮੇਂ ਸਾਥ ਦੇਣ ਦਾ ਭਰੋਸਾ ਦਿੱਤਾ। ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸਿੱਖ ਕੌਮ ਲਈ ਅੱਜ ਚੁਨੌਤੀ ਭਰਿਆ ਸਮਾਂ ਹੈ, ਅਤੇ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਜਦੋਂ ਤੋਂ ਸੇਵਾ ਸੰਭਾਲੀ ਹੈ, ਗੁਰੂ ਸਿਧਾਂਤ-ਗੁਰੁਧਾਮ ਦੀ ਰੱਖਿਆ ਅਤੇ ਗੁਰੂਡੰਮ ਦੇ ਵਿਰੁੱਧ ਉਹ ਸੰਗਤ ਨੂੰ ਸੁਚੇਤ ਕਰਨ ‘ਚ ਨਿਰੰਤਰ ਲੱਗੇ ਹੋਏ ਹਨ। ਸੰਤ ਬਾਬਾ ਇਕਬਾਲ ਸਿੰਘ ਮੁਖੀ ਬੜੂ ਸਾਹਿਬ, ਸੰਤ ਬਾਬਾ ਬਲਜਿੰਦਰ ਸਿੰਘ ਮੁਖੀ ਰਾੜਾ ਸਾਹਿਬ, ਬਾਬਾ ਕਸ਼ਮੀਰ ਸਿੰਘ ਕਾਰਸੇਵਾ ਭੂਰੀ ਵਾਲੇ, ਕਾਰਸੇਵਾ ਸੰਪਰਦਾਇ ਬਾਬਾ ਜਗਤਾਰ ਸਿੰਘ ਬਾਬਾ ਜੀਵਨ ਸਿੰਘ ਵੱਲੋਂ ਭਾਈ ਬਲਦੇਵ ਸਿੰਘ ਨੇ ਕਿਹਾ ਕਿ ਜੱਦੋ ਵੀ ਲੋੜ ਪਈ ਸੰਕਟ ਸਮੇਂ ਦਮਦਮੀ ਟਕਸਾਲ ਨੇ ਅਗੇ ਹੋਕੇ ਪੰਥ ਦੀ ਅਗਵਾਈ ਕੀਤੀ। ਉਨ੍ਹਾਂ ਪੰਥ ਦੀ ਸੇਵਾ ਲਈ ਬਾਬਾ ਹਰਨਾਮ ਸਿੰਘ ਖਾਲਸਾ ਦੀ ਚੜ੍ਹਦੀਕਲਾ ਦੀ ਕਾਮਨਾ ਕੀਤੀ। ਪ੍ਰੋ.ਸੁਖਦਿਆਲ ਸਿੰਘ, ਮਹੰਤ ਬਾਬਾ ਕਾਨ ਸਿੰਘ,ਬਾਬਾ ਗੁਰਦਿਆਲ ਸਿੰਘ ਟਾਂਡਾ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣ, ਭਾਈ ਅਮਰਬੀਰ ਸਿੰਘ ਢੋਟ, ਪ੍ਰਿੰ.ਮਹਿਲ ਸਿੰਘ,ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਆਪਣੇ ਵਿਚਾਰ ਰੱਖੇ। ਸੰਤ ਗਿਆਨੀ ਹਰਨਾਮ ਸਿੰਘ ਨੇ ਆਏ ਹੋਏ ਧਾਰਮਿਕ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਹੈੱਡ ਕੁਆਟਰ ਦਾ ਸੰਖੇਪ ਇਤਿਹਾਸ ਜਾਰੀ ਕੀਤਾ ਗਿਆ। ਸਟੇਜ ਦੀ ਸੇਵਾ ਗਿਆਨੀ ਭਾਈ ਜੀਵਾ ਸਿੰਘ ਤੇ ਗਿਆਨੀ ਭਾਈ ਪਰਵਿੰਦਰਪਾਲ ਸਿੰਘ ਬੁੱਟਰ ਨੇ ਨਿਭਾਈ। ਅਜ ਦੇ ਸਮਾਗਮ ਤੋਂ ਪਹਿਲਾਂ ਸਿੱਖੀ ਜਾਗ੍ਰਿਤੀ ਹਿਤ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚ 5 ਅੰਤਰਰਾਸ਼ਟਰੀ ਸੈਮੀਨਾਰ ਕਰਵਾਏ ਗਏ।