ਫ਼ਤਹਿਗੜ੍ਹ ਸਾਹਿਬ – “ਸਾਨੂੰ ਅਤਿ ਭਰੋਸੇਯੋਗ ਵਸੀਲਿਆ ਤੋਂ ਇਹ ਇਤਲਾਹ ਮਿਲੀ ਹੈ ਕਿ ਜੋ ਅਬੋਹਰ ਦੀ ਜੰਗਲੀ ਰੱਖ ਹੈ ਅਤੇ ਜਿਸ ਵਿਚ ਵੱਡੀ ਗਿਣਤੀ ਵਿਚ ਮਿਰਗਾਂ ਅਤੇ ਨੀਲ ਗਊਆਂ ਰਹਿੰਦੀਆ ਹਨ, ਉਸ ਰੱਖ ਵਿਚ ਜੰਗਲੀ ਕੁੱਤਿਆ ਅਤੇ ਹੋਰ ਕੁੱਤਿਆ ਦੀ ਗਿਣਤੀ ਵੱਧ ਜਾਣ ਕਾਰਨ ਮਿਰਗਾਂ ਅਤੇ ਨੀਲ ਗਊਆਂ ਦਾ ਵੱਡਾ ਜਾਨੀ ਨੁਕਸਾਨ ਹੋ ਰਿਹਾ ਹੈ । ਦੂਸਰਾ ਇਸ ਇਲਾਕੇ ਵਿਚ ਬਿਸਨੋਈਆ ਦੀ 80% ਵੱਸੋਂ ਹੈ ਜੋ ਮਿਰਗਾਂ ਅਤੇ ਨੀਲ ਗਊਆਂ ਨੂੰ ਆਪਣੇ ਧਰਮ ਅਨੁਸਾਰ ਪੂਜਾ ਕਰਦੇ ਹਨ । ਇਨ੍ਹਾਂ ਨੀਲ ਗਊਆਂ ਅਤੇ ਮਿਰਗਾਂ ਦੀ ਸੁਰੱਖਿਆ ਨਾ ਹੋਣ ਦੇ ਕਾਰਨ ਉਥੇ ਵੱਸਣ ਵਾਲੇ ਬਿਸਨੋਈਆ ਦੇ ਮਨ-ਆਤਮਾਵਾ ਨੂੰ ਡੂੰਘੀ ਠੇਸ ਪਹੁੰਚ ਰਹੀ ਹੈ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਅਬੋਹਰ ਦਾ ਪ੍ਰਸ਼ਾਸ਼ਨ, ਨਿਜਾਮ ਅਤੇ ਸਰਕਾਰ ਇਸ ਗੰਭੀਰ ਵਿਸੇ ਨੂੰ ਹੱਲ ਕਰਨ ਦੀ ਬਜਾਇ ਕੁੰਭਕਰਨੀ ਨੀਂਦ ਸੁੱਤੀ ਪਈ ਹੈ । ਜੋ ਅਸਹਿ, ਨਿੰਦਣਯੋਗ ਅਤੇ ਗੈਰ-ਜ਼ਿੰਮੇਵਰਾਨਾਂ ਵਰਤਾਰਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਬੋਹਰ ਪ੍ਰਸ਼ਾਸ਼ਨ, ਨਿਜਾਮ ਅਤੇ ਪੰਜਾਬ ਸਰਕਾਰ ਦੀ ਜੰਗਲੀ ਮਿਰਗਾਂ ਅਤੇ ਨੀਲ ਗਊਆਂ ਦੀਆਂ ਜਾਨਾਂ ਨੂੰ ਸੁਰੱਖਿਅਤ ਨਾ ਕਰਨ ਦੇ ਪ੍ਰਬੰਧ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਪੁਰਜੋਰ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 24 ਅਕਤੂਬਰ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਰਨਲ ਸਕੱਤਰ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਵਿਚ ਇਕ ਡੈਪੂਟੇਸ਼ਨ ਡਿਪਟੀ ਕਮਿਸ਼ਨਰ ਫਾਜਿਲਕਾ ਨੂੰ ਇਸ ਵਿਸ਼ੇ ਤੇ ਯਾਦ-ਪੱਤਰ ਦੇ ਰਿਹਾ ਹੈ । ਜੇਕਰ ਸਾਡਾ ਯਾਦ-ਪੱਤਰ ਪ੍ਰਾਪਤ ਕਰਨ ਉਪਰੰਤ ਪ੍ਰਸ਼ਾਸ਼ਨ ਤੇ ਸਰਕਾਰ ਵੱਲੋਂ ਇਸ ਦਿਸ਼ਾ ਵੱਲ ਕੋਈ ਅਮਲੀ ਕਾਰਵਾਈ ਨਾ ਕੀਤੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਥੋਂ ਦੇ ਸਮੁੱਚੇ ਬਿਸਨੋਈ ਨਿਵਾਸੀਆ ਨੂੰ ਨਾਲ ਲੈਕੇ ਅਗਲੇਰੀ ਕਾਰਵਾਈ ਕਰਨ ਲਈ ਮਜ਼ਬੂਰ ਹੋਵੇਗਾ । ਜਾਨਵਰਾਂ ਉਤੇ ਹੋ ਰਹੇ ਅੱਤਿਆਚਾਰ ਨੂੰ ਬਿਲਕੁਲ ਸਹਿਣ ਨਹੀਂ ਕਰੇਗਾ । ਇਥੇ ਇਹ ਵੀ ਯਾਦ ਦਿਵਾਉਣਾ ਜ਼ਰੂਰੀ ਹੈ ਕਿ ਪ੍ਰਸ਼ਾਸ਼ਨ ਨੇ ਇਸ ਜੰਗਲੀ ਰੱਖ ਦੇ ਆਲੇ-ਦੁਆਲੇ ਇਕ ‘ਕੋਬਰਾ ਵਾੜ’ ਲਗਾਈ ਹੋਈ ਹੈ ਜਿਸ ਵਿਚ ਕਰੰਟ ਛੱਡਿਆ ਹੋਇਆ ਹੈ । ਇਸ ਨਾਲ ਵੀ ਜਾਨਵਰਾਂ ਦੀ ਵੀ ਅਤੇ ਉਥੋਂ ਦੇ ਨਿਵਾਸੀਆ, ਬੱਚਿਆ ਦੀਆਂ ਜਾਨਾਂ ਜਾ ਰਹੀਆ ਹਨ । ਇਹ ਗੈਰ-ਕਾਨੂੰਨੀ ਅਮਲ ਹੈ । ਜਿਸ ਨੂੰ ਖ਼ਤਮ ਕਰਕੇ ਜਾਨਵਰਾਂ ਦੇ ਰੱਖ ਵਿਚ ਜਾਨ ਦੀ ਰਾਖੀ ਕਰਨ ਦੇ ਨਾਲ-ਨਾਲ ਬਿਸਨੋਈ ਪਰਿਵਾਰਾਂ ਦੇ ਬੱਚਿਆਂ ਅਤੇ ਇਨਸਾਨਾਂ ਦੇ ਹੋ ਰਹੇ ਨੁਕਸਾਨ ਨੂੰ ਬੰਦ ਕਰਵਾਇਆ ਜਾਵੇ । ਉਨ੍ਹਾਂ ਕਿਹਾ ਕਿ ਇਹ ਜੰਗਲੀ ਕੁੱਤੇ ਅਤੇ ਦੂਸਰੇ ਕੁੱਤੇ ਬਿਸਨੋਈਆ ਦੇ ਬੱਚਿਆਂ ਨੂੰ ਵੀ ਨਿਸ਼ਾਨਾਂ ਬਣਾ ਰਹੇ ਹਨ । ਇਸ ਲਈ ਇਸਦਾ ਪ੍ਰਬੰਧ ਤੁਰੰਤ ਹੋਣਾ ਚਾਹੀਦਾ ਹੈ ।