ਸਾਊਥ ਆਸਟ੍ਰੇਲੀਆ ‘ਚ “ਪੰਜਾਬੀ ਕਲਚਰਲ ਐਸੋਸੀਏਸ਼ਨ” ਦਾ ਗਠਨ ‘ਤੇ ਸ਼ਾਇਰ ਸ਼ਮੀ ਜਲੰਧਰੀ ਦੇ ਕਾਵਿ ਸੰਗ੍ਰਿਹ ਦਾ ਰਿਲੀਜ਼ ਸਮਾਰੋਹ

ਐਡੀਲੇਡ (ਰਿਸ਼ੀ ਗੁਲਾਟੀ) – : ਅੱਜ ਸਾਊਥ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਲਈ ਦੋਹਰੀ ਖੁਸ਼ੀ ਵਾਲਾ ਸੁਨਿਹਰੀ ਦਿਨ ਸੀ, ਕਿਉਂਕਿ ਅੱਜ “ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ” ਦਾ ਗਠਨ ਤੇ ਸ਼ਮੀ ਜਲੰਧਰੀ ਦੇ ਕਾਵਿ ਸੰਗ੍ਰਹਿ “ਵਤਨੋਂ ਦੂਰ” ਤੇ ਸੀ.ਡੀ. “ਦਸਤਕ” ਦਾ ਰਿਲੀਜ਼ ਸਮਾਰੋਹ ਹੋਇਆ । ਜੋ ਕਿ “ਇੰਪੀਰੀਅਲ ਕਾਲਜ ਆਫ਼ ਟ੍ਰੇਡਰਜ਼” ਵਿਖੇ ਆਯੋਜਿਤ ਕੀਤਾ ਗਿਆ । ਇਸੇ ਮੌਕੇ ‘ਤੇ ਹੀ “ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ” ਦੀ ਪਹਿਲੀ ਮੀਟਿੰਗ ਹੋਈ ਤੇ ਸਰਬਸੰਮਤੀ ਨਾਲ਼ ਅਹੁਦੇਦਾਰਾਂ ਦੀ ਚੋਣ ਇਸ ਪ੍ਰਕਾਰ ਕੀਤੀ ਗਈ । ਗੁਰਸ਼ਮਿੰਦਰ ਸਿੰਘ (ਮਿੰਟੂ ਬਰਾੜ) – ਪ੍ਰਧਾਨ, ਹਰਵਿੰਦਰ ਸਿੰਘ ਗਰਚਾ – ਸਕੱਤਰ, ਬਖ਼ਸਿਦਰ ਸਿੰਘ – ਖਜ਼ਾਨਚੀ, ਰਿਸ਼ੀ ਗੁਲਾਟੀ – ਮੀਡੀਆ ਇੰਚਾਰਜ, ਸੌਰਵ ਅਗਰਵਾਲ – ਈਵੈਂਟ ਕੰਟਰੌਲਰ, ਮੋਹਨ ਸਿੰਘ ਨਾਗਰਾ – ਖੇਡ ਸਕੱਤਰ, ਸੁਮਿਤ ਟੰਡਨ – ਮੁੱਖ ਬੁਲਾਰਾ, ਸ਼ਮੀ ਜਲੰਧਰੀ – ਸਾਹਿਤਕ ਇੰਚਾਰਜ, ਜਗਤਾਰ ਸਿੰਘ ਨਾਗਰੀ – ਰੀਜ਼ਨਲ ਹੈੱਡ ਤੇ ਜੌਹਰ ਗਰਗ, ਪਿਰਤਪਾਲ ਸਿੰਘ, ਸੁਲੱਖਣ ਸਿੰਘ ਸਹੋਤਾ ਤੇ ਭੋਲਾ ਸਿੰਘ ਨੂੰ ਮੈਂਬਰ ਚੁਣਿਆ ਗਿਆ । ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਊਥ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਦੇ ਸਾਰੇ ਪਤਵੰਤੇ ਸੱਜਣ ਇੱਕ ਜਗ੍ਹਾ ਇਕੱਠੇ ਹੋਏ ।

ਇਸ ਸਮੇਂ ਸਟੇਜ ਸਕੱਤਰ ਰਿਸ਼ੀ ਗੁਲਾਟੀ ਨੇ ਸ਼ਾਇਰ ਸ਼ਮੀ ਜਲੰਧਰੀ ਦੇ ਸਾਹਿਤਕ ਸਫ਼ਰ ਬਾਰੇ ਦੱਸਿਆ  ਕਿ ਸ਼ਮੀ ਜਲੰਧਰੀ ਦੇ ਪਹਿਲੇ ਕਾਵਿ ਸੰਗ੍ਰਹਿ “ਗਮਾਂ ਦਾ ਸਫ਼ਰ” ਤੋਂ ਬਾਅਦ ਉਸਦੇ ਗੀਤਾਂ ਦੀ ਐਲਬਮ “ਜਾਗੋ-ਵੇਕਅਪ” ਮਾਰਕਿਟ ‘ਚ ਆ ਚੁੱਕੀ ਹੈ । ਉਸਦੇ ਗੀਤਾਂ ਦੀਆਂ ਦੋ ਐਲਬਮਾਂ “ਸਚਾਈ-ਦਾ ਟਰੁੱਥ” ਤੇ “ਮਾਂ ਬੋਲੀ ਪੰਜਾਬੀ” ਮਾਰਕਿਟ ‘ਚ ਆਉਣ ਲਈ ਤਿਆਰ ਹਨ । ਅੱਜ ਰਿਲੀਜ਼ ਹੋਏ ਕਾਵਿ ਸੰਗ੍ਰਹਿ ਦੀ ਰਚਨਾ ਉਸਨੇ ਆਪਣੇ ਆਸਟ੍ਰੇਲੀਆ ਪ੍ਰਵਾਸ ਦੌਰਾਨ ਕੀਤੀ ਤੇ ਆਪਣੇ ਵਤਨ ਦੀਆਂ ਯਾਦਾਂ ਤੇ ਵਿਛੋੜੇ ਨੂੰ ਸਮੇਟਣ ਦਾ ਯਤਨ ਕੀਤਾ ਹੈ । ਸ਼ਮੀ ਚਾਹੇ ਆਸਟ੍ਰੇਲੀਆ ਵੱਸਦਾ ਹੈ ਤੇ ਅਜੋਕੇ ਸਮੇਂ ਦਾ ਹਾਣੀ ਹੈ, ਪਰ ਉਸਦੀ ਕਲਮ ‘ਚ 1947 ਦਾ ਦਰਦ ਵੀ ਸਮਾਇਆ ਹੋਇਆ ਹੈ ।

“ਕਿੱਥੇ ਗੁੰਮ ਹੋਇਆ ਸਾਡਾ ਜਿਹਲਮ ਤੇ ਚਨਾਬ
ਸੁੰਨਾ ਜਿਹਾ ਲੱਗਦਾ ਏ, ਮੇਰਾ ਇਹ ਪੰਜਾਬ
47 ਦਿਆਂ ਰੌਲਿਆਂ ‘ਚ ਅੱਡ-ਅੱਡ ਹੋ ਗਈ
ਨਾਨਕ ਦੀ ਬਾਣੀ ਤੇ ਮਰਦਾਨੇ ਦੀ ਰਬਾਬ”

ਸ਼ਮੀ ਅਜੋਕੇ ਸਮੇਂ ਦਾ ਨਿਵੇਕਲਾ ਸ਼ਾਇਰ ਹੈ, ਜਿਸਦੀ ਕਲਮ ਆਪਣੇ ਸੋਰਤਿਆਂ ਤੇ ਪਾਠਕਾਂ ਨੂੰ ਸਮਾਜਿਕ ਸਮੱਸਿਆਵਾਂ ਜਿਵੇਂ ਕਿ ਜਾਤਪਾਤ, ਅੰਧਵਿਸ਼ਵਾਸ, ਭਰੂਣ ਹੱਤਿਆ, ਨਸਿ਼ਆਂ ਆਦਿ ਪ੍ਰਤੀ ਚੇਤੰਨ ਕਰਦੀ ਹੈ । ਪ੍ਰੋਗਰਾਮ ਦੇ ਅਗਲੇ ਹਿੱਸੇ ‘ਚ ਸ਼ਮੀ ਦੀ ਸੀ.ਡੀ. “ਦਸਤਕ” ਦੀਆਂ ਨਜ਼ਮਾਂ ਸੁਣੀਆਂ ਗਈਆਂ । ਮੁੜ ਸ਼ਮੀ ਨੇ ਸਰੋਤਿਆਂ ਨੂੰ ਸੰਬੋਧਨ ਕੀਤਾ ਤੇ ਆਪਣੀਆਂ ਕੁਝ ਰਚਨਾਵਾਂ ਸੁਣਾਈਆਂ । ਇਸ ਉਪਰੰਤ ਜਨਰਲ ਵਿਕਰਮ ਮਦਾਨ, ਸੁਮੀਤ ਟੰਡਨ, ਨਵਤੇਜ ਸਿੰਘ ਬੱਲ, ਮਹਾਂਵੀਰ ਸਿੰਘ ਗਰੇਵਾਲ, ਭੁਪਿੰਦਰ ਸਿੰਘ ਤੱਖੜ, ਡਾ. ਕੁਲਦੀਪ ਚੁੱਘਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ “ਪੰਜਾਬੀ ਕਲਚਰਲ ਐਸੋਸੀਏਸ਼ਨ” ਦੁਆਰਾ ਆਯੋਜਿਤ ਪਲੇਠੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ ਆਸ ਪ੍ਰਗਟਾਈ ਕਿ ਭਵਿੱਖ ‘ਚ ਵੀ ਇਹ ਸੰਸਥਾ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਦੇ ਉਪਰਾਲੇ ਕਰਦੀ ਰਹੇਗੀ । ਜਿ਼ਕਰਯੋਗ ਹੈ ਕਿ ਇਹ ਸੰਸਥਾ ਸਾਊਥ ਆਸਟ੍ਰੇਲੀਆ ਦੀ ਪਹਿਲੀ ਪੰਜਾਬੀ ਸਮਾਜਿਕ ਸੰਸਥਾ ਹੈ । ਪ੍ਰੋਗਰਾਮ ਦੇ ਅੰਤਿਮ ਚਰਣ ‘ਚ ਸ਼ਮੀ ਜਲੰਧਰੀ ਦੀ ਪੁਸਤਕ ਤੇ ਸੀ.ਡੀ. ਰਿਲੀਜ਼ ਕੀਤੀ ਗਈ ਤੇ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਸ਼ਮੀ ਜਲੰਧਰੀ ਨੂੰ ਸਨਮਾਨਿਤ ਕੀਤਾ ਗਿਆ । ਹਾਜ਼ਰ ਹੋਣ ਵਾਲੇ ਹੋਰ ਪਤਵੰਤੇ ਸੱਜਣਾਂ ਵਿੱਚ ਚਮਕੌਰ ਸਿੰਘ, ਕੁਨਾਲ, ਗਿੱਪੀ ਬਰਾੜ, ਮਨਜੀਤ ਸਿੰਘ ਢਡਵਾਲ, ਸਿੱਪੀ ਗਰੇਵਾਲ, ਸੁੱਖੀ ਬਣਵੈਤ, ਗੁਰਜੀਤ ਸਿੰਘ, ਜਸਪ੍ਰੀਤ ਸਿੰਘ, ਹਰਭਜਨ ਸਿੰਘ, ਅਸ਼ੋਕ ਕੁਮਾਰ ਆਦਿ ਸਨ । ਇਸ ਪ੍ਰੋਗਰਾਮ ‘ਚ ਹੈਰਾਨੀ ਦੀ ਗੱਲ ਇਹ ਹੋਈ ਕਿ ਜਿੱਥੇ ਆਮ ਤੌਰ ਤੇ ਲੋਕ ਸਪੀਚ ਕਰਨੀ ਤੇ ਸੁਨਣੀ ਪਸੰਦ ਨਹੀਂ ਕਰਦੇ, ਉੱਥੇ ਇਸ ਪ੍ਰੋਗਰਾਮ ‘ਚ ਹਾਜ਼ਰ ਕਰੀਬ ਹਰ ਸੱਜਣ ਨੇ ਆਪਣੇ ਵਿਚਾਰ ਪ੍ਰਗਟ ਕਰਨ ‘ਚ ਖੁਸ਼ੀ ਮਹਿਸੂਸ ਕੀਤੀ । ਬੁਲਾਰਿਆਂ ਨੇ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਕਿ ਜਿੱਥੇ ਅੱਜ ਦੇ ਸਮੇਂ ‘ਚ ਦੋ-ਅਰਥੀ ਤੇ ਪਰਿਵਾਰ ‘ਚ ਬੈਠ ਕੇ ਨਾ ਸੁਣੇ ਜਾ ਸਕਣ ਵਾਲੇ ਗੀਤਾਂ ਤੇ ਗੀਤਕਾਰਾਂ ਦਾ ਹੜ੍ਹ ਆਇਆ ਹੋਇਆ ਹੈ, ਉੱਥੇ ਸ਼ਮੀ ਨੇ ਕਲਮ ਰਾਹੀਂ ਸਮਾਜਿਕ ਜਾਗਰੂਕਤਾ ਦਾ ਝੰਡਾ ਬੁਲੰਦ ਕਰਕੇ ਵਾਕਿਆ ਹੀ ਹੌਸਲੇ ਭਰਿਆ ਕਦਮ ਚੁੱਕਿਆ ਹੈ ।

ਪ੍ਰੋਗਰਾਮ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਵੱਲੋਂ ਆਏ ਸਰੋਤਿਆਂ ਨੂੰ ਜੀ ਆਇਆਂ ਕਹਿ ਕੇ ਕੀਤੀ ਗਈ ਤੇ ਪ੍ਰੋਗਰਾਮ ਦੇ ਆਖੀਰ ‘ਚ ਆਏ ਪਤਵੰਤਿਆਂ ਦਾ ਧੰਨਵਾਦ ਕਰਦੇ ਸਮੇਂ ਉਨ੍ਹਾਂ ਦੱਸਿਆ ਕਿ “ਪੰਜਾਬੀ ਕਲਚਰਲ ਐਸੋਸੀਏਸ਼ਨ” ਜਾਤਪਾਤ ਤੇ ਧਰਮ ਤੋਂ ਉੱਪਰ ਉੱਠ ਕੇ ਪੰਜਾਬੀ, ਪੰਜਾਬੀਅਤ ਤੇ ਮਨੁੱਖਤਾ ਦੀ ਸੇਵਾ ਲਈ ਵਚਨਬੱਧ ਹੋਵੇਗੀ । ਵਿਦੇਸ਼ੀਂ ਵੱਸਦੀ ਨਵੀਂ ਪੀੜ੍ਹੀ ਦੇ ਪੰਜਾਬੀ ਤੋਂ ਦੂਰ ਹੋਣ ਤੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਆਸਟ੍ਰੇਲੀਆ ਦੇ ਹਰ ਪੰਜਾਬੀ ਪਰਿਵਾਰ ‘ਚ ਪੰਜਾਬੀ ਦੇ ਕੈਦੇ ਪਹੁੰਚਾਉਣ ਦਾ ਅਹਿਦ ਦੋਹਰਾਇਆ । ਮਿੰਟੂ ਅਨੁਸਾਰ ਪੰਜਾਬੀ ਨੂੰ ਕਾਇਮ ਰੱਖਣ ਲਈ ਸਭ ਤੋਂ ਪਹਿਲਾਂ ਊੜੇ (ੳ) ਨਾਲ ਜੁੜਨਾ ਪਵੇਗਾ । ਵਰਨਣਯੋਗ ਹੈ ਕਿ ਇਸ ਮੌਕੇ ਪੰਜਾਬੀ ਦੀ ਸਾਹਿਤਕ ਵੈੱਬਸਾਈਟ “ਸ਼ਬਦ ਸਾਂਝ” ਦਾ ਜਿ਼ਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਵੈੱਬਸਾਈਟ ਵੀ ਸਾਊਥ ਆਸਟ੍ਰੇਲੀਆ ਤੋਂ ਹੀ ਪਿਛਲੇ ਦੋ ਸਾਲਾਂ ਤੋਂ ਚਲਾਈ ਜਾ ਰਹੀ ਹੈ, ਜੋ ਕਿ ਪੂਰਣ ਰੂਪ ‘ਚ ਗੈਰ ਵਪਾਰਿਕ ਹੈ । “ਵਤਨੋਂ ਦੂਰ” ਤੇ “ਦਸਤਕ” ਦੋਵੇਂ ਹੀ ਸ਼ਬਦ ਸਾਂਝ ਡਾਟ ਕਾਮ ਤੇ ਪੜ੍ਹੀਆਂ/ਸੁਣੀਆਂ ਜਾ ਸਕਦੀਆਂ ਹਨ । ਇਸ ਮੌਕੇ ‘ਤੇ ਆਸਟ੍ਰੇਲੀਆ ਤੋਂ 24 ਘੰਟੇ ਚੱਲਣ ਵਾਲੇ “ਹਰਮਨ ਰੇਡੀਓ” ਦੀ ਸ਼ੁਰੂਆਤ ਬਾਰੇ ਵੀ ਜਾਣਕਾਰੀ ਦਿੱਤੀ ਗਈ । ਇਸਦੇ ਦੋ ਚੈਨਲ ਹੋਣਗੇ, ਜਿਸ ਵਿਚੋਂ ਇੱਕ ਚੈਨਲ ‘ਤੇ 24 ਘੰਟੇ ਗੁਰਬਾਣੀ ਤੇ ਦੂਸਰੇ ਚੈਨਲ ਤੇ ਖਬਰਾਂ, ਗੀਤ ਸੰਗੀਤ ਤੇ ਹੋਰ ਪ੍ਰੋਗਰਾਮ ਚੱਲਿਆ ਕਰਨਗੇ । “ਹਰਮਨ ਰੇਡੀਓ” ਦੇ ਡਾਇਰੈਕਟਰ ਅਮਨਦੀਪ ਸਿੰਘ ਸਿੱਧੂ ਦੁਆਰਾ ਕੀਤੀ ਜਾ ਰਹੀ ਇਸ ਮਿਹਨਤ ਦਾ ਨਤੀਜਾ ਹੋਲੀ ਦੇ ਆਸਪਾਸ ਸਰੋਤਿਆਂ ਦੇ ਸਨਮੁੱਖ ਹੋਵੇਗਾ ।

ਇੰਪੀਰੀਅਲ ਕਾਲਜ ਦੇ ਬਿੱਕਰ ਸਿੰਘ ਬਰਾੜ ਦੀ ਗੈਰਹਾਜ਼ਰੀ ‘ਚ ਮੇਜ਼ਬਾਨੀ ਦੀ ਜਿੰਮੇਵਾਰੀ ਨਵਤੇਜ ਸਿੰਘ ਬੱਲ ਨੇ ਬਾਖੂਬੀ ਨਿਭਾਈ । ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰੇ ਦੇ ਕਿਸੇ ਵੀ ਧਾਰਮਿਕ ਜਾਂ ਸਮਾਜਿਕ ਪ੍ਰੋਗਰਾਮ ਦੀ ਮੇਜ਼ਬਾਨੀ ਲਈ “ਇੰਪੀਰਅਲ ਕਾਲਜ ਆਫ਼ ਟ੍ਰੇਡਰਜ਼” ਆਪਣੇ ਸੰਪੂਰਣ ਸਰੋਤਾਂ ਸਮੇਤ ਹਮੇਸ਼ਾ ਹਾਜ਼ਰ ਹੈ । ਇਸ ਮੌਕੇ ‘ਤੇ ਹਾਜ਼ਰ ਸਰੋਤਿਆਂ ਨੇ ਸਾਹਿਤਕ ਆਨੰਦ ਉਠਾਉਣ ਦੇ ਨਾਲ-ਨਾਲ ਹਾਕਰ ਕਾਰਨਰ ਦੇ ਮਨਜੀਤ ਢਡਵਾਲ ਤੇ ਗਾਂਧੀ ਰੈਸਟੋਰੈਂਟ ਦੇ ਸੌਰਵ ਅਗਰਵਾਲ ਦੁਆਰਾ ਸੇਵਾ ਭਾਵਨਾ ਨਾਲ਼ ਲਿਆਂਦੇ ਗਏ ਸਮੋਸਿਆਂ, ਪਕੌੜਿਆਂ ਤੇ ਗੁਲਾਬ ਜਾਮਣਾਂ ਦਾ ਆਨੰਦ ਵੀ ਉਠਾਇਆ ।

***

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>