ਇਸਲਾਮਾਬਾਦ- ਪਾਕਿਸਤਾਨ ਦੇ ਲਿਆਕਤਪੁਰ ਵਿੱਚ ਕਰਾਚੀ-ਰਾਵਲਪਿੰਡੀ ਤੇਜ਼ਗਾਮ ਐਕਸਪ੍ਰੈਸ ਟਰੇਨ ਵਿੱਚ ਅੱਗ ਲੱਗਣ ਨਾਲ 74 ਯਾਤਰੀਆਂ ਦੀ ਮੌਤ ਹੋ ਗਈ ਅਤੇ 15 ਦੇ ਕਰੀਬ ਜਖਮੀ ਹੋ ਗਏ। ਡਿਸਟਰਿਕਟ ਰੈਸਕਿਯੂ ਸਰਵਿਸ ਦੇ ਮੁੱਖੀ ਬਸ਼ੀਰ ਹੁਸੈਨ ਨੇ ਕਿਹਾ ਕਿ ਮਰਣ ਵਾਲਿਆਂ ਦੀ ਸੰਖਿਆ ਵਿੱਚ ਵਾਧਾ ਹੋ ਸਕਦਾ ਹੈ। ਕੁਝ ਲੋਕਾਂ ਨੇ ਅੱਗ ਤੋਂ ਬੱਚਣ ਲਈ ਚਲਦੀ ਟਰੇਨ ਵਿੱਚੋਂ ਹੇਠਾਂ ਛਾਲਾਂ ਮਾਰ ਦਿੱਤੀਆਂ, ਜਿਸ ਕਰਕੇ ਉਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ। ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।
ਰੇਲਵੇ ਦੇ ਇੱਕ ਅਧਿਕਾਰੀ ਅਨੁਸਾਰ ਨਾਸ਼ਤਾ ਬਣਾਉਂਦੇ ਸਮੇਂ ਸਿਲੰਡਰ ਵਿੱਚ ਜੋਰ ਦੀ ਧਮਾਕਾ ਹੋ ਗਿਆ, ਜਿਸ ਦੇ ਬਾਅਦ ਟਰੇਨ ਵਿੱਚ ਅੱਗ ਲਗ ਗਈ। ਅੱਗ ਏਨੀ ਤੇਜ਼ੀ ਨਾਲ ਫੈਲੀ ਕਿ ਵੇਖਦੇ ਹੀ ਵੇਖਦੇ ਟਰੇਨ ਦੇ ਤਿੰਨ ਡੱਬੇ ਅੱਗ ਦੀ ਚਪੇਟ ਵਿੱਚ ਆ ਗਏ। ਇਹ ਰਾਵਲਪਿੰਡੀ ਅਤੇ ਕਰਾਚੀ ਦੇ ਵਿੱਚਕਾਰ ਰੋਜ਼ਾਨਾ ਚੱਲਣ ਵਾਲੀ ਟਰੇਨ ਹੈ। ਇਹ ਰਾਵਲਪਿੰਡੀ ਜਾ ਰਹੀ ਸੀ। ਫਾਇਰ ਬਰਗੇਡ ਅਤੇ ਬਚਾਅ ਦਲ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਜਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਪਹੁੰਚਾਇਆ ਜਾ ਰਿਹਾ ਹੈ। ਅੱਗ ਲੱਗਣ ਨਾਲ ਟਰੇਨ ਦੇ ਦੋ ਇਕਾਨਮੀ ਕਲਾਸ ਅਤੇ ਇੱਕ ਬਿਜ਼ਨੈਸ ਕਲਾਸ ਦਾ ਡੱਬਾ ਤਬਾਹ ਹੋ ਗਿਆ ਹੈ।ਇਹ ਹਾਦਸਾ ਪੰਜਾਬ ਸੂਬੇ ਦੇ ਰਹੀਮ ਯਾਰ ਕਸਬੇ ਦੇ ਕੋਲ ਹੋਇਆ ਹੈ।