ਇਸਲਾਮਾਬਾਦ – ਪ੍ਰਧਾਨਮੰਤਰੀ ਇਮਰਾਨ ਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਸਿੱਖਾਂ ਨੂੰ ਬਹੁਤ ਸਾਰੇ ਲਾਜਵਾਬ ਤੋਹਫਿਆਂ ਨਾਲ ਨਿਵਾਜਿਆ ਹੈ। ਪਾਕਿਸਤਾਨ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਇੱਕ ਵਿਸ਼ੇਸ਼ ਸਿੱਕਾ ਜਾਰੀ ਕੀਤਾ ਹੈ।ਪ੍ਰਧਾਨਮੰਤਰੀ ਇਮਰਾਨ ਖਾਨ ਨੇ ਆਪਣੇ ਫੇਸਬੁੱਕ ਪੇਜ਼ ਤੇ ਇਸ ਸਿੱਕੇ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਯੂਨੀਵਰਿਸਟੀ ਦਾ ਨੀਂਹ ਪੱਥਰ ਵੀ ਰੱਖਿਆ ਹੈ। 9 ਨਵੰਬਰ ਨੂੰ ਉਹ ਇਤਿਹਾਸਿਕ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਬਣਾਏ ਜਾ ਰਹੇ ਕਾਰੀਡੋਰ ਦਾ ਉਦਘਾਟਨ ਵੀ ਕਰ ਰਹੇ ਹਨ। ਦੁਨੀਆਂਭਰ ਦੇ ਸਿੱਖ ਕਰਤਾਰਪੁਰ ਗਲਿਆਰੇ ਦੇ ਖੁਲ੍ਹਣ ਦਾ ਬੜੀ ਸ਼ਰਧਾ ਅਤੇ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਸ਼ਰਧਾਲੂ ਬਿਨਾਂ ਵੀਜ਼ੇ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ।
ਇਮਰਾਨ ਖਾਨ ਦੀ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ 50 ਰੁਪੈ ਦਾ ਸਿੱਕਾ ਜਾਰੀ ਕੀਤਾ ਹੈ। ਇਹ ਸਿੱਕਾ ਉਸੇ ਧਾਤੂ ਦਾ ਬਣਿਆ ਹੋਇਆ ਹੈ, ਜਿਸ ਧਾਤੂ ਨਾਲ ਦੇਸ਼ ਵਿੱਚ ਚੱਲਣ ਵਾਲੇ ਦੂਸਰੇ ਸਿੱਕੇ ਬਣੇ ਹੋਏ ਹਨ। ਸਿੱਕੇ ਦੇ ਇੱਕ ਪਾਸੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਅੰਗਰੇਜ਼ੀ ਵਿੱਚ 550ਵੇਂ ਜਨਮਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਲ 1469-2019 ਲਿਿਖਆ ਹੋਇਆ ਹੈ। ਸਿੱਕੇ ਦੇ ਦੂਸਰੇ ਪਾਸੇ ਉਰਦੂ ਭਾਸ਼ਾ ਵਿੱਚ ਚੰਦ-ਤਾਰਾ ਉਕਰਿਆ ਹੋਇਆ ਹੈ। ਸਿੱਕੇ ਦੇ ਹੇਠਾਂ ਕਣਕ ਦੇ ਸਿੱਟਿਆਂ ਨੂੰ ਵਿਖਾਉਂਦੇ ਹੋਏ 50 ਲਿਿਖਆ ਹੋਇਆ ਹੈ। ਈਟੀਪੀਬੀ ਦੇ ਪ੍ਰਧਾਨ ਡਾ. ਅਮੀਰ ਅਹਿਮਦ ਅਨੁਸਾਰ ਗੁਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂ ਅਗਲੇ ਮਹੀਨੇ ਤੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਲਗੇ ਇੱਕ ਕਾਊਂਟਰ ਤੋਂ ਖ੍ਰੀਦ ਸਕਣਗੇ। ਪਾਕਿਸਤਾਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਡਾਕ ਟਿਕਟ ਵੀ ਜਾਰੀ ਕੀਤੀ ਜਾਵੇਗੀ।