ਬਾਬਾ ਤੇਰੇ ਦੇਸ ਵਿੱਚ,
ਸੱਜਣਾ ਦੇ ਭੇਸ ਵਿੱਚ,
ਰੋਜ਼ ਰੋਜ਼ ਨਿੱਤ ਨਿੱਤ,
ਠਗ ਪਏ ਨੇ ਲੁੱਟਦੇ।
ਲਾਲੋ ਨੂੰ ਪਛਾਣੇ ਕੌਣ,
ਕਿਰਤੀ ਨੂੰ ਜਾਣੇ ਕੌਣ,
ਸਕਤਿਆਂ ਦਾ ਰਾਜ ਏਥੇ,
ਭਾਗੋ ਏਥੇ ਬੁੱਕਦੇ।
ਕੋਈ ਨਾ ਦਲੀਲ ਸੁਣੇ,
ਕੋਈ ਨਾ ਅਪੀਲ ਸੁਣੇ,
ਸੱਚੀ ਗੱਲ ਕਰੇ ਜਿਹੜਾ,
ਜੇਲ੍ਹ ਵਿਚ ਸੁੱਟਦੇ।
ਵਲੀ ਕੰਧਾਰੀ ਏਥੇ,
ਬਣੇ ਹੰਕਾਰੀ ਏਥੇ,
ਸੁੱਟਦੇ ਪਹਾੜ ਰੋਜ਼,
ਸਾਥੋਂ ਕਿੱਥੇ ਰੁੱਕਦੇ।
ਕਰੇ ਜੇ ਪੁਕਾਰ ਕੋਈ,
ਮੰਗੇ ਰੁਜ਼ਗਾਰ ਕੋਈ,
ਕਰਦੇ ਜ਼ੁਬਾਨ ਬੰਦ,
ਨਾਲੇ ਚੰਮ ਕੁੱਟਦੇ।
ਬਾਣੀ ਵਾਲੇ ਬਾਣ ਤੇਰੇ,
ਰਾਹ ਰੁਸ਼ਨਾਉਣ ਜਿਹੜੇ,
ਕਰਨੀ ਵੀਚਾਰ ਕੀ ਏ?
ਅੰਗ ਪਾੜ ਸੁੱਟਦੇ।
ਬਖਸ਼ੀਂ ਸੁਮੱਤ ਦਾਤਾ,
ਦੇਈਂ ਕੋਈ ਮੱਤ ਦਾਤਾ,
‘ਦੀਸ਼’ ਦਿਆਂ ਬੋਲਾਂ ਦੀ ਨਾ,
ਸੰਘੀ ਕੋਈ ਘੁੱਟਦੇ।