ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੇਸਿਕ ਸਾਇੰਸਜ਼ ਕਾਲਜ ਵੱਲੋਂ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਸਕੂਲੀ ਵਿਦਿਆਰਥੀਆਂ ਵਿੱਚ ਵਿਗਿਆਨ ਦੀ ਪੜ੍ਹਾਈ ਤੇ ਖੋਜ ਪ੍ਰਤੀ ਉਤਸ਼ਾਹ ਵਧਾਉਣ ਹਿਤ ਪੰਜ ਰੋਜ਼ਾ ਕੋਰਸ ਅੱਜ ਸ਼ੁਰੂ ਕੀਤਾ ਗਿਆ। ਯੂਨੀਵਰਸਿਟੀ ਦੇ ਡਾ:ਬੋਰਲਾਗ ਕਣਕ ਭਵਨ ਵਿੱਚ ਹੋਏ ਉਦਘਾਟਨੀ ਸਮਾਗਮ ਦੇ ਮੁੱਖ ਮਹਿਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ: ਸਰਦਾਰਾ ਸਿੰਘ ਜੌਹਲ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਰਵੱਈਆ ਅਪਨਾਉਣ ਲਈ ਪ੍ਰੇਰਦਿਆਂ ਕਿਹਾ ਕਿ ਵਿਗਿਆਨ ਦੇ ਮੁੱਢਲੇ ਵਿਸ਼ਿਆਂ ਵਿੱਚ ਕਰੀ ਪੜ੍ਹਾਈ ਉਚੇਰੀ ਸਿੱਖਿਆ ਵਿੱਚ ਵਧੇਰੇ ਕੰਮ ਆਉਂਦੀ ਹੈ। ਡਾ: ਜੌਹਲ ਨੇ ਕਿਹਾ ਕਿ ਅੱਜ ਵਿਗਿਆਨ ਦਾ ਯੁਗ ਹੈ, ਇਸ ਲਈ ਸਾਇੰਸ ਦੀ ਪੜ੍ਹਾਈ ਅਤੇ ਵੱਖਰੇ ਵੱਖਰੇ ਪਹਿਲੂਆਂ ਤੇ ਖੋਜ ਦੀ ਸਾਰਥਿਕਤਾ ਵੀ ਵਧੇਰੇ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿੱਚ ਸਾਇੰਸ ਪ੍ਰਤੀ ਉਤਸ਼ਾਹ ਵਧਾਉਣ ਲਈ ਅਜਿਹੇ ਉਪਰਾਲੇ ਹੋਣੇ ਚਾਹੀਦੇ ਹਨ।
ਇਸ ਮੌਕੇ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ: ਰਾਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਵਿਦਿਆਰਥੀਆਂ ਵਿੱਚੋਂ ਚੰਗੇ ਵਿਗਿਆਨੀ ਪੈਦਾ ਕਰਨ ਦੇ ਨਿਸ਼ਾਨੇ ਨਾਲ ਆਯੋਜਿਤ ਕੀਤੀ ਜਾ ਰਹੀ ਕਾਰਜਸ਼ਾਲਾ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਦੋ ਸੌ ਤੋਂ ਵੱਧ ਵਿਦਿਆਰਥੀ ਭਾਗ ਲੈ ਰਹੇ ਹਨ। ਡਾ: ਸਿੱਧੂ ਨੇ ਕਿਹਾ ਕਿ ਵਿਗਿਆਨ ਦੀ ਪੜ੍ਹਾਈ ਪ੍ਰਤੀ ਬਣਿਆ ਹਊਆ ਹੀ ਵਿਦਿਆਰਥੀਆਂ ਨੂੰ ਵਿਗਿਆਨ ਨਾਲ ਜੁੜਨ ਵਿੱਚ ਅੜਚਨ ਬਣਦਾ ਹੈ। ਡਾ: ਸਿੱਧੂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਮਿਹਨਤ ਅਤੇ ਲਗਨ ਨਾਲ ਹੀ ਹਰ ਖੇਤਰ ਵਿੱਚ ਕਾਮਯਾਬੀ ਮਿਲਦੀ ਹੈ। ਜ਼ਿਲ੍ਹੇ ਦੇ ਡਿਪਟੀ ਸਿੱਖਿਆ ਅਧਿਕਾਰੀ ਮੈਡਮ ਪਰਮਜੀਤ ਕੌਰ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।
ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਖੇਤੀਬਾੜੀ ਵਿੱਚ ਬਾਇਓ ਟੈਕਨਾਲੋਜੀ ਜਦੋਂ ਕਿ ਯੂਨੀਵਰਸਿਟੀ ਸਿਰਮੌਰ (ਹਿਮਾਚਲ) ਦੇ ਨਿਰਦੇਸ਼ਕ ਖੋਜ ਡਾ: ਕੁਲਵਿੰਦਰ ਸੈਣੀ ਨੇ ਬਾਇਓ ਟੈਕਨਾਲੋਜੀ ਦੇ ਭਵਿੱਖ ਬਾਰੇ ਵਿਸ਼ੇਸ ਭਾਸ਼ਣ ਦਿੱਤੇ । ਅੰਬਾਲਾ ਕਾਲਜ ਆਫ ਇੰਜੀਨੀਅਰਿੰਗ ਬਾਇਓ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ: ਆਰ ਕੇ ਜੇਠੀ ਨੇ ਮਨੁੱਖ ਸਿਹਤ ਸੰਬੰਧੀ ਭਾਸ਼ਣ ਦਿੱਤਾ। ਡਾ: ਪੀ ਕੇ ਖੰਨਾ ਨੇ ਧੰਨਵਾਦੀ ਸ਼ਬਦ ਕਹੇ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ, ਕੰਪਟਰੋਲਰ ਸ਼੍ਰੀ ਅਵਤਾਰ ਚੰਦ ਰਾਣਾ, ਹੋਮ ਸਾਇੰਸ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ, ਲਾਇਬ੍ਰੇਰੀਅਨ ਡਾ: ਜਸਵਿੰਦਰ ਕੌਰ ਸੰਘਾ, ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ, ਅਪਰ ਨਿਰਦੇਸ਼ਕ ਪਸਾਰ ਡਾ: ਹਰਜੀਤ ਸਿੰਘ ਧਾਲੀਵਾਲ ਹਾਜ਼ਰ ਸਨ। ਪ੍ਰੋਗਰਾਮ ਕੋਆਰਡੀਨੇਟਰ ਡਾ: ਬਲਦੇਵ ਸਿੰਘ ਸੋਹਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਭੌਤਿਕ ਵਿਗਿਆਨ, ਜੀਵ ਵਿਗਿਆਨ, ਰਸਾਇਣ ਵਿਗਿਆਨ ਸਮੇਤ ਵਿਗਿਆਨ ਦੇ ਵੱਖ-ਵੱਖ ਪਹਿਲੂਆਂ ਤੇ ਗੱਲਬਾਤ ਅਤੇ ਭਾਸ਼ਣ ਹੋਣਗੇ।
ਵਿਗਿਆਨ ਖੋਜ ਪ੍ਰਤੀ ਉਤਸ਼ਾਹ ਵਧਾਉਣ ਸੰਬੰਧੀ ਕੋਰਸ ਪੰਜ ਰੋਜ਼ਾ ਕੋਰਸ ਸ਼ੁਰੂ
This entry was posted in ਖੇਤੀਬਾੜੀ.