ਫ਼ਤਹਿਗੜ੍ਹ ਸਾਹਿਬ – “ਇਕ ਪਾਸੇ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਲੈਕੇ ਮੋਦੀ ਹਕੂਮਤ, ਪੰਜਾਬ ਹਕੂਮਤ ਵੱਲੋਂ 9 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਡੇਰਾ ਬਾਬਾ ਨਾਨਕ ਵਿਖੇ ਦੋਵੇ ਹਕੂਮਤਾਂ ਵੱਲੋਂ ਸਰਕਾਰੀ ਸਮਾਗਮ ਕੀਤੇ ਜਾ ਰਹੇ ਹਨ । ਪਰ ਦੂਸਰੇ ਪਾਸੇ 28 ਅਕਤੂਬਰ ਨੂੰ ਦਿੱਲੀ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੰਜ ਪਿਆਰਿਆ ਦੀ ਅਗਵਾਈ ਵਿਚ ਨਨਕਾਣਾ ਸਾਹਿਬ ਲਈ ਰਵਾਨਾ ਹੋਏ ਨਗਰ-ਕੀਰਤਨ ਦੇ ਮੁੱਖ ਪ੍ਰਬੰਧਕ ਸ. ਪਰਮਜੀਤ ਸਿੰਘ ਸਰਨਾ ਨੂੰ ਵਾਹਗਾ ਸਰਹੱਦ ਵਿਖੇ ਪਹੁੰਚਣ ਉਤੇ ਇੰਡੀਆ ਦੀਆਂ ਖੂਫੀਆ ਏਜੰਸੀਆ, ਫੋਰਸਾਂ, ਇੰਮੀਗ੍ਰੇਸ਼ਨ ਅਫ਼ਸਰਾਂ ਨੇ ਜ਼ਬਰੀ ਰੋਕ ਕੇ ਇਕ ਕਮਰੇ ਵਿਚ ਬਿਠਾ ਦਿੱਤਾ ਉਨ੍ਹਾਂ ਨੂੰ ਪਾਕਿਸਤਾਨ ਦੀ ਗੁਰੂਆਂ ਦੀ ਪਵਿੱਤਰ ਧਰਤੀ ਵਿਚ ਦਾਖਲ ਨਹੀਂ ਹੋਣ ਦਿੱਤਾ । ਹਿੰਦੂਤਵ ਹਕੂਮਤ ਨੇ ਅਜਿਹੀ ਕਾਰਵਾਈ ਕਰਕੇ ਸਮੁੱਚੀ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਦੇ ਨਾਲ-ਨਾਲ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੀਆਂ ਕੌਮੀ ਖੁਸ਼ੀਆਂ ਵਿਚ ਜਾਣਬੁੱਝ ਕੇ ਵਿਘਨ ਪਾਉਣ ਦੀ ਦੁੱਖਦਾਇਕ ਕੋਸ਼ਿਸ਼ ਕੀਤੀ ਹੈ ਜੋ ਸਿੱਖ ਕੌਮ ਲਈ ਅਸਹਿ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਨਨਕਾਣਾ ਸਾਹਿਬ ਤੋਂ ਇੰਡੀਆ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਦੇ ਨਾਮ ਸਿੱਖ ਕੌਮ ਦੇ ਬਿਨ੍ਹਾਂ ਤੇ ਵੱਡਾ ਰੋਸ ਜਾਹਰ ਕਰਦੇ ਹੋਏ ਇਕ ਲਿਖੇ ਗਏ ਪੱਤਰ ਵਿਚ ਪ੍ਰਗਟਾਏ । ਉਨ੍ਹਾਂ ਕਿਹਾ ਕਿ ਇੰਡੀਆ ਹਕੂਮਤ ਵੱਲੋਂ ਇਸ ਮਹਾਨ ਮੌਕੇ ਤੇ ਮੰਦਭਾਵਨਾ ਅਧੀਨ ਅਜਿਹੀ ਕਾਰਵਾਈ ਬਿਲਕੁਲ ਨਹੀਂ ਸੀ ਹੋਣੀ ਚਾਹੀਦੀ । ਉਨ੍ਹਾਂ ਇਹ ਵੀ ਕਿਹਾ ਕਿ ਇਹ ਪੁਰਾਤਨ ਰਵਾਇਤ ਹੈ ਕਿ ਜਦੋਂ ਅਸੀਂ ਵਿਦੇਸ਼ੀ ਧਰਤੀ ਤੇ ਵਿਚਰ ਰਹੀਏ ਹੋਈਏ ਤਾਂ ਅਜਿਹੀਆ ਕਾਰਵਾਈਆ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਕੇ ਹੁਕਮਰਾਨਾਂ ਦੇ ਚਿਹਰਿਆ ਤੇ ਚੜ੍ਹਾਏ ਨਕਾਬਾ ਨੂੰ ਉਤਾਰੀਏ । ਇਹ ਗੈਰ-ਕੁਦਰਤੀ ਅਤੇ ਦੁੱਖਦਾਇਕ ਵਰਤਾਰਾ ਹੋਇਆ ਹੈ ਕਿ ਇੰਡੀਆ ਦੀ ਆਪ ਜੀ ਦੀ ਸਰਕਾਰ ਨੇ ਇਸ ਰਵਾਇਤ ਨੂੰ ਤੋੜਿਆ ਹੈ, ਜਿਸਦੀ ਹਿਫਾਜਤ ਲਈ ਅਸੀਂ ਆਪ ਜੀ ਨੂੰ ਇੰਡੀਆ ਦੇ ਵਜ਼ੀਰ-ਏ-ਆਜ਼ਮ ਹੋਣ ਦੇ ਨਾਤੇ ਇਹ ਪੱਤਰ ਲਿਖ ਰਹੇ ਹਾਂ ।