ਪੈਰਿਸ,(ਸੰਧੂ) – ਦਸੰਬਰ ਦੇ ਮਹੀਨੇ ਪੈਰਿਸ ਵਿੱਚ ਪਿਛਲੇ 20 ਸਾਲਾਂ ਤੋਂ ਬਰਫਵਾਰੀ ਘੱਟ ਵੱਧ ਹੋਈ ਸੀ। ਪਰ ਇਸ ਸਾਲ ਤਾਂ ਬਰਫ ਨੇ ਪਿਛਲੇ ਸਾਲਾਂ ਦਾ ਰੀਕਾਰਡ ਹੀ ਤੋੜ ਦਿੱਤਾ ਹੈ।ਹਾਲੇ ਪਿਛਲੇ ਹਫਤੇ ਹੋਈ ਭਾਰੀ ਬਰਫਵਾਰੀ ਤੋਂ ਲੋਕਾਂ ਨੇ ਮਸਾਂ ਹੀ ਸੌਖਾ ਸਾਹ ਲਿਆ ਸੀ। ਪਰ ਹੁਣ ਫੇਰ ਪਿਛਲੇ ਦੋ ਤਿੰਨ ਦਿਨਾਂ ਤੋਂ ਰੁੱਕ ਰੁੱਕ ਪੈ ਰਹੀ ਬਰਫ ਨੇ ਫਰਾਂਸ ਦੇ ਨੌਰਥ ਇਲਾਕੇ ਦੀਆਂ ਕਈ ਸਟੇਟਾਂ ਦੀ ਆਵਾਜਾਈ ਵਿੱਚ ਕਾਫੀ ਵਿਘਨ ਪਾਇਆ ਹੈ। ਇਥੇ ਹੀ ਬੱਸ ਨਹੀ ਮੌਸਮ ਵਿਭਾਗ ਨੇ ਹਾਲੇ ਇਹਨਾਂ ਇਲਾਕਿਆਂ ਵਿੱਚ ਹੋਰ ਬਰਫਵਾਰੀ ਹੋਣ ਦੀ ਪੁਸ਼ਟੀ ਕੀਤੀ ਹੈ।ਕਈ ਇਲਾਕਿਆਂ ਵਿੱਚ ਬਿਜਲੀ ਦੀਆ ਲਾਈਨਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ।ਜਿਸ ਕਾਰਨ ਕੋਈ 15000 ਹਜ਼ਾਰ ਘਰਾਂ ਦੀ ਬਿਜਲੀ ਬੰਦ ਪਈ ਹੈ। ਫਰਾਂਸ ਦੀ ਅੰਤਰਰਾਸ਼ਟਰੀ ਏਅਰਪੋਰਟ ਚਾਰਲਿਸ ਦਾ ਗੌਲ ਉਪਰ ਕੋਈ 20000 ਹਜ਼ਾਰ ਦੇ ਕਰੀਬ ਯਾਤਰੀ 40 ਪ੍ਰਤੀਸ਼ਤ ਉਡਾਣਾਂ ਰੱਦ ਹੋ ਜਾਣ ਕਾਰਨ ਰੁੱਕੇ ਹੋਏ ਹਨ।ਇਸ ਦੀਆ ਦੋ ਹਵਾਈ ਪਟੜੀਆਂ ਮੌਸਮ ਦੀ ਖਰਾਬੀ ਕਾਰਨ ਬੰਦ ਕਰ ਦਿੱਤੀਆਂ ਗਈਆਂ ਹਨ।ਆਈਫਲ ਟਾਵਰ ਨੂੰ ਅੱਜ ਫਿਰ ਦੁਬਾਰਾ ਵੇਖਣ ਵਾਲੇ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ।