ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਲਾਹਕਾਰ ਪਰਮਜੀਤ ਸਿੰਘ ਚੰਡੋਕ ਦੇ ਵਲੋਂ ਕਥਿਤ ਤੌਰ ਉੱਤੇ ਬੀਅਰ ਖਰੀਦਣ ਦੀ ਵੀਡੀਓ ਸੋਸ਼ਲ ਮੀਡਿਆ ਉੱਤੇ ਵਾਇਰਲ ਹੋਣ ਦੇ ਬਾਵਜੂਦ ਕਮੇਟੀ ਪ੍ਰਬੰਧਕਾਂ ਦੀ ਚੁੱਪੀ ਉੱਤੇ ਜਾਗੋ ਪਾਰਟੀ ਨੇ ਹੈਰਾਨੀ ਜਤਾਈ ਹੈ। ਜਾਗੋ – ਜਗ ਆਸਰਾ ਗੁਰੂ ਓਟ (ਜੱਥੇਦਾਰ ਸੰਤੋਖ ਸਿੰਘ) ਪਾਰਟੀ ਦੇ ਬੁਲਾਰੇ ਜਗਜੀਤ ਸਿੰਘ ਕਮਾਂਡਰ ਨੇ ਚੰਡੋਕ ਦੇ ਕਮੇਟੀ ਦਫਤਰ ਵਿੱਚ ਜਾਣ ‘ਤੇ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਕਮਾਂਡਰ ਨੇ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਲਗਾਤਾਰ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਵਲੋਂ ਸਿੱਖ ਸਿੱਧਾਂਤਾ ਅਤੇ ਮਾਨਤਾਵਾਂ ਦੀ ਅਨਦੇਖੀ ਕੀਤੀ ਜਾ ਰਹੀ ਹੈ। ਕਦੇ ਕਮੇਟੀ ਦੇ ਇੰਜੀਨੀਅਰਿੰਗ ਕਾਲਜ ਦੇ ਬੱਚਿਆਂ ਵਿੱਚ ਨਸ਼ੀਲਾ ਪਾਣੀ ਪਦਾਰਥ ਮੁਫਤ ਵੰਡਣ ਦੀ ਫੋਟੋ ਸਾਹਮਣੇ ਆਉਂਦੀ ਹੈ ਅਤੇ ਹੁਣ ਕਮੇਟੀ ਮੈਂਬਰ ਚੰਡੋਕ ਖੁਦ ਬੀਅਰ ਖਰੀਦ ਦੇ ਨਜ਼ਰ ਆ ਰਹੇ ਹਨ। ਜੋ ਸਿੱਧੇ ਤੌਰ ਉੱਤੇ ਨਸ਼ੇ ਦੇ ਸੇਵਨ ਨੂੰ ਹੁੰਗਾਰਾ ਦੇਣ ਵਰਗਾ ਹੈ। ਜਦੋਂ ਕਿ ਗੁਰੂ ਸਿੱਧਾਂਤ ਅਨੁਸਾਰ ਸਿੱਖ ਲਈ ਹਰ ਪ੍ਰਕਾਰ ਦਾ ਨਸ਼ਾ ਵਰਜਿਤ ਹੈ।
ਕਮਾਂਡਰ ਨੇ ਸਵਾਲ ਪੁੱਛਿਆ ਕਿ ਹਰ ਮਸਲੇ ਉੱਤੇ ਫੇਸਬੁਕ ਲਾਇਵ ਕਰਣ ਵਾਲੇ ਸਿਰਸਾ ਹੁਣ ਚੁਪ ਕਿਉਂ ਹਨ ? ਉਨ੍ਹਾਂ ਦਾ ਖਾਸ ਸਿਪਹਸਲਾਰ ਉਸ ਗੱਡੀ ਵਿੱਚ ਬੀਅਰ ਪੀਣ ਲਈ ਲੈ ਕੇ ਜਾ ਰਿਹਾ ਸੀ, ਜਿਸ ਵਿੱਚ 550ਵੇਂ ਪ੍ਰਕਾਸ਼ ਪੁਰਬ ਦੇ ਸਟੀਕਰ ਲੱਗੇ ਹਨ, ਇਹ ਗੁਰੂ ਦੇ ਪ੍ਰਚਾਰ ਦੀ ਆੜ ਵਿੱਚ ਆਪਣੇ ਕੁਕਰਮ ਛੁਪਾਉਣ ਦੀ ਸਾਜਿਸ਼ ਤਾਂ ਨਹੀਂ ਸੀ ?