ਨਾਨਕ ਤੇਰਾ ਸ਼ਹਿਰ ਐਥੇ
ਤੇਰੇ ਬਾਝੋਂ ਬਿਖਰ ਗਿਆ
ਕਾਗਜਾਂ ਤਾਈਂ ਸਮੇਟ ਦਿੱਤਾ
ਅਮਲਾਂ ਨਾਲੋਂ ਥਿੜਕ ਗਿਆ
ਦਿਲਾਂ ਤੇ ਤੇਰੀ ਛਾਪ ਰਹਿ ਗਈ
ਸੋਭਾ ਸਿੰਘ ਦੇ ਚਿੱਤਰਾਂ ਦੀ
ਰਤਾ ਪਰਵਾਹ ਨਾ ਕੀਤੀ ਕਿਸੇ ਨੇ
ਤੇਰੇ ਸ਼ਬਦ ਤੇ ਫਿਕਰਾਂ ਦੀ
ਥਾਂ ਥਾਂ ਤੇ ਹੁਣ ਖੁੱਲ੍ਹ ਗਈ ਹੱਟੀ
ਮੌਜ ਮਲਿਕ ਭਾਗੋਆਂ ਲੱਗੀ
ਨਾਂ ਤੇਰੇ ਦਾ ਦੇ ਕੇ ਹੋਕਾ
ਦਿਨ ਦਿਹਾੜੇ ਮਾਰਨ ਠੱਗੀ
ਵਿਚਾਰਾਂ ਚੋਂ ਤਰਕ ਨੇ ਕਿੱਧਰੇ
ਮਾਰੀ ਲੰਬੀ ਦੂਰ ਉਡਾਰੀ
ਸਿਰ ਪਾਟਣ ਨੂੰ ਕਾਹਲੇ ਰਹਿੰਦੇ
ਤੇਰੇ ਰਾਹ ਦੇ ਕਬਜ਼ਾਧਾਰੀ
ਪਾ ਰੂਹ ਤੇਰੀ ਦਾ ਅਖੌਤੀ ਬਾਣਾ
ਬੜੇ ਭੰਬਲਭੂਸੇ ਛਿੜਕ ਰਹੇ
ਸੱਚ ਤੋਂ ਤੈਨੂੰ ਦੂਰ ਖੜਾ ਕੇ
ਕੂੜ ਹੀ ਕੂੜ ਰਿੜਕ ਰਹੇ
ਸੱਚਾ ਨਾਨਕ ਸੂਰਜ ਨੂੰ ਸ਼ੀਸ਼ਾ
ਕਿਸੇ ਵਿਰਲੇ ਨੇ ਹੀ ਪਾਇਆ
ਤੇਗ ਤੋਂ ਹੋਈ ਤਿੱਖੀ ਕਸੌਟੀ
ਜੀਹਨੇ ਵੀ ਗਲ ਲਾਇਆ
ਨਾਨਕ ਨਾਮ ਦੂਰ ਦਾ ਪੈਂਡਾ
ਕਿਰਤੋਂ ਵੀ ਏ ਬਿਸਰ ਗਿਆ
ਨਾਨਕ ਤੇਰਾ ਸ਼ਹਿਰ ਐਥੇ
ਤੇਰੇ ਬਾਝੋਂ ਬਿਖਰ ਗਿਆ