ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਸਾਲਾਨਾ ਜਨਰਲ ਇਜਲਾਸ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼੍ਰੋਮਣੀ ਕਮੇਟੀ ਦੇ ਲਗਾਤਾਰ ਤੀਸਰੀ ਵਾਰ ਪ੍ਰਧਾਨ ਚੁਣ ਲਿਆ ਗਿਆ। ਉਨ੍ਹਾਂ ਦੀ ਇਹ ਚੋਣ ਸਰਬਸੰਮਤੀ ਨਾਲ ਹੋਈ। ਭਾਈ ਲੌਂਗੋਵਾਲ ਦੀ ਚੋਣ ਨੂੰ ਸਮੁੱਚੇ ਹਾਊਸ ਵੱਲੋਂ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ ਗਈ। ਦੱਸਣਯੋਗ ਹੈ ਕਿ ਭਾਈ ਲੌਂਗੋਵਾਲ 29 ਨਵੰਬਰ 2017 ਨੂੰ ਪਹਿਲੀ ਵਾਰ ਅਤੇ ਫਿਰ 13 ਨਵੰਬਰ 2018 ਨੂੰ ਦੂਸਰੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅੱਜ ਹੋਏ ਜਨਰਲ ਇਜਲਾਸ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਮ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੇਸ਼ ਕੀਤਾ, ਜਿਸ ਦੀ ਸ. ਅਲਵਿੰਦਰ ਸਿੰਘ ਪੱਖੋਕੇ ਨੇ ਤਾਈਦ ਅਤੇ ਸ. ਦਲਜੀਤ ਸਿੰਘ ਭਿੰਡਰ ਨੇ ਤਾਈਦ ਮਜੀਦ ਕੀਤੀ। ਇਸ ਮੌਕੇ ਭਾਈ ਰਾਜਿੰਦਰ ਸਿੰਘ ਮਹਿਤਾ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਉਨ੍ਹਾਂ ਦਾ ਨਾਮ ਭਾਈ ਅਮਰਜੀਤ ਸਿੰਘ ਚਾਵਲਾ ਨੇ ਪੇਸ਼ ਕੀਤਾ, ਜਿਸ ਦੀ ਤਾਈਦ ਸ. ਭਗਵੰਤ ਸਿੰਘ ਸਿਆਲਕਾ ਅਤੇ ਮਜੀਦ ਸ. ਗੁਰਪ੍ਰੀਤ ਸਿੰਘ ਝੱਬਰ ਨੇ ਕੀਤੀ। ਜੂਨੀਅਰ ਮੀਤ ਪ੍ਰਧਾਨ ਲਈ ਸ. ਗੁਰਬਖ਼ਸ਼ ਸਿੰਘ ਨਵਾਂ ਸ਼ਹਿਰ ਚੁਣੇ ਗਏ ਹਨ। ਉਨ੍ਹਾਂ ਦਾ ਨਾਮ ਬਾਬਾ ਚਰਨਜੀਤ ਸਿੰਘ ਜੱਸੋਵਾਲ ਨੇ ਪੇਸ਼ ਕੀਤਾ, ਤਾਈਦ ਸ. ਬਲਦੇਵ ਸਿੰਘ ਚੂੰਘਾ ਤੇ ਮਜੀਦ ਸ. ਰਵਿੰਦਰ ਸਿੰਘ ਖ਼ਾਲਸਾ ਨੇ ਕੀਤੀ। ਇਸੇ ਤਰ੍ਹਾਂ ਸ. ਹਰਜਿੰਦਰ ਸਿੰਘ ਧਾਮੀ ਨੂੰ ਸਰਬਸੰਮਤੀ ਨਾਲ ਜਨਰਲ ਸਕੱਤਰ ਚੁਣ ਲਿਆ ਗਿਆ। ਸ. ਧਾਮੀ ਦਾ ਨਾਂ ਸ. ਸੁਰਜੀਤ ਸਿੰਘ ਭਿੱਟੇਵਡ ਨੇ ਪੇਸ਼ ਕੀਤਾ, ਤਾਈਦ ਸ. ਗੁਰਪ੍ਰੀਤ ਸਿੰਘ ਝੱਬਰ ਨੇ ਕੀਤੀ ਜਦਕਿ ਮਜੀਦ ਸ. ਸੁਖਹਰਪ੍ਰੀਤ ਸਿੰਘ ਰੋਡੇ ਵੱਲੋਂ ਕੀਤੀ ਗਈ।
ਜਨਰਲ ਇਜਲਾਸ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੰਤ੍ਰਿੰਗ ਕਮੇਟੀ ਦੇ 11 ਮੈਂਬਰਾਂ ਦਾ ਨਾਂ ਪੇਸ਼ ਕੀਤਾ, ਜਿਨ੍ਹਾਂ ਨੂੰ ਹਾਜ਼ਰ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨ ਕੀਤਾ। ਅੰਤ੍ਰਿੰਗ ਕਮੇਟੀ ਦੇ ਚੁਣੇ ਗਏ ਮੈਂਬਰਾਂ ਵਿਚ ਸ. ਭੁਪਿੰਦਰ ਸਿੰਘ ਅਸੰਧ, ਸ. ਜਗਸੀਰ ਸਿੰਘ ਮਾਂਗੇਆਣਾ (ਡੱਬਵਾਲੀ), ਸ. ਗੁਰਪਾਲ ਸਿੰਘ ਗੋਰਾ, ਸ. ਸ਼ੇਰ ਸਿੰਘ ਮੰਡਵਾਲਾ, ਬੀਬੀ ਪਰਮਜੀਤ ਕੌਰ ਲਹਿਰਾ, ਸ. ਜਸਮੇਰ ਸਿੰਘ ਲਾਛੜੂ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਸੁਰਜੀਤ ਸਿੰਘ ਕੰਗ ਰਾਜਿਸਥਾਨ, ਸ. ਇੰਦਰਮੋਹਨ ਸਿੰਘ ਲਖਮੀਰਵਾਲਾ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਬੀਬੀ ਕੁਲਦੀਪ ਕੌਰ ਟੌਹੜਾ ਨੂੰ ਚੁਣਿਆ ਗਿਆ। ਅੰਤ੍ਰਿੰਗ ਮੈਂਬਰ ਦੇ ਨਾਂ ਦੀ ਤਾਈਦ ਬੀਬੀ ਜਗੀਰ ਕੌਰ ਅਤੇ ਤਾਈਦ ਮਜੀਦ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕੀਤੀ।
ਜਨਰਲ ਇਜਲਾਸ ਦੀ ਆਰੰਭਤਾ ਸਮੇਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਰਦਾਸ ਕੀਤੀ ਅਤੇ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਲਿਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਵੀ ਮੌਜੂਦ ਸਨ। ਇਜਲਾਸ ਦੀ ਕਾਰਵਾਈ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਨਰਲ ਇਜਲਾਸ ਸਬੰਧੀ ਮੈਂਬਰ ਸਾਹਿਬਾਨ ਨੂੰ ਭੇਜਿਆ ਗਿਆ ਪੱਤਰ ਪੜ੍ਹ ਕੇ ਆਰੰਭ ਕੀਤੀ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬੀਤੇ ਸਮੇਂ ਚਲਾਣਾ ਕਰ ਗਏ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਸਾਬਕਾ ਜਥੇਦਾਰ, ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਖਦੇਵ ਸਿੰਘ ਬਾਠ, ਸ. ਲਖਬੀਰ ਸਿੰਘ ਅਰਾਈਆਂਵਾਲਾ, ਕੈਪਟਨ ਅਵਤਾਰ ਸਿੰਘ, ਸ. ਸ਼ਿੰਗਾਰਾ ਸਿੰਘ ਲੋਹੀਆ, ਸ. ਸੁਰਿੰਦਰਪਾਲ ਸਿੰਘ ਬੱਦੋਵਾਲ ਅਤੇ ਸਾਬਕਾ ਮੈਂਬਰ ਸ. ਸੁਖਦੇਵ ਸਿੰਘ ਲਿੱਬੜਾਂ ਸਬੰਧੀ ਸ਼ੋਕ ਮਤੇ ਪੜ੍ਹ ਕੇ ਮੂਲ ਮੰਤਰ ਦੇ ਜਾਪ ਨਾਲ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ।