ਨਵੀਂ ਦਿੱਲੀ- ਭਾਰਤ ਵਿੱਚ ਯੋਗ ਸਫ਼ਾਈ ਵਿਵਸਥਾ ਨਾਂ ਹੋਣ ਕਰਕੇ ਦੇਸ਼ ਨੂੰ ਕਾਫ਼ੀ ਆਰਥਿਕ ਨੁਕਸਾਨ ਝਲਣਾ ਪੈਂਦਾ ਹੈ।ਸਹੀ ਸਫ਼ਾਈ ਪ੍ਰਬੰਧ ਨਾਂ ਹੋਣ ਕਰਕੇ ਚਾਰ ਸਾਲ ਪਹਿਲਾਂ ਦੇਸ਼ ਨੂੰ 53.8 ਅਰਬ ਡਾਲਰ ਦਾ ਨੁਕਸਾਨ ਉਠੌਣਾ ਪਿਆ ਸੀ।
ਵਿਸ਼ਵ ਬੈਂਕ ਦੇ ਜਲ ਅਤੇ ਸਫ਼ਾਈ ਵਿਭਾਗ ਨੇ ਭਾਰਤ ਦੀ ਸਫ਼ਾਈ ਵਿਵਸਥਾ ਤੇ ਆਪਣੀ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ। ਇਸ ਵਿੱਚ ਸਫ਼ਾਈ ਦੀ ਘਾਟ ਹੋਣ ਕਰਕੇ ਮੌਤਾਂ ਅਤੇ ਬਿਮਾਰੀਆਂ, ਸਿਖਿਆ, ਉਤਪਾਦਨ ਅਤੇ ਸੈਰਸਪਾਟੇ ਦੇ ਖੇਤਰ ਵਿੱਚ ਹੋਣ ਵਾਲੇ ਨੁਕਸਾਨ ਦਾ ਵਰਨਣ ਕੀਤਾ ਗਿਆ ਹੈ। ਸਮੇਂ ਤੋਂ ਪਹਿਲਾਂ ਮੌਤਾਂ ਅਤੇ ਸਿਹਤ ਸਬੰਧੀ ਸਮਸਿਆਵਾਂ ਕਰਕੇ ਸੱਭ ਤੋਂ ਜਿਆਦਾ 38.5 ਅਰਬ ਡਾਲਰ ਦਾ ਨੁਕਸਾਨ ਝਲਣਾ ਪੈਂਦਾ ਹੈ। ਪੀਣ ਵਾਲੇ ਪਾਣੀ ਸਬੰਧੀ ਮੁਦਿਆਂ ਕਰਕੇ 4.2 ਅਰਬ ਡਾਲਰ ਦਾ ਨੁਕਸਾਨ ਝਲਣਾ ਪੈਂਦਾ ਹੈ। ਰਿਪੋਰਟ ਅਨੁਸਾਰ ਸਮੇਂ ਤੋਂ ਪਹਿਲਾਂ ਮੌਤ ਤੋਂ ਹੋਣ ਵਾਲੇ ਨੁਕਸਾਨ ਦਾ ਤਿੰਨ ਚੌਥਾਈ ਹਿੱਸਾ ਪੰਜ ਸਾਲ ਤੋਂ ਛੋਟੇ ਬੱਚਿਆਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੀ ਮੌਤ ਤੋਂ ਹੁੰਦਾ ਹੈ। ਵਿਸ਼ਵ ਬੈਂਕ ਨੇ ਭਾਰਤ ਵਿੱਚ ਸਫ਼ਾਈ ਵਿਵਸਥਾ ਤੇ ਹੋਰ ਨਿਵੇਸ਼ ਕਰਨ ਤੇ ਜੋਰ ਦੇਣ ਦੀ ਗੱਲ ਕੀਤੀ ਹੈ।