ਗੁਹਾਟੀ – ਕੇਂਦਰ ਸਰਕਾਰ ਵੱਲੋਂ ਸੋਮਵਾਰ ਨੂੰ ਲੋਕਸਭਾ ਵਿੱਚ ਨਾਗਰਿਕਤਾ ਸੋਧ ਬਿੱਲ ਪਾਸ ਕਰ ਦਿੱਤਾ ਗਿਆ ਹੈ, ਜਿਸ ਦੇ ਵਿਰੋਧ ਵਿੱਚ ਆਲ ਆਸਾਮ ਸਟੂਡੈਂਟ ਯੂਨੀਅਨ ਨੇ ਮੰਗਲਵਾਰ ਨੂੰ ਗੁਹਾਟੀ ਵਿੱਚ 11 ਘੰਟੇ ਦੇ ਬੰਦ ਦਾ ਐਲਾਨ ਕੀਤਾ ਹੈ।ਵਿਦਆਰਥੀ ਸੰਗਠਨ ਦੇ ਇਸ ਵਿਰੋਧ ਦੇ ਸਮੱਰਥਨ ਵਿੱਚ ਸਾਰੇ ਬਾਜ਼ਾਰ ਬੰਦ ਰਹੇ ਅਤੇ ਕੁਝ ਸਥਾਨਾਂ ਤੇ ਵਿਰੋਧ ਪ੍ਰਦਰਸ਼ਨ ਦੌਰਾਨ ਸਾੜਫੂਕ ਵੀ ਕੀਤੀ ਗਈ। ਆਸੂ ਨੇ ਐਲਾਨ ਕੀਤਾ ਹੈ ਕਿ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਦੇ ਚਾਰ ਵਜੇ ਤੱਕ ਬਾਜ਼ਾਰ ਬੰਦ ਰੱਖੇ ਜਾਣਗੇ।
ਆਸਾਮ ਵਿੱਚ 16 ਲੈਫਟ ਸੰਗਠਨਾਂ ਨੇ ਬੰਦ ਦੀ ਘੋਸ਼ਣਾ ਕੀਤੀ ਹੈ। ਇਨ੍ਹਾਂ ਵਿੱਚ ਐਸਐਫ਼ਆਈ, ਏਆਈਐਸਐਫ਼, ਏਆਈਐਸਏ, ਡੀਵਾਏਐਫਆਈ,ਏਆਈਡੀਡਬਲਿਯੂ ਅਤੇ ਆਈਪੀਟੀਏ ਵਰਗੇ ਸੰਗਠਨ ਸ਼ਾਮਿਲ ਹਨ। ਗੁਹਾਟੀ ਅਤੇ ਡਿਬਰੂਗੜ੍ਹ ਯੂਨੀਵਰਿਸਟੀ ਨੇ ਰਾਜ ਵਿੱਚ ਹੋਣ ਵਾਲੇ ਇਮਤਿਹਾਨ ਸਥਗਿਤ ਕਰ ਦਿੱਤੇ ਹਨ। ਮੰਗਲਵਾਰ ਨੂੰ ਲੈਫਟ ਪਾਰਟੀਆਂ ਨੇ ਵੀ ਨਾਗਰਿਕਤਾ ਸੋਧ ਬਿੱਲ 2019 ਦੇ ਵਿਰੋਧ ਵਿੱਚ ਸੰਸਦ ਭਵਨ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਹੈ।
ਕਾਂਗਰਸ ਸਮੇਤ 11 ਵਿਰੋਧੀ ਦਲਾਂ ਨੇ ਇਸ ਬਿੱਲ ਨੂੰ ਧਾਰਮਿਕ ਆਧਾਰ ਤੇ ਭੇਦਭਾਵ ਕਰਨ ਵਾਲਾ ਦੱਸਿਆ। ਸਾਂਸਦ ਅੋਵੈਸੀ ਨੇ ਸੰਸਦ ਵਿੱਚ ਹੀ ਨਾਗਰਿਕਤਾ ਸੋਧ ਬਿੱਲ ਦੀ ਕਾਪੀ ਪਾੜ ਦਿੱਤੀ, ਜਿਸ ਨੂੰ ਸਦਨ ਦੀ ਕਾਰਵਾਈ ਵਿੱਚੋਂ ਬਾਹਰ ਕੱਢ ਦਿੱਤਾ ਗਿਆ।