ਅੰਮ੍ਰਿਤਸਰ-: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਦੀ ਪਹਿਚਾਣ ਸਬੰਧੀ ਅੰਗਰੇਜ਼ੀ ਤੇ ਹੋਰ ਵੱਖ-ਵੱਖ ਭਾਸ਼ਾਵਾਂ ’ਚ ਬਰੋਸ਼ਰ ਛਾਪਕੇ ਯੂ.ਐਨ.ਓ. ਦੇ ਸਾਰੇ ਮੁਲਕਾਂ ਦੇ ਮੁਖੀਆਂ ਅਤੇ ਭਾਰਤ ’ਚ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਨੂੰ ਭੇਜਿਆ ਜਾਵੇਗਾ ਅਤੇ ਅਮਰੀਕਾ ’ਚ ਏਅਰਪੋਰਟਾਂ ’ਤੇ ਸਿੱਖਾਂ ਦੀ ਦਸਤਾਰ ਦੀ ਜ਼ਬਰੀ ਤਲਾਸ਼ੀ ਦੇ ਰੋਸ ਅਤੇ ਦਸਤਾਰ ਦੀ ਮਹੱਤਤਾ ਨੂੰ ਦਰਸਾਉਂਦਾ ਮੈਮੋਰੰਡਮ ਯੂ:ਐਨ:ਓ: ਦੇ ਸਕੱਤਰ ਜਨਰਲ ਨੂੰ ਭੇਜਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਸਥਾਨਕ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਬੰਧਕੀ ਬਲਾਕ ਦੇ ਇਕੱਤਰਤਾ ਹਾਲ ’ਚ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਇਕੱਤਰਤਾ ’ਚ ਅਮਰੀਕਾ ’ਚ ਵੱਖ-ਵੱਖ ਏਅਰਪੋਰਟਾਂ ’ਤੇ ਸਿੱਖ ਦੀ ਦਸਤਾਰ ਦੀ ਜ਼ਬਰੀ ਤਲਾਸ਼ੀ ਲਏ ਜਾਣ ਦੀਆਂ ਘਟਨਾਵਾਂ ਦੀ ਨਿੰਦਾ ਦਾ ਮਤਾ ਪਾਸ ਕਰਦਿਆਂ ਅਮਰੀਕਾ ਸਰਕਾਰ ਪਾਸ ਰੋਸ ਦਾ ਪ੍ਰਗਟਾਵਾ ਕਰਨ ਲਈ 23 ਦਸੰਬਰ ਨੂੰ 11 ਵਜੇ ਦਿੱਲੀ ਵਿਖੇ ਅਮਰੀਕਨ ਅੰਬੈਸੀ ਸਾਹਮਣੇ ਸ਼ਾਂਤਮਈ ਧਰਨਾ ਅਤੇ ਅਮਰੀਕੀ ਰਾਜਦੂਤ ਨੂੰ ਮੈਮੋਰੰਡਮ ਦੇਣ ਲਈ ਵੱਡੀ ਗਿਣਤੀ ’ਚ ਪੁੱਜਣ ਲਈ ਸਮੂੰਹ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ, ਸਿੱਖ ਸੰਪ੍ਰਦਾਵਾਂ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ ਤੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮੀਟਿੰਗ ’ਚ ਸਿੱਖ ਦੀ ਪਹਿਚਾਣ ਨੂੰ ਸੰਸਾਰ ਪੱਧਰ ’ਤੇ ਉਜਾਗਰ ਕਰਨ ਲਈ ਸਿਖੀ ਸਰੋਕਾਰਾਂ ਤੇ ਮਰਯਾਦਾ ਸਬੰਧੀ ਵਿਸਥਾਰਤ ਜਾਣਕਾਰੀ ਵੱਖ-ਵੱਖ ਭਾਸ਼ਾਵਾਂ ’ਚ ਛਪਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ। ਵਿਦੇਸ਼ਾਂ ’ਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਮਰੀਕਾ ਦੇ ਵਸ਼ਿੰਗਟਨ ਸ਼ਹਿਰ ’ਚ ਵਾਈਟ ਹਾਊਸ ਲੇਨ ’ਤੇ ਜਗ੍ਹਾ ਲੈ ਕੇ ‘ਸਿੱਖ ਮਿਸ਼ਨ’ ਸਥਾਪਤ ਕੀਤੇ ਜਾਣ ਦਾ ਅਹਿਮ ਫੈਸਲਾ ਲਿਆ ਹੈ। ਇਸ ਕਾਰਜ ਲਈ ਵਾਸ਼ਿੰਗਟਨ ’ਚ ਜਗ੍ਹਾ ਪ੍ਰਾਪਤ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਸੁਸਾਇਟੀ ਇਨਕਰਪੋਰੇਟ ਕਰਾਈ ਜਾਵੇਗੀ ਜੋ ਖਰੀਦ ਕੀਤੀ ਜਾਣ ਵਾਲੀ ਜਗਾ ਦਾ ਫੈਸਲਾ ਅਤੇ ਜਗ੍ਹਾ ਦੀ ਕੀਮਤ ਅਦਾ ਕਰ ਸਕੇਗੀ ਦੀ ਪ੍ਰਵਾਨਗੀ ਅਤੇ ਅਮਰੀਕਾ ਦੀ ਸਟੇਟ ਨਾਰਥ ਕੈਰੋਲੀਨਾ ਦੇ ਸ਼ਹਿਰ ਸ਼ੈਰਲੈਟ ’ਚ ਢਾਈ ਏਕੜ ਜਗ੍ਹਾ ਪ੍ਰਾਪਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ਨਾਂ ਲਈ ਮਸ਼ੀਨਾਂ ਲਗਾਏ ਜਾਣ ਪੁਰ ਹੋਣ ਵਾਲਿਆਂ ਖਰਚਾਂ ਦੀ ਪ੍ਰਵਾਨਗੀ ਦਾ ਫੈਸਲਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਦੀ ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਸਮੂੰਹ ਮੁਲਾਜਮਾਂ ਦੇ ਮੈਡੀਕਲ ਅਲਾਊਂਸ ’ਚ 250 ਰੁਪਏ ਦਾ ਵਾਧਾ, ਸਿੱਖ ਇਤਿਹਾਸ ਰੀਸਰਚ ਬੋਰਡ ਵਿਖੇ ਪੁਸਤਕਾਂ ਦੀ ਸਾਂਭ-ਸੰਭਾਲ ਲਈ ਅਲਮਾਰੀਆਂ ਖਰੀਦ ਕੀਤੇ ਜਾਣ, ਚੰਡੀਗੜ੍ਹ ਵਿਖੇ ਸ਼੍ਰੋਮਣੀ ਕਮੇਟੀ ਦੇ ਸਬ-ਆਫਿਸ ਦੀ ਇਮਾਰਤ ਨੂੰ ਰੰਗ-ਰੋਗਨ ਕਰਾਉਣ, ਮਾਤਾ ਭਾਗ ਕੌਰ ਨਿਵਾਸ (ਜੀ.ਟੀ.ਰੋਡ ਰਾਮਤਲਾਈ ਅੰਮ੍ਰਿਤਸਰ) ਵਿਖੇ 125 ਕੇ.ਵੀ. ਦਾ ਜਨਰੇਟਰ ਲਗਾਉਣ, ਗੁਰਦੁਆਰਾ ਬੀੜ ਸਾਹਿਬ ਵਿਖੇ ਕੜਾਹ ਪ੍ਰਸ਼ਾਦਿ ਵਰਤਾਉਣ ਲਈ ਨਵੇਂ ਕੈਬਿਨ ਬਨਾਉਣ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਚਾਦਰਾਂ ਧੋਣ ਲਈ ਆਧੁਨਿਕ ਤਕਨੀਕ ਵਾਲਾ ਵੱਡਾ ਲਾਂਡਰੀ ਪਲਾਂਟ ਲਗਾਉਣ, ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਦੇ ਸਮੁੱਚੇ ਕੰਪਲੈਕਸ ਨੂੰ ਰੰਗ ਰੋਗਨ ਕਰਾਉਣ, ਸ੍ਰੀ ਗੁਰੂ ਰਾਮਦਾਸ ਲੰਗਰ ’ਚ ਵਰਤਾਏ ਜਾਣ ਵਾਲੇ ਪ੍ਰਸ਼ਾਦਿਆ ਲਈ ਆਟਾ ਪੀਸਣ ਲਈ ਲੰਗਰ ਦੀ ਬੇਸਮੈਂਟ ’ਚ ਕਰੀਬ 15 ਲੱਖ ਰੁਪਏ ਦੇ ਖਰਚਾਂ ਨਾਲ ਮਿਨੀ ਫਿਲੌਰ ਮਿੱਲ ਲਗਾਉਣ, ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਠੱਠਾ ਲਈ ਨਵੀਨਤਮ ਤਕਨੀਕ ਵਾਲੀ ਸੀ.ਆਰਮ ਮਸ਼ੀਨ ਅਤੇ ਪੀ-3 ਅਲਟ੍ਰਾ ਸਾਊਂਡ ਮਸ਼ੀਨ ਖਰੀਦ ਕਰਨ ਲਈ ਹੋਣ ਵਾਲੇ ਖਰਚਿਆਂ ਦੀ ਪ੍ਰਵਾਨਗੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਅੱਜ ਦੀ ਇਕੱਤਰਤਾ ’ਚ ਸੈਕਸ਼ਨ 85 ਦੀਆਂ 142, ਸੈਕਸ਼ਨ 87 ਦੀਆਂ 57 ਅਤੇ ਟ੍ਰਸਟ ਵਿਭਾਗ ਦੀਆਂ 47 ਮੱਦਾਂ ਤੋਂ ਇਲਾਵਾ ਹੋਰ ਕਈ ਫੁਟਕਲ ਮੱਦਾਂ ਵੀ ਵਿਚਾਰੀਆਂ ਗਈਆਂ ਅਤੇ ਪ੍ਰਵਾਨਗੀ ਦੀ ਆਸ ਪੁਰ ਕੀਤੇ ਕਾਰਜਾਂ ਦੀ ਪੁਸ਼ਟੀ ਕੀਤੀ ਗਈ।
ਅੱਜ ਦੀ ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਕੇਵਲ ਸਿੰਘ ਬਾਦਲ, ਅੰਤ੍ਰਿੰਗ ਮੈਂਬਰਾਨ ਸ. ਰਾਜਿੰਦਰ ਸਿੰਘ ਮਹਿਤਾ, ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਮੋਹਨ ਸਿੰਘ ਬੰਗੀ, ਸ. ਭਜਨ ਸਿੰਘ ਤੇ ਸ. ਮੰਗਲ ਸਿੰਘ, ਸਕੱਤਰ ਸ. ਦਲਮੇਘ ਸਿੰਘ ਖਟੜਾ ਤੇ ਸ. ਰਣਵੀਰ ਸਿੰਘ, ਐਡੀ: ਸਕੱਤਰ ਸ. ਸਤਬੀਰ ਸਿੰਘ ਤੇ ਸ. ਰੂਪ ਸਿੰਘ, ਮੀਤ ਸਕੱਤਰ ਸ. ਮਨਜੀਤ ਸਿੰਘ, ਸ. ਰਾਮ ਸਿੰਘ ਤੇ ਸ. ਦਿਲਬਾਗ ਸਿੰਘ ਆਦਿ ਮੌਜੂਦ ਸਨ।