ਗਲਾਸਗੋ/ ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ)- ਵਿਦੇਸ਼ਾਂ ਦੀ ਧਰਤੀ ‘ਤੇ ਪੰਜਾਬੀਆਂ ਨੇ ਆਪਣੇ ਵੱਡੇ ਵੱਡੇ ਕਾਰੋਬਾਰ ਸਥਾਪਿਤ ਕੀਤੇ ਹਨ ਤਾਂ ਚੰਗੇ ਕਾਰਜਾਂ ਲਈ ਦਿਲ ਵੀ ਛੋਟੇ ਨਹੀਂ ਰੱਖੇ। ਇਨਸਾਨੀਅਤ ਦਾ ਦਾਇਰਾ ਵੱਡਾ ਹੋਣ ਦੀ ਉਦੋਂ ਖੁਸ਼ੀ ਹੁੰਦੀ ਹੈ, ਜਦੋਂ ਅਸੀਂ ਦੂਜੇ ਭਾਈਚਾਰਿਆਂ ਦੇ ਤਿੱਥ ਤਿਉਹਾਰਾਂ ਨੂੰ ਵੀ ਦਿਲੋਂ ਮਨਾ ਕੇ ਖੁਸ਼ੀਆਂ ‘ਚ ਸ਼ਰੀਕ ਹੁੰਦੇ ਹਾਂ। ਕ੍ਰਿਸਿਮਿਸ ਦਾ ਦਿਨ ਨੇੜੇ ਆ ਰਿਹਾ ਹੈ ਤਾਂ ਗਲਾਸਗੋ ਦੇ ਇੱਕ ਦਰਿਆਦਿਲ ਗੋਰੇ ਪਰਿਵਾਰ ਵੱਲੋਂ ਬੰਬੇ ਬਲੂਜ਼ ਰੈਸਟੋਰੈਂਟ ਦੇ ਮਾਲਕ ਸੋਹਣ ਸਿੰਘ ਰੰਧਾਵਾ ਨਾਲ ਸੰਪਰਕ ਕੀਤਾ ਕਿ ਉਹ ਖੁੱਲ੍ਹੇ ਅਸਮਾਨ ਹੇਠ ਸੌਂਦੇ ਬੇਘਰੇ ਲੋਕਾਂ ਨੂੰ ਕ੍ਰਿਸਮਿਸ ਮੌਕੇ ਭੋਜਨ ਦੀ ਦਾਅਵਤ ਕਰਨਾ ਚਾਹੁੰਦੇ ਹਾਂ ਤਾਂ ਸੋਹਣ ਸਿੰਘ ਰੰਧਾਵਾ ਨੇ ਉਹਨਾਂ ਦੀ ਪੇਸ਼ਕਸ਼ ਸਵੀਕਾਰ ਕਰਦਿਆਂ ਇਸ ਨੇਕ ਕਾਰਜ ਵਿੱਚ ਭਾਈਵਾਲ ਹੋਣਾ ਮੰਨ ਲਿਆ। ਜਿਕਰਯੋਗ ਹੈ ਕਿ ਟੌਮੀ ਈਸਟਨ ਅਤੇ ਐਨੀ ਈਸਟਨ ਨਾਮੀ ਜੋੜੇ ਨੇ ਇਸ ਵਾਰ ਦੀ ਕ੍ਰਿਸਮਿਸ ਨੂੰ ਬੇਘਰੇ ਲੋਕਾਂ ਲਈ ਖਾਸ ਬਨਾਉਣ ਖਾਤਰ ਇਸ ਉੱਦਮ ਦੀ ਤਜਵੀਜ ਸੋਹਣ ਸਿੰਘ ਰੰਧਾਵਾ ਅੱਗੇ ਰੱਖੀ ਸੀ। ਬਾਅਦ ਵਿੱਚ ਉਹਨਾਂ ਬੇਘਰੇ ਲੋਕਾਂ ਦੀ ਭਲਾਈ ਬਣੀ ਸਾਈਮਨ ਕਮਿਊਨਿਟੀ ਚੈਰਿਟੀ ਨਾਲ ਸੰਪਰਕ ਕੀਤਾ ਹੈ ਕਿ ਉਹ ਟੌਮੀ ਈਸਟਨ ਅਤੇ ਸੋਹਣ ਸਿੰਘ ਦੇ ਸੁਨੇਹੇ ਨੂੰ ਬੇਘਰੇ ਲੋਕਾਂ ਤੱਕ ਪਹੁੰਚਾਉਣ ਵਿੱਚ ਸਾਥ ਦੇਵੇ। ਇਮਾਰਤਸਾਜੀ ਦਾ ਕਾਰੋਬਾਰ ਕਰਦੇ ਟੌਮੀ, ਉਹਦੀ ਪਤਨੀ ਐਨੀ, ਬੇਟੀ ਜੈਮੀ-ਲੀ ਅਤੇ ਬੇਟਾ ਹੈਰੀ ਇਸ ਦਿਨ ਨੂੰ ਲੈ ਕੇ ਨਿਰੰਤਰ ਕੰਮ ਕਰ ਰਹੇ ਹਨ। ਟੌਮੀ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਦਿਨਾਂ ‘ਚ ਅਸੀਂ ਆਪਣੇ ਉਹਨਾਂ ਰਿਸ਼ਤੇਦਾਰਾਂ ਦੋਸਤਾਂ ਲਈ ਤੋਹਫ਼ੇ ਖਰੀਦਦੇ ਹਾਂ, ਜਿਹਨਾਂ ਕੋਲ ਪਹਿਲਾਂ ਹੀ ਕੋਈ ਘਾਟ ਨਹੀਂ ਹੁੰਦੀ। ਪਰ ਅਸੀਂ ਆਪਣੇ ਸਾਥੀ ਕਾਮਿਆਂ ਅਤੇ ਦੋਸਤਾਂ ਦੀ ਮਦਦ ਨਾਲ ਦਾਨ ਇਕੱਠਾ ਕਰਕੇ ਤੋਹਫੇ ਵੀ ਖਰੀਦੇ ਹਨ ਤਾਂ ਜੋ ਆਉਣ ਵਾਲੇ “ਮਹਿਮਾਨਾਂ“ ਨੂੰ ਭੇਂਟ ਕੀਤੇ ਜਾ ਸਕਣ। ਬੰਬੇ ਬਲੂਜ਼ ਰੈਸਟੋਰੈਂਟ ਦੇ ਮਾਲਕ ਅਤੇ ਸਾਬਕਾ ਕੌਂਸਲਰ ਸੋਹਣ ਸਿੰਘ ਰੰਧਾਵਾ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਲੋਕ ਸਿਰਫ ਖੁੱਲ੍ਹੇ ਅਸਮਾਨ ਹੇਠ ਹੀ ਜੋ ਮਿਲਿਆ, ਖਾ ਕੇ ਗੁਜ਼ਾਰਾ ਕਰਦੇ ਹਨ, ਉਹਨਾਂ ਲਈ ਇਹ ਦਿਨ ਖਾਸ ਬਣਾਇਆ ਜਾਵੇ। ਸਾਈਮਨ ਕਮਿਊਨਿਟੀ ਵੱਲੋਂ ਈਲੇਨ ਬੈਰੇਟ ਨੇ ਵੀ ਟੌਮੀ ਦੇ ਪਰਿਵਾਰ ਅਤੇ ਸੋਹਣ ਸਿੰਘ ਰੰਧਾਵਾ ਦੇ ਇਸ ਨਿਵੇਕਲੇ ਉੱਦਮ ਦੀ ਪ੍ਰਸੰਸਾ ਕੀਤੀ ਹੈ।