ਮੁਕਤਸਰ- ਯੂਥ ਅਕਾਲੀ ਦਲ ਦੇ ਸਰਪ੍ਰਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬਾਦਲ ਫੋਬੀਆ ਹੋਗਿਆ ਹੈ। ਉਹਨਾਂ ਕਿਹਾ ਕਿ ਕੈਪਟਨ ਬਾਦਲ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਕਾਰਨ ਸਰਕਾਰ ਨੂੰ ਲੋਕਾਂ ਵੱਲੋਂ ਮਿਲ ਰਹੇ ਹੁੰਗਾਰੇ ਨੂੰ ਵੇਖ ਕੇ ਬੁਖਲਾ ਗਿਆ ਹੈ ਅਤੇ ਉਸ ਕੋਲ ਹੁਣ ਜੱਦੀ ਵਿਰੋਧ ਨੂੰ ਪਾਲਦਿਆਂ ਅਕਾਲੀ ਦਲ ਤੇ ਸਰਕਾਰ ਨੂੰ ਬਿਨਾ ਵਜਾ ਕੋਸਣ ਤੋਂ ਸਿਵਾ ਬੋਲਣ ਲਈ ਕੋਈ ਮੁੱਦਾ ਨਹੀਂ ਰਿਹਾ।
ਸ: ਮਜੀਠੀਆ ਅੱਜ ਇੱਥੇ ਮੁਕਤਸਰ ਜ਼ਿਲ੍ਹਾ ਯੂਥ ਅਕਾਲੀ ਦਲ ਦੀ ਮੀਟਿੰਗ ਜੋ ਕਿ ਇੱਕ ਵਿਸ਼ਾਲ ਰੈਲੀ ਹੋ ਨਿੱਬੜੀ ਨੂੰ ਸੰਬੋਧਨ ਕਰ ਰਹੇ ਸਨ ਨੇ ਕੈਪਟਨ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਆਪਣੇ ਰਾਜ ਕਾਲ ਦੌਰਾਨ ਪੰਜਾਬ ਦੇ ਲੋਕਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਜਿਸ ਦਾ ਕੋਈ ਏਜੰਡਾ ਹੀ ਨਾ ਰਿਹਾ ਹੋਵੇ ਅਤੇ ਜਿਸ ਨੇ ਪੰਜਾਬ ਦਾ ਵਿਨਾਸ਼ ਹੀ ਕੀਤਾ ਹੋਵੇ ਉਸ ਦਾ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਵੇਖ ਕੇ ਨੀਂਦ ਹਰਾਮ ਹੋਣੀ ਸੁਭਾਵਕ ਹੈ। ਉਹਨਾਂ ਕਿਹਾ ਅਕਾਲੀ ਭਾਜਪਾ ਸਰਕਾਰ ਦੀਆਂ ਪਿਛਲੇ 4 ਸਾਲ ਦੀਆਂ ਪ੍ਰਾਪਤੀਆਂ ਨੇ ਕਾਂਗਰਸ ਦੇ ਹੋਸ਼ ਉੜਾ ਦਿੱਤੇ ਹਨ ।
ਨੌਜਵਾਨਾਂ ਅੰਦਰ ਇੱਕ ਨਵੀਂ ਰੂਹ ਫੂਕਣ ਵਾਲੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਨੇ ਕੈਪਟਨ ਵੱਲੋਂ ਪੰਜਾਬ ਦੇ ਸਿੱਖਿਆ ਪ੍ਰਣਾਲੀ ਵਿੱਚ ਗਿਰਾਵਟ ਆਉਣ ਸੰਬੰਧੀ ਕੀਤੀ ਗਈ ਟਿੱਪਣੀ ਦਾ ਆਪਣੇ ਪ੍ਰਭਾਵਸ਼ਾਲੀ ਭਾਸਣ ਸ਼ੈਲੀ ਰਾਹੀਂ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਕੈਪਟਨ ਦੀ ਸਰਕਾਰ ਸੀ ਉਸ ਵਕਤ ਰਾਜ ਵਿੱਚ 45 ਹਜ਼ਾਰ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨਾਲ ਪੂਰਾ ਸਿੱਖਿਆ ਢਾਂਚਾ ਚੂਰ ਚੂਰ ਹੋਇਆ ਪਿਆ ਸੀ , ਜਿਸ ਵਿੱਚ ਸੁਧਾਰ ਲਿਆਉਣ ਲਈ ਉਹਨਾਂ ਇੱਕ ਵੀ ਅਧਿਆਪਕ ਦੀ ਭਰਤੀ ਨਹੀਂ ਕੀਤੀ। ਜਦ ਕਿ ਬਾਦਲ ਸਰਕਾਰ ਵੱਲੋਂ ਸਿੱਖਿਆ ਵਿੱਚ ਵਿਆਪਕ ਸੁਧਾਰ ਲਈ ਉਕਤ ਲੋੜੀਂਦੇ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸਰਕਾਰ ਨੇ ਤਿੰਨਾਂ ਸਾਲਾਂ ਦੌਰਾਨ ਲੋਕਾਂ ਦੀ ਸਿਹਤ ਸਹੂਲਤਾਂ, ਸਿੱਖਿਆ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਅਧਿਆਪਕ , ਡਾਕਟਰ ਅਤੇ ਸਿਪਾਹੀਆਂ ਦੀਆਂ 50 ਹਜ਼ਾਰ ਤੋਂ ਵੱਧ ਨਿਯੁਕਤੀਆਂ ਕੀਤੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਪਾਰਦਰਸ਼ੀ ਕੀਤੀਆਂ ਭਰਤੀਆਂ ਦੀ ਕਾਂਗਰਸ ਦੇ ਕਈ ਆਗੂਆਂ ਵੱਲੋਂ ਵੀ ਸਰਕਾਰ ਦੀ ਸਲਾਹੁਣਾ ਕੀਤੀ ਗਈ ਹੈ। ਉਹਨਾਂ ਕੈਪਟਨ ’ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਆਪਣੇ ਸਮੇਂ ਇੱਕ ਵੀ ਨੌਜਵਾਨ ਨੂੰ ਸਰਕਾਰੀ ਨੌਕਰੀ ਨਾ ਦੇਣ ਵਾਲੇ ਕੈਪਟਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਯਤਨਾਂ ਸਦਕਾ ਦੇਸ਼ ਦੇ ਵੱਡੇ ਵੱਡੇ ਉਦਯੋਗਿਕ ਘਰਾਣਿਆਂ ਵੱਲੋਂ ਹੁਣ ਪੰਜਾਬ ਵਿੱਚ ਪ੍ਰੋਜੈਕਟ ਲਗਾਉਣ ਨੂੰ ਤਰਜ਼ੀਹ ਦੇਣ ਕਾਰਨ ਲੱਖਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਕੈਪਟਨ ਵੱਲੋਂ ਬਿਜਲੀ ਪੈਦਾ ਕਰਨ ਵਲ ਧਿਆਨ ਨਾ ਦੇਣ ਲਈ ਆਲੋਚਨਾ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਸਨਅਤੀ ਵਿਕਾਸ ਬਿਨਾਂ ਰਾਜਾਂ ਦੀ ਤਰੱਕੀ ਸੰਭਵ ਨਹੀਂ ਹੈ ਤੇ ਸਨਅਤਾਂ ਬਿਜਲੀ ਤੋਂ ਬਿਨਾਂ ਚਲ ਨਹੀਂ ਸਕਦੀਆਂ ਪਰ ਕੈਪਟਨ ਨੇ ਆਪਣੇ ਸਮੇਂ ਇੱਕ ਯੂਨਿਟ ਵੀ ਬਿਜਲੀ ਪੈਦਾ ਨਹੀਂ ਕੀਤੀ ਜਦੋਂ ਕਿ ਮੌਜੂਦਾ ਸਰਕਾਰ ਵੱਲੋਂ ਰਾਜ ਨੂੰ ਬਿਜਲੀ ਸਰਪ੍ਰਸਤ ਬਣਾਉਣ ਲਈ 4 ਨਵੇਂ ਥਰਮਲ ਪਲਾਂਟ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨੀ ਬਾਰੇ ਤਾਂ ਕੈਪਟਨ ਨੂੰ ਬੋਲਣ ਦਾ ਕੋਈ ਨੈਤਿਕ ਹੱਕ ਹੀ ਨਹੀਂ ਰਹਿ ਜਾਂਦਾ ਕਿਉਂਕਿ ਉਸ ਦੇ ਸਮੇਂ ਹੀ ਕੇਂਦਰ ਸਰਕਾਰ ਨੇ ਕਿਸਾਨ ਕਰਜ਼ਾ ਮੁਆਫ਼ੀ ਯੋਜਨਾ ਦੌਰਾਨ ਪੰਜਾਬ ਦੇ ਕਿਸਾਨਾਂ ਨਾਲ ਘੋਰ ਧੱਕਾ ਕੀਤਾ, ਉਹਨਾਂ ਕਿਹਾ ਕਿ 72 ਹਜ਼ਾਰ ਕਰੋੜ ਦੀ ਕਰਜ਼ਾ ਮੁਆਫ਼ੀ ਯੋਜਨਾ ਵਿੱਚ ਪੰਜਾਬ ਨੂੰ ਮਹਿਜ਼ ਇੱਕ ਫੀਸਦੀ ਮਿਲਣਾ ਕੈਪਟਨ ਦੀ ਨਾਲਾਇਕੀ ਦਾ ਸਿੱਟਾ ਸੀ। ਉਹਨਾਂ ਕਿਹਾ ਕਿ ਰਾਜ ਵਿੱਚ ਲਗ ਰਹੀਆਂ ਵੱਡੀਆਂ ਇੰਡਸਟਰੀਆਂ ਦਾ ਬੇ ਲੋੜਾ ਵਿਰੋਧ ਕਰਨ ਵਾਲੇ ਕੈਪਟਨ ਦੀ ਮੈਗਾ ਸਕੈਮ ਤੋਂ ਇਲਾਵਾ ਰਾਜ ਨੂੰ ਕੋਈ ਦੇਣ ਨਹੀਂ ਹੈ।
ਸ: ਮਜੀਠੀਆ ਨੇ ਨਹਿਰੂ-ਗਾਂਧੀ ਪਰਿਵਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ 62 ਸਾਲਾਂ ਵਿੱਚੋਂ 50 ਸਾਲ ਦੇਸ਼ ’ਤੇ ਰਾਜ ਕਰਨ ਵਾਲਾ ਇਹ ਪਰਿਵਾਰ ਹੀ ਭ੍ਰਿਸ਼ਟਾਚਾਰ ਦਾ ਸੋਮਾ ਹੈ ਤੇ ਜਦੋਂ ਤੱਕ ਇਸ ਪਰਿਵਾਰ ਨੂੰ ਰਾਜਸੀ ਦੌਰ ’ਤੇ ਸਤਾ ਤੋਂ ਬਾਹਰ ਨਹੀਂ ਕੀਤਾ ਜਾਂਦਾ ਭ੍ਰਿਸ਼ਟਾਚਾਰ ਨੂੰ ਰੋਕਿਆ ਨਹੀਂ ਜਾ ਸਕਦਾ।
ਉਹਨਾਂ ਕਿਹਾ ਕਿ ਨਹਿਰੂ ਤੋਂ ਲੈ ਕੇ ਰਾਜੀਵ ਗਾਂਧੀ ਦੇ ਸ਼ਾਸਨ ਕਾਲ ਤੱਕ ਮੁਦਰਾ ਸਕੈਮ, ਜੀਪ ਸਕੈਮ, ਬ ਫੋਰਸ ਸਕੈਮ, ਟੈਲੀਕਾਮ ਸਕੈਮ ਆਦਿ ਤੋਂ ਇਲਾਵਾ ਹੁਣ ਦਾ 2 ਜੀ ਸਪੈਕਟਰਮ ਘੋਟਾਲਾ, ਆਦਰਸ਼ ਸੋਸਾਇਟੀ ਤੇ 80 ਹਜ਼ਾਰ ਕਰੋੜ ਦਾ ਕਾਮਨਵੈਲਥ ਖੇਡਾਂ ਦੇ ਘੁਟਾਲੇ ਸੋਨੀਆ ਅਤੇ ਰਾਹੁਲ ਦੇ ਨੱਕ ਥੱਲੇ ਪਨਪ ਦੇ ਰਹੇ। ਘੋਟਾਲਿਆਂ ਦੀ ਜੇ ਪੀ ਸੀ ਤੋਂ ਨਿਰਪੱਖ ਜਾਂਚ ਕਰਾਉਣ ਦੀ ਮੰਗ ਉਠਾਉਂਦਿਆਂ ਉਹਨਾਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੱਲੋਂ ਭ੍ਰਿਸ਼ਟਾਚਾਰੀਆਂ ਨਾਲ ਕਰੜੇ ਹੱਥੀ ਨਜਿੱਠਣ ਦੇ ਕੀਤੇ ਜਾ ਰਹੇ ਐਲਾਨਾਂ ਨੂੰ ਮਹਿਜ਼ ਡਰਾਮਾ ਦਸਦਿਆ ਤੇ ਕਿਹਾ ਕਿ ਰਿਕਾਰਡ ਤੋੜ ਭ੍ਰਿਸ਼ਟਾਚਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਤੇ ਗਾਂਧੀ ਪਰਿਵਾਰ ਦੇ ਹੱਥਾਂ ਵਿੱਚ ਦੇਸ਼ ਸੁਰਖਿਅਤ ਨਹੀਂ ਰਿਹਾ, ਪੀ ਐਮ ਓ ਆਫ਼ਿਸ ਨੂੰ ਸਭ ਕੁੱਝ ਗਿਆਨ ਹੋਣ ਦੇ ਬਾਵਜੂਦ ਸਰਕਾਰ ਭਿਸ਼ਟਾਚਾਰੀਆਂ ਨਾਲ ਨਜਿੱਠਣ ਵਿੱਚ ਨਕਾਰਾ ਤੇ ਬੇਬਸ ਹੈ ਇਸ ਲਈ ਹੁਣ ਕਾਂਗਰਸ ਨੂੰ ਸਤਾ ਵਿੱਚ ਬਣੇ ਰਹਿਣ ਦਾ ਕੋਈ ਹੱਕ ਨਹੀਂ।
ਅੱਤ ਦੀ ਮਹਿੰਗਾਈ ਅਤੇ ਗਰੀਬੀ ਲਈ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ।
ਪੰਜਾਬ ਸਰਕਾਰ ਵੱਲੋਂ ਕਿਸਾਨਾਂ , ਦਲਿਤਾਂ ਅਤੇ ਇੰਡਸਟਰੀ ਨੂੰ ਦਿੱਤਿਆਂ ਜਾ ਰਹੀਆਂ ਸਹੂਲਤਾਂ ਦੀ ਵਕਾਲਤ ਕਰਦਿਆਂ ਉਹਨਾਂ ਕਿਹਾ ਕਿ ਸਰਕਾਰਾਂ ਦਾ ਕੰਮ ਲੋਕਾਂ ਨੂੰ ਸਹੂਲਤਾਂ ਦੇਣਾ ਹੈ ਨਾ ਕਿ ਮੁਨਾਫ਼ਾ ਕਮਾਉਣਾ ਹੈ।
ਸ: ਮਜੀਠੀਆ ਨੇ ਕਿਹਾ ਕਿ ਪਾਰਟੀ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਸਰਕਾਰ ਵਿੱਚ ਨੌਜਵਾਨਾਂ ਨੂੰ ਵੱਡੀ ਗਿਣਤੀ ਨੁਮਾਇੰਦਗੀ ਦੇ ਕੇ ਯੂਥ ਅਕਾਲੀ ਦਲ ਨੂੰ ਸਿਆਸੀ ਖੇਤਰ ਵਿੱਚ ਇਤਿਹਾਸਕ ਬੁ¦ਦੀਆਂ ’ਤੇ ਪਹੁੰਚਾ ਦਿੱਤਾ ਹੈ।
ਨੌਜਵਾਨਾਂ ਦੇ ਠਾਠਾਂ ਮਾਰਦੇ ਜੋਸ਼ ਵੇਖ ਕੇ ਉਤਸ਼ਾਹ ਨਾਲ ਭਰੇ ਸ: ਮਜੀਠੀਆ ਨੇ ਕਿਹਾ ਕਿ ਯੂਥ ਨੇ ਵਿਧਾਨ ਸਭਾ, ਲੋਕ ਸਭਾ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਤੇ ਮਿਊਨੀਸਪਲ ਕਾਰਪੋਰੇਸ਼ਨ ਅਤੇ ਕਮੇਟੀ ਚੋਣਾਂ ਦੌਰਾਨ ਪਾਰਟੀ ਦੀ ਜਿੱਤ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਹਨਾਂ ਐਲਾਨ ਕੀਤਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੀ ਕਾਂਗਰਸ ਦਾ ਪੰਜਾਬ ਵਿੱਚੋਂ ਵੀ ਮੁਕੰਮਲ ਸਫਾਇਆ ਕਰਨ ਵਿੱਚ ਯੂਥ ਅਕਾਲੀ ਦਲ ਅਹਿਮ ਰੋਲ ਅਦਾ ਕਰੇਗਾ।
ਉਹਨਾਂ ਯੂਥ ਅਕਾਲੀ ਦਲ ਦੇ ਸਮਾਜਿਕ ਏਜੰਡੇ ਦੀ ਗਲ ਕਰਦਿਆਂ ਕਿਹਾ ਕਿ ਯੂਥ ਦਲ ਹੁਣ ਸਮਾਜਕ ਬੁਰਾਈਆਂ ਵਿਰੁੱਧ ਯੋਜਨਾਬਧ ਤਰੀਕੇ ਨਾਲ ਯੁੱਧ ਛੇੜੇਗਾ । ਉਹਨਾਂ ਕਿਹਾ ਕਿ ਯੂਥ ਦਲ ਦਾਜ, ਭਰੂਣ ਹੱਤਿਆ ਅਤੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਦਿਆਂ ਨੌਜਵਾਨ ਵਰਗ ਨੂੰ ਖੇਡਾਂ, ਖ਼ੂਨਦਾਨ ਤੇ ਮੈਡੀਕਲ ਕੈਪ ਲਾਉਣ, ਹਰ ਵਰਕਰ ਇੱਕ ਰੁੱਖ ਲਾਉਣ, 5 ਲੋੜਵੰਦ ਬਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਵਲ ਵਿਸ਼ੇਸ਼ ਤਵੱਜੋ ਦੇਵੇਗਾ। ਇਸ ਮੌਕੇ ਯੂਥ ਅਕਾਲੀ ਦਲ ਦੇ ਨੌਜਵਾਨ ਵਰਕਰਾਂ ਨੂੰ ਪਿੰਡ ਪਿੰਡ ਅਤੇ ਵਾਰਡ ਪੱਧਰ ਤੇ ਆਪਣੀਆਂ ਇਕਾਈਆਂ ਕਾਇਮ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਸੱਦਾ ਦਿੱਤਾ। ਅੱਜ ਮਜੀਠੀਆ ਦੀ ਆਮਦ ਮੌਕੇ ਆਤਿਸ਼ਬਾਜ਼ੀ ਤੋਂ ਇਲਾਵਾ ਸਵਾਗਤ ਲਈ ਸੜਕਾਂ ’ਤੇ ਪੰਜ ਕਿੱਲੋ ਮੀਟਰ ਤੱਕ ਗੱਡੀਆਂ ਦਾ ਕਾਫਲਾ ਢੋਲ ਧਮਕੇ ਨਾਲ ਸ਼ਾਮਿਲ ਸੀ।
ਅੱਜ ਦੀ ਇਤਿਹਾਸਕ ਰੈਲੀ ਦੌਰਾਨ ਜ਼ਿਲ੍ਹੇ ਭਰ ਤੋਂ ਆਏ ਹਜ਼ਾਰਾਂ ਯੂਥ ਅਕਾਲੀ ਦਲ ਦੇ ਵਰਕਰਾਂ ਦਾ ਉਤਸ਼ਾਹ ਤੇ ਜੋਸ਼ ਦੇਖਿਆਂ ਹੀ ਬਣਦਾ ਸੀ।
ਘੁਟਾਲੇ ਸੋਨੀਆ ਅਤੇ ਰਾਹੁਲ ਦੇ ਨੱਕ ਥੱਲੇ ਪਨਪਦੇ ਰਹੇ
This entry was posted in ਪੰਜਾਬ.