ਸਿਡਨੀ – ਆਸਟਰੇਲੀਆ ਦੇ ਜੰਗਲਾਂ ਵਿੱਚ ਲਗੀ ਭਿਆਨਕ ਅੱਗ ਨਾਲ ਲੋਕਾਂ ਦੇ ਜਾਨ-ਮਾਲ ਦਾ ਨੁਕਸਾਨ ਤਾਂ ਹੋਇਆ ਹੀ ਹੈ ਜੋ ਕਿ ਦੁਨੀਆਂਭਰ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਅੱਗ ਨੇ ਹੁਣ ਤੱਕ ਇੱਕ ਅਰਬ ਦੇ ਕਰੀਬ ਜਾਨਵਰਾਂ ਦੀ ਜਾਨ ਲੈ ਲਈ ਹੈ। 15 ਲੱਖ ਏਕੜ ਦੇ ਖੇਤਰ ਵਿੱਚ ਫੈਲੀ ਅੱਗ ਨੇ ਹੁਣ ਤੱਕ ਤਿੰਨ ਹਜ਼ਾਰ ਤੋਂ ਵੱਧ ਘਰ ਆਪਣੀ ਲਪੇਟ ਵਿੱਚ ਲੈ ਲਏ ਹਨ ਅਤੇ 26 ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ।
ਸਿਡਨੀ ਯੂਨੀਵਰਿਸਟੀ ਦੀ ਤਾਜ਼ਾ ਰਿਪੋਰਟ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਅੱਗ ਕਈ ਪ੍ਰਜਾਤੀਆਂ ਦੇ ਲਈ ਖਤਰੇ ਦੀ ਘੰਟੀ ਹੈ। ਜੀਵ ਵਿਿਗਆਨ ਦੇ ਮਾਹਿਰਾਂ ਦਾ ਕਹਿਣਾ ਹੈ ਕਿ 600,000 ਤੋਂ 700,000 ਅਜਿਹੀਆਂ ਪ੍ਰਜਾਤੀਆਂ ਹਨ ਜੋ ਕਿ ਦੁਨੀਆਂ ਵਿੱਚ ਕਿਧਰੇ ਨਹੀਂ ਮਿਲਦੀਆਂ। ਇਸ ਭਿਆਨਕ ਅੱਗ ਕਾਰਣ ਇਨ੍ਹਾਂ ਤੇ ਖ਼ਤਰਾ ਮੰਡਰਾ ਰਿਹਾ ਹੈ। ਪ੍ਰੋਫੈਸਰ ਕਰਿਸ ਡਿਕਮੈਨ ਦਾ ਕਹਿਣਾ ਹੈ ਕਿ ਅੱਗ ਨਾਲ ਜੋ ਨੁਕਸਾਨ ਹੋਇਆ ਹੈ, ਉਸ ਦੀ ਤੁਲਣਾ ਕਰਨਾ ਸੰਭਵ ਨਹੀਂ ਹੈ। ਆਸਟਰੇਲੀਆ ਵਿੱਚ ਦੋ ਜੰਗਲੀ ਖੇਤਰਾਂ ਵਿੱਚ ਅੱਗ ਸ਼ੁਰੂ ਹੋਈ ਸੀ ਜੋ ਕਿ ਵੇਖਦੇ ਹੀ ਵੇਖਦੇ 15 ਲੱਖ ਏਕੜ ਦੇ ਖੇਤਰ ਵਿੱਚ ਫੈਲ ਗਈ।