ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਗਦਰੀ ਬਾਬਿਆਂ ਦੇ ਨਾਂਅ ‘ਤੇ ਇਨਕਲਾਬੀ ਲੋਕਾਂ ਦੇ ਖੂਨ ਪਸੀਨੇ ਦੇ ਸਹਿਯੋਗ ਨਾਲ ਹੋਂਦ ਵਿੱਚ ਆਇਆ ਦੇਸ ਭਗਤ ਯਾਦਗਾਰ ਹਾਲ ਜਲੰਧਰ ਨਿਵੇਕਲੀ ਤੇ ਗੈਰ-ਸਿਧਾਂਤਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੀਤੇ ਦਿਨੀਂ ਯਾਦਗਾਰ ਹਾਲ ਨੂੰ ਭਾਜਪਾ ਦੇ ਸਮਾਗਮ ਲਈ ਕਿਰਾਏ ‘ਤੇ ਦਿੱਤੇ ਜਾਣ ਦੇ ਫੈਸਲੇ ਦਾ ਇਨਕਲਾਬੀ ਧਿਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਜਿੱਥੇ ਇਸ ਵਾਜਬ ਵਿਰੋਧ ਦਾ ਸੇਕ ਸੋਸਲ ਵੈੱਬਸਾਈਟਾਂ ਰਾਂਹੀਂ ਨਿੱਕਲਦਾ ਦਿਖਾਈ ਦੇ ਰਿਹਾ ਹੈ, ਉੱਥੇ ਦੇਸ਼ ਵਿਦੇਸ਼ ਵਿੱਚ ਵਸਦੇ ਲੋਕ ਹਿਤੂ ਲੇਖਕਾਂ ਅਤੇ ਜੱਥੇਬੰਦੀਆਂ ਵੱਲੋਂ ਵੀ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਇਸ ਸਿਧਾਂਤਕ ਥਿੜਕਊਪਣ ਦੀ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਇਸ ਤਿੱਖੇ ਵਿਰੋਧ ਤੋਂ ਬਾਅਦ ਕਮੇਟੀ ਵੱਲੋਂ ਆਪਣੇ ਫੇਸਬੁੱਕ ਖਾਤੇ ਰਾਂਹੀਂ ਨੇੜ ਭਵਿੱਖ ਵਿੱਚ ਅਜਿਹੀ ਕਿਸੇ ਵੀ ਧਿਰ ਦੀ ਬੁਕਿੰਗ ਨਾ ਕੀਤੇ ਜਾਣ ਦੀ ਗੱਲ ਕੀਤੀ ਹੈ, ਜਿਸਦੇ ਮਨਸੂਬੇ ਫਾਸ਼ੀਵਾਦੀ ਤੇ ਗੈਰ ਜਮਹੂਰੀ ਹੋਣ। ਗਦਰੀ ਬਾਬਿਆਂ ਦੀਆਂ ਸ਼ਹਾਦਤਾਂ ਨੂੰ ਸਤਿਕਾਰਨ ਵਾਲੇ ਲੋਕਾਂ ਵੱਲੋਂ ਇਸ ਪੋਸਟ ਦੇ ਹੇਠਾਂ ਵੀ ਕਮੇਟੀ ਨੂੰ ਚੰਗੀ ਖੰਡ ਪਾਈ ਜਾ ਰਹੀ ਹੈ। ਇੰਗਲੈਂਡ ਵਿੱਚ ਕਿਰਤੀ ਕਾਮਿਆਂ ਦੇ ਹਿਤਾਂ ਲਈ ਲੰਮੇ ਅਰਸੇ ਤੋਂ ਸਰਗਰਮ ਇੰਡੀਅਨ ਵਰਕਰਜ਼ ਐਸੋਸੀਏਸ਼ਨ ਗਰੇਟ ਬ੍ਰਿਟੇਨ ਦੇ ਪ੍ਰਧਾਨ ਅਵਤਾਰ ਜੌਹਲ, ਸਕੱਤਰ ਬਲਬੀਰ ਜੌਹਲ, ਸ਼ਹੀਦ ਊਧਮ ਸਿੰਘ ਵੈੱਲਫੇਅਰ ਟਰੱਸਟ ਦੇ ਪ੍ਰਧਾਨ ਕੁਲਬੀਰ ਸੰਘੇੜਾ, ਸਕੱਤਰ ਸਰਵਣ ਸੰਘਵਾਲ ਵੱਲੋਂ ਸਾਂਝੇ ਤੌਰ ‘ਤੇ ਜਾਰੀ ਕੀਤੇ ਬਿਆਨ ਰਾਹੀਂ ਜਿੱਥੇ ਇਸ ਕਦਮ ਦੀ ਆਲੋਚਨਾ ਕੀਤੀ ਹੈ ਕਿ ਬੇਸ਼ੱਕ ਯਾਦਗਾਰ ਕਮੇਟੀ ਇਸ ਵੇਲੇ ਗੋਂਗਲੂਆਂ ਤੋਂ ਮਿੱਟੀ ਝਾੜ ਰਹੀ ਹੈ ਪਰ ਇਸ ਗੈਰਜ਼ਿੰਮੇਵਾਰਾਨਾ ਬੁਕਿੰਗ ਨਾਲ ਸੰਬੰਧਤ ਅਹੁਦੇਦਾਰ ਦੇ ਅਸਤੀਫੇ ਦੀ ਵੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਇਨਕਲਾਬੀ ਲੋਕਾਂ ਨੇ ਇਸ ਧਰੋਹਰ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਆਪਣੇ ਖੂਨ ਪਸੀਨੇ ਦੀ ਕਮਾਈ ‘ਚੋਂ ਯੋਗਦਾਨ ਪਾਇਆ ਹੈ ਪਰ ਅਜੋਕੇ ਦੌਰ ਵਿੱਚ ਦੇਸ਼ ਅਤੇ ਘੱਟ ਗਿਣਤੀਆਂ ਲਈ ਖ਼ਤਰਾ ਬਣੀਆਂ ਫਾਸ਼ੀਵਾਦੀ ਤਾਕਤਾਂ ਦਾ ਦੇਸ਼ ਭਗਤ ਯਾਦਗਾਰ ਹਾਲ ਵਿੱਚ ਵੜਨਾ ਹੀ ਗਦਰੀ ਬਾਬਿਆਂ ਦੀ ਸੋਚ ਦਾ ਕਤਲ ਕਰਨ ਵਾਂਗ ਹੈ।
ਇੰਗਲੈਂਡ ਤੋਂ ਵੀ ਵੱਜਿਆ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਭਾਜਪਾ ਨੂੰ ਕਿਰਾਏ ‘ਤੇ ਹਾਲ ਦੇਣ ਖਿਲਾਫ ਤੁਣਕਾ
This entry was posted in ਅੰਤਰਰਾਸ਼ਟਰੀ.