ਨਵੀਂ ਦਿੱਲੀ - ਦਿੱਲੀ ਕਮੇਟੀ ਦੇ ਗੁਰਦਵਾਰਿਆਂ ਵਿੱਚ ਸੰਗਤਾਂ ਦੇ ਵਲੋਂ ਗੋਲਕ ਵਿੱਚ ਪਾਈ ਜਾਣ ਵਾਲੀ ਰਾਸ਼ੀ ਵਿੱਚ ਲਗਾਤਾਰ ਹੋ ਰਹੀ ਕਮੀ ਦਾ ਠੀਕਰਾ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵਲੋਂ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਸਿਰ ਫੋੜਨ ਉੱਤੇ ‘ਜਾਗੋ’ ਪਾਰਟੀ ਨੇ ਹੈਰਾਨੀ ਜਤਾਈ ਹੈ। ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਕਾਲਕਾ ਨੂੰ ਆਪਣੀ ਨਾਕਾਮੀ ਦਾ ਭਾਰ ਆਪਣੇ ਮੋਡੇ ਉੱਤੇ ਢੋਣ ਦੀ ਨਸੀਹਤ ਦਿੱਤੀ ਹੈ। ਪਰਮਿੰਦਰ ਨੇ ਦਾਅਵਾ ਕੀਤਾ ਕਿ ਗੋਲਕ ਵਿੱਚ ਗਿਰਾਵਟ ਦਿੱਲੀ ਕਮੇਟੀ ਵਲੋਂ ਪਾਕਿਸਤਾਨ ਜਾਣ ਵਾਲੇ ਨਗਰ ਕੀਰਤਨ ਦੇ ਨਾਂਮ ਉੱਤੇ ਸੰਗਤਾਂ ਦੇ ਨਾਲ ਝੂਠ ਬੋਲਣ ਦੇ ਬਾਅਦ ਸ਼ੁਰੂ ਹੋਈ ਹੈ। ਕਿਉਂਕਿ ਗੁਰੂ ਦੀ ਹਜੂਰੀ ‘ਚ ਸੰਗਤਾਂ ਦੇ ਨਾਲ ਝੂਠ ਬੋਲਕੇ ਨਗਦੀ ਅਤੇ ਸੋਨੇ ਦੇ ਗਹਿਣੇ ਇਕੱਠੇ ਕਰਕੇ ਉਸਦਾ ਹਿਸਾਬ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੇ ਬਾਵਜੂਦ ਅੱਜ ਤੱਕ ਸੰਗਤਾਂ ਨੂੰ ਨਹੀਂ ਦੇਣ ਦੇ ਕਾਰਨ ਸੰਗਤਾਂ ਦਾ ਕਮੇਟੀ ਤੋਂ ਵਿਸ਼ਵਾਸ ਖਤਮ ਹੋਇਆ ਹੈ। ਪਰ ਮਨਜੀਤ ਸਿੰਘ ਜੀਕੇ ਦੇ ਸਾਹਮਣੇ ਛੋਟਾ ਸਿਆਸੀ ਕਦ ਰੱਖਣ ਵਾਲੇ ਕਾਲਕਾ ਇਸ ਮਾਮਲੇ ਵਿੱਚ ਜੀਕੇ ਨੂੰ ਨਿੰਦ ਕੇ ਆਪਣਾ ਕਦ ਵਧਾਉਣ ਦਾ ਸੁਪਨਾ ਵੇਖ ਰਹੇ ਹਨ।
ਪਰਮਿੰਦਰ ਨੇ ਕਿਹਾ ਕਿ ਕਾਲਕਾ ਨੇ ਜੀਕੇ ਵਲੋਂ ਆਡਿਟ ਕੰਪਨੀ ਨੂੰ ਦਿੱਤੇ ਜਵਾਬ ਦੇ ਮਾਮਲੇ ਵਿੱਚ ਅੱਧਾ ਝੂਠ ਬੋਲਿਆ ਹੈ।ਪਰਮਿੰਦਰ ਨੇ ਇੱਕ ਪੱਤਰ ਜਾਰੀ ਕਰਦੇ ਹੋਏ ਕਿਹਾ ਕਿ ਸੱਚ ਇਹ ਹੈ ਕਿ ਜੀਕੇ ਨੇ 20 ਜਨਵਰੀ 2020 ਨੂੰ ਵੀ ਕਮੇਟੀ ਦੇ ਜੀਐਮ ਨੂੰ ਪੱਤਰ ਲਿਖਿਆ ਹੈ। ਜਿਸ ਵਿੱਚ 26 ਦਸੰਬਰ ਨੂੰ ਕਮੇਟੀ ਵਲੋਂ ਆਡਿਟ ਕੰਪਨੀ ਦੇ ਸਵਾਲਾਂ ਨਾਲ ਸਬੰਧਤ ਜੀਕੇ ਵਲੋਂ ਭੇਜੇ ਗਏ ਪੱਤਰ ਦੇ ਬਾਵਜੂਦ ਜਰੂਰੀ ਕਾਗਜਾਤ ਉਪਲੱਬਧ ਨਹੀਂ ਕਰਵਾਉਣ ਨੂੰ ਲੈ ਕੇ ਸਵਾਲ ਪੁੱਛਿਆ ਹੈ। ਪਰਮਿੰਦਰ ਨੇ ਕਿਹਾ ਕਿ ਕੁਦਰਤੀ ਨਿਆਂ ਦਾ ਸਿੱਧਾਂਤ ਹੈ ਕਿ ਜੇਕਰ ਕਿਸੇ ਦੇ ਖਿਲਾਫ ਕੋਈ ਇਲਜ਼ਾਮ ਲੱਗਦਾ ਹੈ ਤਾਂ ਉਹਨੂੰ ਉਸ ਸਬੰਧੀ ਅਸਲ ਕਾਗਜਾਤ ਉਪਲੱਬਧ ਕਰਵਾਉਣਾ, ਇਲਜ਼ਾਮ ਲਗਾਉਣ ਵਾਲੇ ਦੀ ਜ਼ਿੰਮੇਦਾਰੀ ਹੈ। ਪਰ ਕਾਲਕਾ ਸਿਰਫ ਸ਼ਬਦਾਂ ਦੀ ਜੁਗਾਲੀ ਕਰਕੇ ਆਪਣੇ ਹਾਈਕਮਾਂਡ ਨੂੰ ਖੁਸ਼ ਕਰਨ ਦੀ ਇੱਛਾ ਰੱਖੇ ਹੋਏ ਹਨ।