ਫ਼ਤਹਿਗੜ੍ਹ ਸਾਹਿਬ – “ਗੁਰੂ ਸਾਹਿਬਾਨ ਨੇ ਅਜਿਹੀ ਸਿੱਖ ਕੌਮ ਪੈਦਾ ਕੀਤੀ ਹੈ ਜੋ ਅਣਖ਼-ਇੱਜ਼ਤ ਅਤੇ ਗੈਰਤ ਨਾਲ ਜੀਵਨ ਬਸਰ ਕਰਦੀ ਹੈ ਅਤੇ ਕਿਸੇ ਵੀ ਵੱਡੇ ਤੋਂ ਵੱਡੇ ਨਾਢੂਖਾਂ ਤੇ ਹੁਕਮਰਾਨ ਨੂੰ ਆਪਣੀ ਕੌਮੀਅਤ ਵਾਲੀ ਸੋਚ ਤੇ ਸਵਾਰ ਨਹੀਂ ਹੋਣ ਦਿੰਦੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਲੰਮਾਂ ਸਮਾਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਏ ਘੱਟ ਗਿਣਤੀ ਕੌਮਾਂ ਵਿਰੋਧੀ ਮੁਤੱਸਵੀ ਬੀਜੇਪੀ-ਆਰ.ਐਸ.ਐਸ. ਨੂੰ ਆਪਣੇ ਉਤੇ ਸਵਾਰ ਹੋਣ ਦੀ ਇਜ਼ਾਜਤ ਦੇ ਕੇ ਉਨ੍ਹਾਂ ਦੇ ਘੋੜੇ ਬਣਕੇ ਵਿਚਰਦੇ ਆ ਰਹੇ ਹਨ ਅਤੇ ਸਿੱਖ ਕੌਮ ਦੀ ਅਣਖ਼-ਗੈਰਤ ਨੂੰ ਵੀ ਇਨ੍ਹਾਂ ਨੇ ਡੂੰਘੀ ਠੇਸ ਪਹੁੰਚਾਈ ਹੈ । ਹੁਣ ਜਦੋਂ ਮੁਤੱਸਵੀ ਹੁਕਮਰਾਨਾਂ ਨੇ ਲੰਮਾਂ ਸਮਾਂ ਇਨ੍ਹਾਂ ਬਾਦਲ ਦਲੀਆ ਦੀ ਆਪਣੇ ਸਵਾਰਥੀ ਤੇ ਰਾਜਸ਼ੀ ਹਿੱਤਾ ਦੀ ਪੂਰਤੀ ਲਈ ਦੁਰਵਰਤੋਂ ਕਰ ਲਈ ਹੈ ਅਤੇ ਜਿਨ੍ਹਾਂ ਦੀ ਨਜ਼ਰ ਵਿਚ ਬਾਦਲ ਦਲੀਆ ਜਾਂ ਸਿੱਖ ਕੌਮ ਪ੍ਰਤੀ ਕੋਈ ਹਮਦਰਦੀ ਤੇ ਇੱਜ਼ਤ ਨਹੀਂ, ਅੱਖਾਂ ਮੀਟਕੇ ਫਿਰ ਵੀ ਉਨ੍ਹਾਂ ਦੇ ਬਣੇ ਰਹਿਣਾ ਮੂਰਖਤਾ ਨਹੀਂ ਤਾਂ ਹੋਰ ਕੀ ਹੈ ? ਹੁਣ ਜਦੋਂ ਦਿੱਲੀ ਦੀਆਂ ਅਸੈਬਲੀ ਚੋਣਾਂ ਵਿਚ ਬੀਜੇਪੀ-ਆਰ.ਐਸ.ਐਸ. ਨੇ ‘ਪਤੀ-ਪਤਨੀ, ਨੌਹ-ਮਾਸ’ ਦੇ ਰਿਸਤੇ ਦੀ ਗੱਲ ਕਰਨ ਵਾਲੇ ਬਾਦਲ ਦਲੀਆ ਨੂੰ ਕੌਮਾਂਤਰੀ ਪੱਧਰ ਤੇ ਇਕ ਵੀ ਸੀਟ ਨਾ ਦੇ ਕੇ ਠਿੱਠ ਕਰ ਦਿੱਤਾ ਹੈ ਅਤੇ ਬਾਦਲ ਦਲੀਏ ਨਾ ਇੱਧਰ ਦੇ ਰਹੇ ਨਾ ਉੱਧਰ ਦੇ ਰਹੇ ਵਾਲੀ ਸਥਿਤੀ ਵਿਚ ਹਨ ਤਾਂ ਹੁਣ ਸਰਨਾ ਭਰਾਵਾਂ (ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ) ਜੋ ਅੱਜ ਤੱਕ ਕਾਂਗਰਸ ਵਰਗੀ ਜਾਲਮ ਜਮਾਤ ਨਾਲ ਵਿਚਰਦੇ ਰਹੇ ਹਨ, ਹੁਣ ਉਨ੍ਹਾਂ ਨੇ ਉਪਰੋਕਤ ਬੀਜੇਪੀ-ਆਰ.ਐਸ.ਐਸ. ਦਾ ਪੱਲ੍ਹਾ ਫੜਨ ਦੀ ਗੁਸਤਾਖੀ ਕਰਕੇ ਬਾਦਲਾਂ ਦੀ ਤਰ੍ਹਾਂ ਆਪਣੇ-ਆਪ ਨੂੰ ਸਿੱਖ ਕੌਮ ਦੀ ਨਜ਼ਰ ਵਿਚ ਸੱਕੀ ਕਿਉਂ ਬਣਾ ਲਿਆ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਦੋਂ ਬੀਜੇਪੀ-ਆਰ.ਐਸ.ਐਸ. ਅਤੇ ਕਾਂਗਰਸ ਵਰਗੀਆ ਘੱਟ ਗਿਣਤੀ ਕੌਮਾਂ ਵਿਰੋਧੀ ਜਮਾਤਾਂ ਵੱਲੋਂ ਦੁਰਕਾਰੇ ਜਾ ਚੁੱਕੇ ਸਿੱਖ ਆਗੂਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਕੇ ‘ਕੌਮੀਅਤ’ ਵਾਲੇ ਵਿਹੜੇ ਵਿਚ ਖਲੋਣਾ ਬਣਦਾ ਹੈ ਅਤੇ ਸਰਨਾ ਭਰਾ ਇਸ ਸਮੇਂ ਮੌਕਾਪ੍ਰਸਤੀ ਦੀ ਸੋਚ ਅਧੀਨ ਉਸ ਜਾਲਮ ਬੀਜੇਪੀ-ਆਰ.ਐਸ.ਐਸ. ਨਾਲ ਹੱਥ ਮਿਲਾਉਣ ਦੇ ਹੋ ਰਹੇ ਦੁੱਖਦਾਇਕ ਅਮਲਾਂ ਉਤੇ ਡੂੰਘੀ ਹੈਰਾਨੀ ਤੇ ਦੁੱਖ ਜ਼ਾਹਰ ਕਰਦੇ ਹੋਏ ਅਤੇ ਸਰਨਾ ਭਰਾਵਾਂ ਨੂੰ ਕੌਮ ਵੱਲੋਂ ‘ਫ਼ਤਹਿ’ ਬੁਲਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ਕਿ ਜਿਨ੍ਹਾਂ ਆਗੂਆਂ ਨੇ ਆਪਣੇ ਪਰਿਵਾਰਿਕ, ਮਾਲੀ ਜਾਂ ਰਾਜਸੀ ਹਿੱਤਾ ਲਈ ਆਪਣੀ ਕੌਮੀਅਤ ਨੂੰ ਦੂਸਰੇ ਹੁਕਮਰਾਨਾਂ ਦੇ ਗਹਿਣੇ ਪਾਉਣ ਦੀ ਗੁਸਤਾਖੀ ਕੀਤੀ ਹੈ, ਉਨ੍ਹਾਂ ਨੂੰ ਨਾ ਤਾਂ ਇਸ ਜਹਾਨ ਵਿਚ ਕੋਈ ਢੋਈ ਮਿਲੀ ਹੈ ਅਤੇ ਨਾ ਹੀ ਉਸ ਅਕਾਲ ਪੁਰਖ ਦੀ ਅਦਾਲਤ ਵਿਚ । ਫਿਰ ਵੀ ਪਤਾ ਨਹੀਂ ਪਹਿਲੇ ਬਾਦਲ ਦਲੀਏ ਅਤੇ ਹੁਣ ਸਰਨਾ ਭਰਾ ਉਸ ਡੂੰਘੀ ਤੇ ਹਨੇਰੀ ਖਾਈ ਵਿਚ ਡਿੱਗਣ ਲਈ ਆਪਣੇ-ਆਪ ਨੂੰ ਪੇਸ਼ ਕਰਕੇ ਕਿਸ ਗੱਲ ਦੀ ਖੁਸ਼ੀ ਮਹਿਸੂਸ ਕਰ ਰਹੇ ਹਨ ? ਹੁਣ ਜਦੋਂ ਬਾਦਲਾਂ ਵੱਲੋਂ ਮੁਤੱਸਵੀ ਬੀਜੇਪੀ-ਆਰ.ਐਸ.ਐਸ. ਨੂੰ ਫ਼ਤਹਿ ਬੁਲਾਉਣ ਦਾ ਸਹੀ ਮੌਕਾ ਸੀ, ਉਸ ਸਮੇਂ ਵੀ ਉਹ ਘਸੀਆ-ਪਿੱਟੀਆ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਵਾਲੀਆ ਦਲੀਲਾਂ ਦਾ ਸਹਾਰਾ ਲੈਕੇ ਇਹ ਕਹਿ ਰਹੇ ਹਨ ਕਿ ਹੁਣੇ ਬਣਾਏ ਗਏ ਨਵੇਂ ਘੱਟ ਗਿਣਤੀ ਕੌਮਾਂ ਮਾਰੂ ਕਾਨੂੰਨਾਂ ਜਿਨ੍ਹਾਂ ਵਿਚ ਮੁਸਲਮਾਨਾਂ ਅਤੇ ਹੋਰਨਾਂ ਦੀ ਨਾਗਰਿਕਤਾ ਦਾ ਹੱਕ ਖੋਹਿਆ ਜਾ ਰਿਹਾ ਹੈ, ਉਸ ਨੂੰ ਪੂਰਨ ਕਰਵਾਉਣ ਹਿੱਤ ਸਾਡਾ ਬੀਜੇਪੀ ਨਾਲ ਪਤੀ-ਪਤਨੀ ਵਾਲਾ ਰਿਸਤਾ ਕਾਇਮ ਰਹੇਗਾ, ਦੀ ਗੱਲ ਹਾਸੋਹੀਣੀ ਅਤੇ ਇਨ੍ਹਾਂ ਦੀ ਤਰਸਯੋਗ ਤੇ ਗੈਰ-ਇਖ਼ਲਾਕੀ ਹਾਲਤ ਨੂੰ ਖੁਦ ਸਪੱਸਟ ਕਰਦੀ ਹੈ । ਜੋ ਕੌਮ ਤੇ ਪੰਜਾਬ ਸੂਬੇ ਵਿਰੋਧੀ ਕੰਮ ਬਾਦਲ ਦਲੀਏ ਕਰਦੇ ਰਹੇ ਹਨ, ਹੁਣ ਉਨ੍ਹਾਂ ਨੂੰ ਅੱਗੇ ਹੋ ਕੇ ਸਰਨਾ ਭਰਾ ਕਰਨਗੇ । ਅਜਿਹੀਆ ਮੌਕਾਪ੍ਰਸਤੀ ਵਾਲੀਆ ਖੇਡਾਂ ਵਾਲਾ ਕਿਰਦਾਰ ‘ਸਿੱਖ ਕੌਮ ਤੇ ਸਿੱਖਾਂ’ ਦਾ ਨਹੀਂ । ਅਜਿਹੀ ਗੰਧਲੀ ਖੇਂਡ ਇਨ੍ਹਾਂ ਲੋਕਾਂ ਨੂੰ ਮੁਬਾਰਕ ਹੋਵੇ ਅਤੇ ਸਾਡੇ ਵੱਲੋਂ ਅਜਿਹੇ ਆਗੂਆਂ ਨੂੰ ਅਲਵਿਦਾ ਅਤੇ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ।
ਸ. ਮਾਨ ਨੇ ਬੀਜੇਪੀ-ਆਰ.ਐਸ.ਐਸ. ਅਤੇ ਕਾਂਗਰਸ ਦੀਆਂ ਘੱਟ ਗਿਣਤੀ ਕੌਮਾਂ ਵਿਰੋਧੀ ਸਾਜ਼ਿਸਾਂ ਨੂੰ ਲੰਮੇਂ ਸਮੇਂ ਬਾਅਦ ਸਮਝਣ ਵਾਲੇ ਅਤੇ ਬਾਦਲਾਂ ਤੇ ਸਰਨਾ ਭਰਾਵਾਂ ਵਰਗੇ ਆਗੂਆਂ ਦੀਆਂ ਸਵਾਰਥੀ ਖੇਡਾਂ ਨੂੰ ਸਮਝਣ ਵਾਲੇ ਸ. ਰਣਜੀਤ ਸਿੰਘ ਬ੍ਰਹਮਪੁਰਾ, ਸ. ਸੁਖਦੇਵ ਸਿੰਘ ਢੀਡਸਾ, ਸ. ਸੇਵਾ ਸਿੰਘ ਸੇਖਵਾ, ਬੈਂਸ ਭਰਾ, ਸੁਖਪਾਲ ਸਿੰਘ ਖਹਿਰਾ, ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਤੇ ਸਿੱਖ ਕੌਮ ਹਿਤੈਸੀ ਆਗੂਆਂ ਨੂੰ ਜੋਰਦਾਰ ਸੰਜ਼ੀਦਾ ਅਪੀਲ ਕਰਦੇ ਹੋਏ ਕਿਹਾ ਕਿ ਹੁਣ ਜਦੋਂ ਬੀਜੇਪੀ-ਆਰ.ਐਸ.ਐਸ. ਦਾ ਦੋਮੂੰਹੀ ਤਿੱਖਾ ਕੁਹਾੜਾ ਮੁਸਲਮਾਨਾਂ ਤੇ ਚੱਲ ਰਿਹਾ ਹੈ, ਆਉਣ ਵਾਲੇ ਸਮੇਂ ਵਿਚ ਸਿੱਖ, ਇਸਾਈ, ਰੰਘਰੇਟਿਆ, ਆਦਿਵਾਸੀਆ, ਕਬੀਲਿਆ, ਲਿੰਗਾਇਤਾ ਆਦਿ ਤੇ ਚੱਲਣਾ ਹੈ, ਤਾਂ ਉਸ ਸਮੇਂ ਦੀ ਨਜਾਕਤ ਨੂੰ ਪਹਿਚਾਣਦੇ ਹੋਏ ਪੰਥਕ ਅਤੇ ਪੰਜਾਬ ਹਿਤੈਸੀ ਆਗੂ ਤੇ ਪਾਰਟੀਆ ‘ਹਿੰਦੂ ਰਾਸ਼ਟਰ’ ਵਿਰੁੱਧ ਸਾਡੇ ਵੱਲੋਂ 25 ਜਨਵਰੀ ਦੇ ਦਿੱਤੇ ਗਏ ਪੰਜਾਬ ਬੰਦ ਨੂੰ ਇਮਾਨਦਾਰੀ ਨਾਲ ਸਹਿਯੋਗ ਕਰਨ । ਸ. ਮਾਨ ਨੇ ਸਮੁੱਚੀਆ ਪੰਥਕ, ਰਾਜਸੀ, ਕਿਸਾਨ ਯੂਨੀਅਨਾਂ, ਵਪਾਰ ਮੰਡਲ, ਦੋਧੀ ਯੂਨੀਅਨਾਂ, ਮੁਲਾਜ਼ਮ-ਮਜ਼ਦੂਰ ਯੂਨੀਅਨਾਂ, ਵਿਦਿਆਰਥੀ ਜਥੇਬੰਦੀਆਂ ਆਦਿ ਜਿਨ੍ਹਾਂ ਨੇ ਪੰਜਾਬ ਬੰਦ ਕਰਨ ਲਈ ਸਾਨੂੰ ਵੱਡਾ ਹੁੰਗਾਰਾ ਦਿੱਤਾ ਹੈ, ਉਨ੍ਹਾਂ ਦਾ ਵੀ ਉਚੇਚੇ ਤੌਰ ਤੇ ਧੰਨਵਾਦ ਕੀਤਾ ।