ਪਰਮਜੀਤ ਸਿੰਘ ਬਾਗੜੀਆ
ਦੇਸ਼ ਦੀ ਪ੍ਰਮੁਖ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਸਿਆਸੀ ਭਾਈਵਾਲ ਅਤੇ ਕੇਂਂਦਰ ਵਿਚ ਸੱਤਾਧਾਰੀ ਪਾਰਟੀ ਭਾਜਪਾ ਨਾਲ ਮੱਤਭੇਦ ਵਧਦੇ ਜਾ ਰਹੇ ਹਨ। ਹਾਲ ਹੀ ਵਿਚ 4 ਸੂਬਿਆਂ ਵਿਚ ਹੋਈਆਂ ਅਸੰਬਲੀ ਚੋਣਾਂ ਵਿਚ ਹਰਿਆਣਾ ਸੂਬੇ ਵਿਚ ਅਕਾਲੀ ਦਲ ਨੇ ਭਾਜਪਾ ਦੀ ਸਿਆਸੀ ਭਾਈਵਾਲ ਹੁੰਦਿਆਂ ਭਾਜਪਾ ਵਿਰੁੱਧ ਜਾ ਕੇ ਚੌਟਾਲਿਆਂ ਦੀ ਪਾਰਟੀ ਇਡੀਅਨ ਨੈਸ਼ਨਲ ਲੋਕ ਦਲ ਨੂੰ ਸਮਰਥਨ ਦਿੱਤਾ ਸੀ, ਨਤੀਜਾ ਭਾਜਪਾ ਇਕੱਲਿਆਂ ਪੂਰਨ ਬਹੁਮਤ ਤੋਂ ਥੋੜਾ ਦੂਰ ਰਹੀ, ਉਸ ਨੇ ਹਰਿਆਣਾ ਵਿਚ ਸਰਕਾਰ ਤਾਂ ਬਣਾ ਲਈ ਪਰ ਪਾਰਟੀ ਨੂੰ ਅਕਾਲੀ ਦਲ ਵਲੋਂ ਕੀਤੀ ਸਿਆਸੀ ਵਰਖ਼ਿਲਾਫੀ ਅੰਦਰ ਹੀ ਅੰਦਰ ਚੁਭਦੀ ਰਹੀ । ਫਿਰ ਭਾਜਪਾ ਨੇ ‘ਨਾਗਰਿਕ ਸੋਧ ਕਾਨੂੰਨ’ ਲਿਆਂਦਾ ਜਿਸ ‘ਤੇ ਅਕਾਲੀ ਖੁੱਲ੍ਹ ਕੇ ਨਹੀਂ ਬੋਲੇ ਪਰ ਹੁਣ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿੱਲੀ ਦੀਆਂ ਸੁਬਾਈ ਚੋਣਾਂ ਵਿਚ ਫਿਰ ਭਾਜਪਾ ਤੋਂ ਦੂਰੀ ਬਣਾ ਲਈ ਗਈ ਹੈ ਤੇ ਆਖਿਆ ਇਹ ਗਿਆ ਅਕਾਲੀ ਦਲ, ਭਾਜਪਾ ਵਲੋਂ ਮੁਲਕ ਨੂੰ ਧਾਰਮਿਕ ਅਧਾਰ ‘ਤੇ ਵੰਡਣ ਵਾਲੇ ਕਾਨੂੰਨ ਨਾਗਰਿਕ ਸੋਧ ਬਿੱਲ ਦਾ ਵਿਰੋਧ ਕਰਦਾ ਹੈ। ਇਸ ਲਈ ਉਨਹਾਂ ਦਿੱਲੀ ਵਿਚ ਭਾਜਪਾ ਵਲੋਂ ਅਕਾਲੀ ਦਲ ਲਈ ਛੱਡੀਆਂ ਜਾਂਦੀਆਂ 4 ਸੀਟਾਂ ਨੂੰ ਠੋਕਰ ਮਾਰ ਕੇ ਆਪਣਾ ਕੋਈ ਉਮੀਦਵਾਰ ਖੜ੍ਹਾ ਨਾ ਕਰਨ ਦਾ ਫੈਸਲਾ ਕੀਤਾ ਹੈ। ਹੁਣ 8 ਫਰਵਰੀ ਨੂੰ ਹੋਣ ਵਾਲੀ ਚੋਣ ਦਿੱਲੀ ਵਿਚ ਭਾਜਪਾ ਲਈ ਸਿਆਸੀ ਵੱਕਾਰ ਦਾ ਸਵਾਲ ਬਣ ਚੁੱਕੀ ਦਿੱਲੀ ਅਸੰਬਲੀ ਦੀ ਚੋਣ ਵਿਚ ਸਿੱਖ ਵੋਟਰ ਭਾਜਪਾ ਵਿਰੁੱਧ ਭੁਗਤਣਗੇ। ਇਹ ਗੱਲ ਕੰਧ ‘ਤੇ ਲਿਖੀ ਇਬਾਰਤ ਵਾਂਗ ਸ਼ਪਸਟ ਹੈ ਕਿ ਅਕਾਲੀ ਉਮੀਦਵਾਰ ਮੈਦਾਨ ਵਿਚ ਨਾ ਹੋਣ ਕਰਕੇ ਦਿੱਲੀ ਵਿਚ 10 ਲੱਖ ਅਬਾਦੀ ਵਾਲੇ ਸਿੱਖ ਭਾਈਚਾਰੇ ਲੱਖਾਂ ਸਿੱਖ ਵੋਟ ਕਾਂਗਰਸ ਨੂੰ ਪੈਣ ਦੀ ਥਾਂ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਨੁੰ ਪਏਗੀ ਜੋ ਅਕਾਲੀ ਦਲ ਵਲੋਂ ਭਾਜਪਾ ਨੂੰ ਦੂਜਾ ਸਿਆਸੀ ਝਟਕਾ ਹੋਵੇਗਾ।
ਹੈਰਾਨੀ ਦੀ ਗੱਲ ਇਹ ਹੈ ਕਿ ਭਾਜਪਾ ਦਾ ਏਨਾ ਵਿਰੋਧ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਕੇਂਦਰ ਵਿਚ ਸ੍ਰੀਮਤੀ ਹਰਮਿਰਤ ਕੌਰ ਬਾਦਲ ਦੇ ਮੰਤਰੀ ਪਦ ਦੇ ਰੂਪ ਵਿਚ ਸੱਤਾ ਸੁਖ ਵੀ ਮਾਣ ਰਿਹਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਅਕਾਲੀ ਦਲ ਦਾ ਆਪਣੇ ਭਾਈਵਾਲ ਭਾਜਪਾ ਨਾਲ ਏਨਾ ਹੀ ਮੱਤਭੇਦ ਹੈ ਤਾਂ ਉਸਨੁੰ ਆਪਣਾ ਇਕੋ ਇਕ ਮੰਤਰੀ ਵਾਪਸ ਬੁਲਾ ਲੈਣਾ ਚਾਹੀਦਾ ਹੈ ਜਿਹਾ ਕਦੇ ਭਾਜਪਾ ਦੇ ਨਜ਼ਦੀਕੀ ਭਾਈਵਾਲ ਸ਼ਿਵ ਸੈਨਾ ਨੇ ਕੀਤਾ ਸੀ। ਅਕਾਲੀ ਦਲ ਪਾਰਟੀ ਨੂੰ ਚੋਣਾਂ ਵਿਚ ਸਿਆਸੀ ਸਹਿਯੋਗ ਨਾ ਦੇਣ ਦੀ ਦਲੇਰੀ ਤਾਂ ਕਰ ਬੈਠਾ ਪਰ ਇਹ ਹਰਸਿਮਰਤ ਦੇ ਮੰਤਰੀ ਪਦ ਦਾ ਤਿਆਗ ਕਰਨ ਦੀ ਜ਼ੁਰਅਤ ਨਹੀਂ ਕਰ ਸਕਿਆ।
ਜੇ ਦੇਖਿਆ ਜਾਵੇ ਤਾਂ ਅਕਾਲੀ ਦਲ ਨੇ ਇਹ ਸਭ ਭਾਜਪਾ ਦੇ ਪੰਜਾਬ ਦੀ ਸਿਆਸਤ ਵਿਚ ਕੀਤੇ ਜਾ ਰਹੇ ਦਖਲ ਦੀ ਵਿਰੋਧਤਾ ਵਜੋਂ ਕੀਤਾ ਹੈ। ਭਾਜਪਾ ਦੀ ਅੱਖ ਪੰਜਾਬ ਸੂਬੇ ‘ਤੇ ਟਿਕੀ ਹੈ ਜਿੱਥੇ ਉਹ ਹਮੇਸ਼ਾ ਸਿਆਸਤ ਦਾ ਇਕ ਛੋਟਾ ਤੇ ਖੇਤਰੀ ਪਾਰਟੀ ਅਕਾਲੀ ਦਲ ‘ਤੇ ਨਿਰਭਰ ਖਿਡਾਰੀ ਬਣੀ ਰਹੀ ਹੈ। ਹੁਣ ਭਾਜਪਾ ਪੰਜਾਬ ਵਿਚ ਅਕਾਲੀ ਦਲ ਤੋਂ ਖਹਿੜਾ ਛੁਡਾ ਕੇ ਸੂਬੇ ਵਿਚ ਨਵੇਂ ਸਿੱਖ ਚਿਹਰਿਆਂ ਨੰ ਅੱਗੇ ਲਿਆ ਕੇ ਅਕਾਲੀ ਦਲ ਅਤੇ ਕਾਂਗਰਸ ਵਿਰੋਧੀ ਧਿਰਾਂ ਨੂੰ ਕਲਾਵੇ ਵਿਚ ਲੈ ਕੇ ਚੋਣਾਂ ਲੜਨਾ ਚਾਹੁੰਦੀ ਹੈ। ਪਾਰਟੀ ਨੇ ਆਪਣੀ ਰਣਨੀਤੀ ਵੀ ਬਣਾ ਲਈ ਹੈ । ਅਕਾਲੀ ਦਲ ਦੇ ਟਕਸਾਲੀ ਨੇਤਾ ਸ. ਸੁਖਦੇਵ ਸਿੰਘ ਢੀਂਡਸਾ ਦਾ ਪਾਰਟੀ ਤੋਂ ਜੁਦਾ ਹੋਣਾ ਇਸੇ ਪ੍ਰੀਕ੍ਰਿਆ ਅਧੀਨ ਦੇਖਿਆ ਜਾ ਰਿਹਾ ਹੈ। ਪੰਜਾਬ ਦੇ ਸਿਆਸੀ ਖੇਤਰ ਵਿਚ ਇਹ ਗੱਲਾਂ ਘੁੰਮ ਰਹੀਆਂ ਹਨ ਕਿ ਭਾਜਪਾ ਨਵੇਂ ਅਤੇ ਅਕਾਲੀ-ਕਾਂਗਰਸ ਦੋਵਾਂ ਤੋਂ ਨਰਾਜ ਆਗੂਆਂ ਨੂੰ ਲੈ ਕੇ ਪੰਜਾਬ ਵਿਚ ਸਿਅਸੀ ਗਲਬੇ ਦੀ ਲੜਾਈ ਲੜੇਗੀ ਅਤੇ ਕੁਝ ਛੋਟੇ ਦਲਾਂ ਨੂੰ ਪੇਂਡੂ ਖੇਤਰ ਦੀਆਂ 35-40 ਸੀਟਾਂ ਛੱਡ ਕੇ ਖੁਦ ਸ਼ਹਿਰੀ ਤੇ ਅਰਧ ਸ਼ਹਿਰੀ ਖੇਤਰ ਦੀਆਂ 70-80 ਸੀਟਾਂ ‘ਤੇ ਚੋਣਾਂ ਲੜੇਗੀ। ਹੁਣ ਸਿਆਸੀ ਮਾਹਿਰ ਸੋਚਦੇ ਹਨ ਕਿ ਫਿਰ ਅਕਾਲੀ ਦਲ ਦਾ ਕੀ ਬਣੇਗਾ? ਜਿਸ ਨੇ ਕੱਟੜ ਧਾਰਮਿਕ ਨੀਤੀਆਂ ਅਤੇ ਘੱਟ ਗਿਣਤੀਆਂ ਵਿਰੁੱਧ ਸ਼ਿਕੰਜਾ ਕਸਣ ਦੀ ਹਾਮੀ ਪਾਰਟੀ ਭਾਜਪਾ ਨੂੰ ਹਰ ਮੁੱਦੇ ‘ਤੇ ਅੰਨ੍ਹਾ ਸਮਰਥਨ ਦਿੱਤਾ। ਹਾਂ ਅਕਾਲੀ ਦਲ ਲਈ ਹੁਣ ਪੰਜਾਬ ਵਿਚ ਸਿਰਫ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕਰਨ ਦਾ ਹੀ ਬਦਲ ਬਚਿਆ ਹੈ। ਦਿੱਲੀ ਦੇ ਚੋਣ ਨਤੀਜਿਆ ਤੋਂ ਬਾਅਦ ਪੰਜਾਬ ਵਿਚ ਕੁਝ ਹੋਰ ਵੀ ਸਿਆਸੀ ਹਲਚਲ ਹੋਣ ਦੀਆਂ ਪ੍ਰਬਲ ਸੰਭਾਵਨਾਵਾਂ ਬਣੀਆਂ ਹੋਈਆਂ ਹਨ।