ਨਵੀਂ ਦਿੱਲੀ – ਕੇਂਦਰ ਸਰਕਾਰ ਵਿੱਚ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਦਿੱਲੀ ਵਿਧਾਨਸਭਾ ਦੀਆਂ ਚੋਣਾਂ ਦੇ ਲਈ ਬੀਜੇਪੀ ਲਈ ਚੋਣ ਪਰਚਾਰ ਦੌਰਾਨ ਇਤਰਾਜ਼ਯੋਗ ਨਾਅਰੇ ਲਗਾ ਕੇ ਵਿਰੋਧੀ ਦਲਾਂ ਨੂੰ ਇੱਕ ਹੋਰ ਮੁੱਦਾ ਦੇ ਦਿੱਤਾ ਹੈ। ਰਿਠਾਲਾ ਵਿੱਚ ਇੱਕ ਚੋਣ ਰੈਲੀ ਦੌਰਾਨ ਅਮਿਤ ਸ਼ਾਹ ਦੇ ਪਹੁੰਚਣ ਤੋਂ ਪਹਿਲਾਂ ਅਨੁਰਾਗ ਠਾਕੁਰ ਨੇ ਲੋਕਾਂ ਨੂੰ ਸੰਬੋਧਤ ਕਰਦੇ ਹੋਏ ‘ ਦੇਸ਼ ਕੇ ਗਦਾਰੋਂ ਕੋ, ਗੋਲੀ ਮਾਰੋ…..’ ਦੇ ਇਤਰਾਜ਼ਯੋਗ ਨਾਅਰੇ ਲਗਵਾਏ। ਉਹ ਪੂਰੇ ਪੰਜ ਮਿੰਟ ਤੱਕ ਇਸ ਤਰ੍ਹਾਂ ਦੇ ਬੇਹੂਦਾ ਨਾਅਰੇ ਲਗਵਾਉਂਦੇ ਰਹੇ।
ਬੀਜੇਪੀ ਦੇ ਮੰਤਰੀ ਅਨੁਰਾਗ ਠਾਕੁਰ ਦੀ ਚੋਣ ਰੈਲੀ ਦਾ ਇੱਕ ਸਨਸਨੀਖੇਜ਼ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਅਨੁਰਾਗ ਠਾਕੁਰ ਮੰਚ ਤੇ ਨਾਅਰਾ ਲਗਾਉਂਦੇ ਵਿਖਾਈ ਦੇ ਰਹੇ ਹਨ, ‘ਦੇਸ਼ ਕੇ ਗਦਾਰੋਂ ਕੋ….. ਜਿਸ ਦੇ ਬਾਅਦ ਰੈਲੀ ਵਿੱਚ ਜੁੜੀ ਭੀੜ ਜਵਾਬ ਵਿੱਚ ਕਹਿੰਦੀ ਹੈ – ‘ਗੋਲੀ ਮਾਰੋ…..ਕੋ।’ ਵੀਡੀਓ ਵਿੱਚ ਅਨੁਰਾਗ ਨੇ ਬਿਹਾਰ ਵਿੱਚ ਮੋਦੀ ਸਰਕਾਰ ਵਿੱਚ ਮੰਤਰੀ ਰਹੇ ਗਿਰੀਰਾਜ ਦਾ ਵੀ ਜ਼ਿਕਰ ਕੀਤਾ ਹੈ। ਉਹ ਲੋਕਾਂ ਦੀ ਅਗਵਾਈ ਕਰਦੇ ਹੋਏ ਇਹ ਕਹਿੰਦੇ ਵਿਖਾਈ ਦੇ ਰਹੇ ਹਨ ਕਿ ਇਹ ਨਾਅਰਾ ਏਨੇ ਜੋਰ ਦੀ ਲਗਾਓ ਕਿ ਗਿਰੀਰਾਜ ਤੱਕ ਇਸ ਦੀ ਆਵਾਜ਼ ਜਾਵੇ।
ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਸਮੇਤ ਹੋਰ ਵੀ ਕਈ ਦਲ ਮੋਦੀ ਸਰਕਾਰ ਨੂੰ ਆੜੇ ਹੱਥੀਂ ਲੈ ਰਹੇ ਹਨ। ਇਸ ਤੋਂ ਪਹਿਲਾਂ ਵੀ ਬੀਜੇਪੀ ਨੇਤਾ 8 ਫਰਵਰੀ ਨੂੰ ਹੋਣ ਵਾਲੀ ਚੋਣ ਨੂੰ ਭਾਰਤ-ਪਾਕਿਸਤਾਨ ਦੀ ਜੰਗ ਕਰਾਰ ਦੇ ਚੁੱਕੇ ਹਨ। ਮੋਦੀ ਅਤੇ ਸ਼ਾਹ ਖੁਦ ਇਤਰਾਜ਼ਯੋਗ ਅਤੇ ਦੇਸ਼ ਹਿੱਤਾਂ ਦੇ ਖਿਲਾਫ਼ ਗਤੀਵਿਧੀਆਂ ਕਰਦੇ ਆ ਰਹੇ ਹਨ।