ਅੰਮ੍ਰਿਤਸਰ, ( ਸਰਚਾਂਦ ਸਿੰਘ ) – ਵਿਵਾਦਿਤ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵਿਵਾਦ ਦੇ ਚੱਲਦਿਆਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਬੰਦ ਸਮੂਹ ਬੰਦੀ ਸਿੰਘਾਂ ਨੇ ਦੇਸ਼-ਵਿਦੇਸ਼ ਵੱਸਦੀ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦੇ ਨਾਂਅ ਜਾਰੀ ਅਪੀਲ ਵਿਚ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ, ਗੁਰੂ ਸਾਹਿਬਾਨ ਵੱਲੋਂ ਸਥਾਪਤ ਕੀਤੀਆਂ ਸੰਸਥਾਵਾਂ, ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸਮੂਹ ਬੰਦੀ ਸਿੰਘਾਂ ਦੀ ਤਰਫ਼ੋਂ ਭਾਈ ਰਵਿੰਦਰਪਾਲ ਸਿੰਘ ਮਹਿਣਾ ਅਤੇ ਭਾਈ ਜਗਦੇਵ ਸਿੰਘ ਤਲਾਣੀਆਂ ਵਲੋਂ ਜਾਰੀ ਕੀਤੀ ਅਪੀਲ ਵਿਚ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਪਹਿਲਾਂ ਵੀ, ਅੱਜ ਵੀ ਅਤੇ ਆਉਣ ਵਾਲੇ ਸਮੇਂ ਵਿਚ ਵੀ ਸਰਵਉੱਚ ਰਹੇਗਾ। ਜਦੋਂ ਵੀ ਕੋਈ ਸਿੱਖ ਸੰਸਥਾ ਜਾਂ ਸੰਤ ਮਹਾਂਪੁਰਸ਼ ਆਪਸੀ ਖਹਿਬਾਜ਼ੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਯਾਦਾ ‘ਤੇ ਕਿੰਤੂ-ਪ੍ਰੰਤੂ ਕਰਦੇ ਹਨ ਤਾਂ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਮਨਾਂ ਵਿਚ ਭਾਰੀ ਰੋਸ ਪੈਦਾ ਹੁੰਦਾ ਹੈ ਅਤੇ ਹਿਰਦੇ ਵਲੂੰਧਰੇ ਜਾਂਦੇ ਹਨ, ਜੋ ਕਿ ਹਰ ਸਿੱਖ ਲਈ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਬੰਦੀ ਸਿੰਘਾਂ ਨੇ ਇੱਕ ਨਿੱਜੀ ਟੀ.ਵੀ. ਚੈਨਲ ‘ਤੇ ਚਲੀ ਬਹਿਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਵਿਚ ਇੱਕ ਸੰਸਥਾ ( ਢੱਡਰੀਆਂ ਵਾਲੇ) ਨਾਲ ਸਬੰਧਿਤ ਸਿੱਖ ਵੀਰ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਬਿਲਡਿੰਗ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਨੂੰ ਇੱਕ ਆਮ ਪਾਣੀ ਕਿਹਾ। ਇਸ ਨਾਲ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਅਸੀਂ ਬੋਲਣ ਦੀ ਆਜ਼ਾਦੀ ਦਾ ਸਮਰਥਨ ਕਰਦੇ ਹਾਂ, ਪਰ ਕਿਸੇ ਵੀ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ਨੂੰ ਸਿੱਖ ਧਰਮ ਦੀਆਂ ਉੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਦੇ ਨਾਲ ਖਿਲਵਾੜ ਕਰਨ ਦੀ ਕਦੇ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਮੇਂ ਸਿੱਖ ਕੌਮ ਇੱਕ ਡੂੰਘੇ ਧਾਰਮਿਕ ਸੰਕਟ ਦੇ ਦੌਰ ਵਿਚੋਂ ਲੰਘ ਰਹੀ ਹੈ, ਜਿਸ ਵਿਚ ਸਾਡੀਆਂ ਸੰਸਥਾਵਾਂ, ਕਮੇਟੀਆਂ, ਟਕਸਾਲਾਂ, ਸੰਤ ਮਹਾਂਪੁਰਸ਼ ਅਤੇ ਮਿਸ਼ਨਰੀ ਵੀਰ ਆਪਸੀ ਵਿਚਾਰਕ ਮਤਭੇਦ ਹੋਣ ਕਰਕੇ ਜਾਣੇ ਅਨਜਾਣੇ ਵਿਚ ਸਿੱਖ ਧਰਮ ਦੀਆਂ ਉੱਚੀਆਂ-ਸੁੱਚੀਆਂ ਧਾਰਮਿਕ ਇਤਿਹਾਸਕ ਕਦਰਾਂ ਕੀਮਤਾਂ ਨੂੰ ਠੇਸ ਪਹੁੰਚਾ ਰਹੇ ਹਨ। ਇਸ ਲਈ ਅਸੀਂ ਸਾਰੀਆਂ ਸੰਸਥਾਵਾਂ, ਟਕਸਾਲਾਂ, ਸੰਪਰਦਾਵਾਂ ਅਤੇ ਮਿਸ਼ਨਰੀ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਸੀ ਦੂਸ਼ਣਬਾਜ਼ੀ ਅਤੇ ਵਿਵਾਦਾਂ ਨੂੰ ਛੱਡ ਕੇ ਸਿੱਖ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾਇਆ ਜਾਵੇ ਤਾਂ ਜੋ ਸਿੱਖ ਕੌਮ ਦੀ ਚੜ੍ਹਦੀ ਕਲਾ ਹੋ ਸਕੇ ਅਤੇ ਇਸ ਦੇ ਨਾਲ ਹੀ ਅਸੀਂ ਸਿੱਖ ਧਰਮ ਦੇ ਵਿਦਵਾਨ ਅਤੇ ਬੁੱਧੀਜੀਵੀਆਂ ਨੂੰ ਅਪੀਲ ਕਰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਬੈਠ ਕੇ ਜਲਦੀ ਤੋਂ ਜਲਦੀ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਨਾ ਕਿ ਇਸ ਨੂੰ ਟੀ.ਵੀ. ਚੈਨਲਾਂ ਤੇ ਬਹਿਸ ਦਾ ਮੁੱਦਾ ਬਣਾਇਆ ਜਾਵੇ। ਜੇਕਰ ਸਿੱਖ ਕੌਮ ਦੇ ਬੁੱਧੀਜੀਵੀ ਅਤੇ ਵਿਦਵਾਨ ਇਸ ਮੁਸ਼ਕਲ ਕੌਰ ਵਿਚ ਵੀ ਚੁੱਪ ਵੱਟ ਕੇ ਆਪਣੇ ਆਪਣੇ ਘਰਾਂ ਵਿਚ ਬੈਠੇ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਬਹੁਤ ਵੱਡੀਆਂ ਗੰਭੀਰ ਚੁਨੌਤੀਆਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਜਿਸ ਦਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਅਤੇ ਸਿੱਖ ਸਮਾਜ ਉੱਤੇ ਬਹੁਤ ਬੁਰਾ ਪ੍ਰਭਾਵ ਪਵੇਗਾ। ਵਿਵਾਦਾਂ ਦੇ ਚੱਲਦਿਆਂ ਸਿੱਖ ਧਰਮ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਵੀ ਇਸ ਵਾਦ-ਵਿਵਾਦ ਤੋਂ ਬਚਿਆ ਨਹੀਂ ਰਹਿ ਸਕਿਆ ਹੈ। ਸਮੂਹ ਬੰਦੀ ਸਿੰਘਾਂ ਨੇ ਕਿਹਾ ਹੈ ਕਿ ਅਸੀਂ ਸਾਰੀਆਂ ਸੰਸਥਾਵਾਂ ਨੂੰ ਇਹ ਦਸ ਦੇਣਾ ਚਾਹੁੰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨ ਦੇ ਖ਼ਿਲਾਫ਼ ਕੋਈ ਵੀ ਗੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਬੰਦੀ ਸਿੰਘਾਂ ਨੇ ਕਿਹਾ ਹੈ ਕਿ ਅਸੀਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਜਿੰਨਾ ਹੋ ਸਕੇ ਇਨ੍ਹਾਂ ਵਾਦ-ਵਿਵਾਦਾਂ ਤੋਂ ਬਚਿਆ ਜਾਵੇ ਤੇ ਨਾਮ ਸਿਮਰਨ ਤੇ ਗੁਰਬਾਣੀ ਨਾਲ ਜੁੜ ਕੇ ਆਪਣਾ ਮਨੁੱਖਾ ਜੀਵਨ ਨੂੰ ਸਫਲਾ ਕੀਤਾ ਜਾਵੇ।