ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਨ ਖਾਨ ਨੇ ਬੇਲਜੀਅਮ ਦੇ ਇੱਕ ਟੀਵੀ ਚੈਨਲ ਨੂੰ ਦਿੱਤੇ ਗਏ ਇੰਟਰਵਿਯੂ ਦੌਰਾਨ ਕਿਹਾ ਕਿ ਜੇ ਕਸ਼ਮੀਰੀ ਲੋਕਾਂ ਨੂੰ ਖੁਦ ਨਿਰਣਾ ਕਰਨ ਦਾ ਅਧਿਕਾਰ ਦਿੱਤਾ ਜਾਵੇ ਤਾਂ ਉਹ ਪਾਕਿਸਤਾਨ ਨੂੰ ਹੀ ਚੁਣਨਗੇ, ਕਿਉਂਕਿ ਉਹ ਇੱਕ ਮੁਸਲਿਮ ਬਹੁਲਤਾ ਆਬਾਦੀ ਵਾਲਾ ਸੂਬਾ ਹੈ। ਉਨ੍ਹਾਂ ਨੇ ਇਸ ਦੌਰਾਨ ਮੋਦੀ ਸਰਕਾਰ ਵੱਲੋਂ ਭਾਰਤ ਪ੍ਰਸ਼ਾਸਿਤ ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਦਰਜ਼ਾ ਵਾਪਿਸ ਲੈਣ ਦਾ ਮੁੱਦਾ ਵੀ ਉਠਾਇਆ।
ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਮਸਲੇ ਨੂੰ ਹਲ ਕਰਨ ਦੀ ਲੋੜ ਤੇ ਜੋਰ ਦਿੰਦੇ ਹੋਏ ਕਿਹਾ, ‘ਭਾਰਤ ਵਿੱਚ ਜਦੋਂ ਤੱਕ ਨਾਜ਼ੀਆਂ ਤੋਂ ਪ੍ਰਭਾਵਿਤ ਹੋ ਕੇ ਬਣੇ ਆਰਐਸਐਸ ਦੇ ਸਮੱਰਥਨ ਵਾਲੀ ਮੋਦੀ ਸਰਕਾਰ ਹੈ, ਤਦ ਤੱਕ ਉਨ੍ਹਾਂ ਨੂੰ ਇਸ ਮਾਮਲੇ ਦੇ ਸੁਲਝਣ ਦੀ ਕੋਈ ਉਮੀਦ ਵਿਖਾਈ ਨਹੀਂ ਦਿੰਦੀ।’ ਉਨ੍ਹਾਂ ਨੇ ਕਸ਼ਮੀਰ ਮਸਲੇ ਨੂੰ ਸੰਵੇਦਨਸ਼ੀਲ ਦੱਸਦੇ ਹੋਏ ਕਿਹਾ ਕਿ ਇਸ ਨੂੰ ਸੁਲਝਾਉਣਾ ਭਾਰਤ ਅਤੇ ਪਾਕਿਸਤਾਨ ਦੋਵਾਂ ਦੇ ਹਿੱਤ ਵਿੱਚ ਹੋਵੇਗਾ।
ਉਨ੍ਹਾਂ ਨੇ ਕਿਹਾ, ‘ਮੈਨੂੰ ਲਗਦਾ ਹੈ ਕਿ ਜੇ ਉਥੇ ਸਾਫ਼ ਨਜ਼ਰੀਏ ਵਾਲੀ ਸਰਕਾਰ ਹੁੰਦੀ, ਤਾਂ ਇਹ ਸਮੱਸਿਆ ਸੁਲਝ ਜਾਂਦੀ। ਹਰ ਸਮੱਸਿਆ ਦਾ ਹਲ ਹੁੰਦਾ ਹੈ। ਸਮੱਸਿਆ ਇਹ ਹੈ ਕਿ ਉਥੇ ਕਟੜਪੰਥੀ ਵਿਚਾਰਧਾਰਾ ਵਾਲੀ ਸਰਕਾਰ ਹੈ, ਜਿਸ ਤੇ ਨਾਜ਼ੀਆਂ ਤੋਂ ਪ੍ਰੇਰਿਤ ਆਰਐਸਐਸ ਦਾ ਪ੍ਰਭਾਵ ਹੈ।’
ਕਸ਼ਮੀਰ ਦੇ ਲੋਕਾਂ ਦਾ ਦਰਦ ਬਿਆਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਲੋਕ ਪਿੱਛਲੇ 6 ਮਹੀਨਿਆਂ ਤੋਂ ਖੁਲ੍ਹੀ ਜੇਲ੍ਹ ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਕਿਹਾ, ‘ਅੱਠ ਕਰੋੜ ਲੋਕਾਂ ਦੇ ਕੋਲ ਮੀਡੀਆ ਦੀ ਐਕਸਸ ਨਹੀਂ ਹੈ, ਉਨ੍ਹਾਂ ਦੇ ਨੇਤਾ ਜੇਲ੍ਹ ਵਿੱਚ ਹਨ ਅਤੇ ਜੋ ਪ੍ਰਦਰਸ਼ਨ ਕਰਦਾ ਹੈ, ਉਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ। ਸੱਤ ਲੱਖ ਸੈਨਿਕਾਂ ਦੀ ਮੱਦਦ ਨਾਲ ਕਸ਼ਮੀਰ ਤੇ ਕਬਜ਼ਾ ਕੀਤਾ ਹੋਇਆ ਹੈ।’