ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਿਸ਼ ਇੰਡੀਅਨ ਫਾਰ ਜਸਟਿਸ ਸੰਸਥਾ ਵੱਲੋਂ ਗਲਾਸਗੋ ਦੇ ਕਮਿਊਨਿਟੀ ਸੈਂਟਰਲ ਹਾਲ ਮੈਰੀਹਿੱਲ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਰਤ ਸਰਕਾਰ ਵੱਲੋਂ ਲੋਕਾਂ ਸਿਰ ਥੋਪੇ ਕਾਲੇ ਕਾਨੂੰਨਾਂ ਅਤੇ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਦਿਆਂ ਜਾਣੂੰ ਕਰਵਾਇਆ ਗਿਆ। ਸਮਾਗਮ ਦੀ ਸ਼ਰੂਆਤ ਜਸਮੀਤ ਬਿੰਦਰਾ ਅਤੇ ਪਰਮਜੀਤ ਬਾਸੀ ਦੇ ਹਾਜ਼ਰੀਨ ਨੂੰ ਜੀ ਆਇਆਂ ਕਹਿਣ ਨਾਲ ਹੋਈ। ਇਸ ਉਪਰੰਤ ਅੰਕਨਾ ਵੱਲੋਂ “ਹਮ ਦੇਖੇਂਗੇ“ ਗੀਤ ਗਾ ਕੇ ਸਮਾਗਮ ਨੂੰ ਸੰਗੀਤਮਈ ਕੀਤਾ ਗਿਆ। ਡਾ: ਸਾਮਰਾ ਖਾਨ ਵੱਲੋਂ ਭਾਰਤ ਵਿੱਚ ਫਾਸੀਵਾਦ ਦੇ ਪਸਾਰੇ ਸੰਬੰਧੀ ਵਿਸਥਾਰਿਤ ਚਰਚਾ ਕੀਤੀ ਗਈ। ਉਹਨਾਂ ਅੰਕੜਿਆਂ ‘ਤੇ ਆਧਾਰਿਤ ਉਦਾਹਰਣਾਂ ਸਮੇਤ ਭਾਰਤ ਵਿੱਚ ਖਾਣ, ਪੀਣ, ਪਹਿਨਣ ਉੱਪਰ ਪਾਬੰਦੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਨੂੰ ਹਿੰਦੂਤਵੀ ਰੰਗ ਵਿੱਚ ਰੰਗਣ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੋ ਸਰਾਸਰ ਸੰਵਿਧਾਨ ਦਾ ਅਪਮਾਨ ਹੈ।
ਪ੍ਰਧਾਨ ਮੰਤਰੀ ਮੋਦੀ ਨੂੰ ਭਗਵਾਨ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਪਰ ਮੋਦੀ ਆਪਣੇ ਕਦਮ ਹਿਟਲਰ ਨਾਲ ਮਿਲਾ ਕੇ ਚੱਲ ਰਿਹਾ ਹੈ। ਉਹਨਾਂ ਦੀ ਨੀਤੀ ਹੈ ਕਿ ਝੂਠ ਬੋਲੋ, ਵਾਰ ਵਾਰ ਬੋਲੋ, ਇਸ ਤਰ੍ਹਾਂ ਝੂਠ ਵੀ ਸੱਚ ਮੰਨਿਆ ਜਾਣ ਲੱਗੇਗਾ। ਤਰਲੋਚਨ ਮੁਠੱਡਾ ਨੇ ਹਾਲ ਹੀ ਵਿੱਚ ਭਾਰਤ ਸਰਕਾਰ ਵੱਲੋਂ ਥੋਪੇ ਕਾਲੇ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੇਸ਼ੱਕ ਸਰਕਾਰ ਹੋਰਨਾਂ ਭਾਈਚਾਰਿਆਂ ਦੇ ਨਾਲ ਸਿੱਖ ਭਾਈਚਾਰੇ ਨੂੰ ਸ਼ਾਂਤ ਰੱਖਣ ਲਈ ਦਲੀਲ ਦੇ ਰਹੀ ਹੈ ਕਿ ਹੋਰਨਾਂ ਦੇਸ਼ਾਂ ‘ਚ ਵਸਦੇ ਸਿੱਖਾਂ ਨੂੰ ਰਾਹਤ ਮਿਲੇਗੀ, ਪਰ ਸੋਚਣਾ ਬਣਦਾ ਹੈ ਕਿ ਕੀ ਭਾਰਤ ਅੰਦਰ ਹੀ ਨਿਯਤ ਸਜ਼ਾਵਾਂ ਨਾਲੋਂ ਵੀ ਵਧੇਰੇ ਸਮਾਂ ਜੇਲ੍ਹਾਂ ‘ਚ ਬਿਤਾ ਚੁੱਕੇ ਸਿੱਖਾਂ ਬਾਰੇ ਸਰਕਾਰ ਨੇ ਕੁਝ ਸੋਚਿਆ ਹੈ? ਕੀ ਹਾਲ ਹੀ ਵਿੱਚ ਢਾਹੇ ਗੁਰਦੁਆਰਾ ਸਾਹਿਬਾਨਾਂ ਬਾਰੇ ਕੋਈ ਹਾਂਪੱਖੀ ਰਵੱਈਆ ਦਿਖਾਇਆ ਹੈ? ਉਹਨਾਂ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਖਿਲਾਫ ਖੜ੍ਹਨ ਦੀ ਲੋੜ ਹੈ, ਨਹੀਂ ਤਾਂ ਇਸ ਅੱਗ ਨੇ ਉਹਨਾਂ ਦੇ ਘਰਾਂ ਵਿੱਚ ਵੀ ਹਰ ਹਾਲ ਵੜਨਾ ਹੈ। ਸ੍ਰੀ ਗੁਰੂ ਰਵੀਦਾਸ ਭਾਈਚਾਰਾ ਸਕਾਟਲੈਂਡ ਵੱਲੋਂ ਹੁਸਨ ਲਾਲ ਦੇ ਸੰਬੋਧਨ ਉਪਰੰਤ ਸੈਮੀਨਾਰ ਦੇ ਮੁੱਖ ਬੁਲਾਰੇ ਡਾ: ਅਵੀਰਾਲ ਵਤਸਾ (ਐੱਮ ਬੀ ਬੀ ਐੱਸ, ਪੀ ਐੱਚ ਡੀ) ਨੇ ਸੀਏਏ, ਐੱਨਪੀਸੀ ਅਤੇ ਐੱਨਆਰਸੀ ਬਾਰੇ ਵਿਸਥਾਰਤ ਚਰਚਾ ਕਰਦਿਆਂ ਭਾਰਤ ਸਰਕਾਰ ਅਤੇ ਸਰਕਾਰੀ ਭਗਤਾਂ ਵੱਲੋਂ ਫੈਲਾਏ ਜਾ ਰਹੇ ਕੂੜ ਪ੍ਰਚਾਰ ਦਾ ਪਰਦਾਫਾਸ਼ ਕੀਤਾ। ਸਮਾਗਮ ਦੇ ਅਖੀਰ ਵਿੱਚ ਬੁਲਾਰਿਆਂ ਵੱਲੋਂ ਕੀਤੇ ਭਾਸ਼ਣਾਂ ਦੇ ਸੰਬੰਧ ਵਿੱਚ ਉੱਠੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।