ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਦਿੱਲੀ ਵਿੱਚ ਮੁਸਲਮਾਨਾਂ ਤੇ ਹਿੰਸਕ ਭੀੜ ਦੁਆਰਾ ਕੀਤੇ ਜਾ ਰਹੇ ਕਾਤਲਾਨਾ ਹਮਲਿਆਂ ਤੇ ਚਿੰਤਾ ਅਤੇ ਗੁੱਸਾ ਜਾਹਿਰ ਕੀਤਾ ਹੈ। ਇੱਕ ਫਿਰਕੇ ਦੁਆਰਾ ਕੀਤੇ ਗਏ ਦੰਗਿਆਂ ਵਿੱਚ 22 ਜਾਨਾਂ ਜਾ ਚੁੱਕੀਆਂ ਹਨ ਅਤੇ 200 ਤੋਂ ਵੱਧ ਜਖਮੀ ਹਨ। ਜਾਨ-ਮਾਲ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਸਬੰਧ ਵਿੱਚ ਇਮਰਾਨ ਖਾਨ ਨੇ ਕਿਹਾ ਹੈ ਕਿ ਨਾਜ਼ੀਆਂ ਤੋਂ ਪ੍ਰੇਰਿਤ ਆਰਐਸਐਸ ਦੇ ਲੋਕਾਂ ਨੇ ਪ੍ਰਮਾਣੂੰ ਹੱਥਿਆਰਾਂ ਨਾਲ ਲੈਸ ਭਾਰਤ ਤੇ ਕਬਜਾ ਕਰ ਲਿਆ ਹੈ, ਇਸ ਲਈ ਵਿਸ਼ਵ ਭਾਈਚਾਰੇ ਨੂੰ ਹੁਣ ਕਾਰਵਾਈ ਕਰਨੀ ਹੋਵੇਗੀ।
ਉਨ੍ਹਾਂ ਨੇ ਕਿਹਾ, ‘ਮੈਂ ਪਹਿਲਾਂ ਹੀ ਸੰਯੁਕਤ ਰਾਸ਼ਟਰ ਵਿੱਚ ਭਵਿੱਖਬਾਣੀ ਕੀਤੀ ਸੀ ਕਿ ਜਦੋਂ ਇੱਕ ਵਾਰ ਜਿੰਨ ਬੋਤਲ ਤੋਂ ਬਾਹਰ ਆ ਜਾਵੇਗਾ ਤਾਂ ਖੂਨ-ਖਰਾਬਾ ਬਹੁਤ ਹੀ ਭਿਆਨਕ ਹੋਵੇਗਾ। ਕਸ਼ਮੀਰ ਇੱਕ ਸ਼ੁਰੂਆਤ ਸੀ। ਹੁਣ ਭਾਰਤ ਦੇ 20 ਕਰੋੜ ਮੁਸਲਮਾਨਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ। ਵਿਸ਼ਵ ਭਾਈਚਾਰੇ ਨੂੰ ਹੁਣ ਲੋੜੀਂਦੀ ਕਾਰਵਾਈ ਕਰਨੀ ਹੋਵੇਗੀ।’
ਇਮਰਾਨ ਖਾਨ ਨੇ ਕਿਹਾ, ‘ਅੱਜ ਭਾਰਤ ਵਿੱਚ ਨਾਜ਼ੀਆਂ ਤੋਂ ਪ੍ਰਭਾਵਿਤ ਆਰਐਸਐਸ ਵਿਚਾਰਧਾਰਾ ਨੇ ਇੱਕ ਅਰਬ ਦੀ ਜਨਸੰਖਿਆ ਵਾਲੇ ਪ੍ਰਮਾਣੂੰ ਹੱਥਿਆਰ ਸੰਪਨ ਰਾਸ਼ਟਰ ਤੇ ਕਬਜ਼ਾ ਜਮਾ ਲਿਆ ਹੈ। ਜਦੋਂ ਘਿਰਣਾ ਤੇ ਆਧਾਰਿਤ ਨਸਲੀ ਵਿਚਾਰਧਾਰਾ ਹਾਵੀ ਹੋ ਜਾਂਦੀ ਹੈ ਤਾਂ ਇਹ ਖੂਨ-ਖਰਾਬੇ ਵੱਲ ਲੈ ਜਾਂਦੀ ਹੈ।’ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਪਾਕਿਸਤਾਨ ਵਿੱਚ ਕੋਈ ਗੈਰ-ਮੁਸਲਮਾਨਾਂ ਦੇ ਨਾਲ ਅਨਿਆਏ ਕਰੇਗਾ ਤਾਂ ਉਸ ਦੇ ਖਿਲਾਫ਼ ਸਖਤ ਕਾਰਵਾਈ ਹੋਵੇਗੀ।