ਲੋਕਾਂ ਨੂੰ ਵਿਗਿਆਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਅਤੇ ਪਹਿਲੀ ਵਾਰ 28 ਫਰਵਰੀ 1987 ਨੂੰ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਸਾਲ 2020 ਦਾ ਰਾਸ਼ਟਰੀ ਵਿਗਿਆਨ ਦਿਵਸ ਦਾ ਵਿਸ਼ਾ ‘ਵਿਗਿਆਨ ਵਿੱਚ ਔਰਤਾਂ’ ਹੈ।
ਪ੍ਰੋ. ਚੰਦਰਸੇਖਰ ਵੇਂਕਟਰਮਨ ਰਮਨ ਨੇ 20 ਫਰਵਰੀ 1928 ਨੂੰ ਉੱਚਕੋਟੀ ਵਿਗਿਆਨਿਕ ਖੋਜ ਕੀਤੀ ਜੋ ਕਿ ‘ਰਮਨ ਪ੍ਰਭਾਵ’ ਦੇ ਨਾਂ ਨਾਲ ਪ੍ਰਸਿੱਧ ਹੈ। ਉਹਨਾਂ ਨੂੰ ਇਸ ਖੋਜ ਕਰਕੇ ਹੀ ਭੌਤਿਕੀ ਦੇ ਖੇਤਰ ਵਿੱਚ ਸਾਲ 1930 ਦਾ ਨੋਬਲ ਪੁਰਸਕਾਰ ਦਿੱਤਾ ਗਿਆ ਜੋ ਕਿ ਭੌਤਿਕੀ ਦੇ ਖੇਤਰ ਵਿੱਚ ਅਜਿਹਾ ਕਰਨ ਵਾਲੇ ਏਸ਼ੀਆ ਦੇ ਪਹਿਲੇ ਵਿਅਕਤੀ ਸਨ।
ਪਿਤਾ ਚੰਦਰਸੇਖਰ ਅਈਅਰ ਜੋ ਕਿ ਭੌਤਿਕੀ ਅਤੇ ਗਣਿਤ ਦੇ ਵਿਦਵਾਨ ਸੀ ਦੇ ਘਰ ਮਾਂ ਪਾਰਬਤੀ ਅੰਮਲ ਦੀ ਕੁੱਖੋ ਸੀ.ਵੀ. ਰਮਨ ਦਾ ਜਨਮ 7 ਨਵੰਬਰ 1888 ਨੂੰ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਵਿੱਚ ਹੋਇਆ। ਸੀ.ਵੀ. ਰਮਨ ਪੜ੍ਹਣ ਵਿੱਚ ਬਹੁਤ ਹੁਸ਼ਿਆਰ ਸੀ, ਉਹਨਾਂ ਨੇ 11 ਵਰ੍ਹਿਆਂ ਦੀ ਉਮਰ ਵਿੱਚ ਦਸਵੀਂ ਅਤੇ 13 ਸਾਲ ਦੀ ਉਮਰ ਵਿੱਚ ਇੰਟਰਮੀਡੀਅਟ ਇਮਤਿਹਾਨ ਪਾਸ ਕਰ ਲਏ ਸੀ। 6 ਮਈ 1907 ਨੂੰ ਤ੍ਰਿਲੋਕਸੁੰਦਰੀ ਨਾਲ ਵਿਵਾਹਿਕ ਜੀਵਨ ਵਿੱਚ ਬੱਝੇ।
1917 ਵਿੱਚ ਲੰਦਨ ਵਿੱਚ ਬ੍ਰਿਟਿਸ਼ ਰਾਸ਼ਟਰਮੰਡਲ ਦੇ ਵਿਸ਼ਵ ਵਿਦਿਆਲਿਆਂ ਦਾ ਸੰਮੇਲਨ ਸੀ। ਰਮਨ ਨੇ ਉਸ ਸੰਮੇਲਨ ਵਿੱਚ ਕੱਲਕੱਤਾ ਵਿਸ਼ਵ ਵਿਦਿਆਲਾ ਦੀ ਅਗਵਾਈ ਕੀਤੀ। ਇਹ ਰਮਨ ਦੀ ਪਹਿਲੀ ਵਿਦੇਸ਼ ਯਾਤਰਾ ਸੀ। ਇਸ ਵਿਦੇਸ਼ ਯਾਤਰਾ ਦੇ ਸਮੇਂ ਉਹਨਾਂ ਦੇ ਜੀਵਨ ਵਿੱਚ ਇੱਕ ਮਹੱਤਵਪੂਰਨ ਘਟਨਾ ਘਟੀ। ਪਾਣੀ ਦੇ ਜਹਾਜ਼ ਤੋਂ ਉਹਨਾਂ ਨੇ ਭੂ ਮੱਧ ਸਾਗਰ ਦੇ ਗਹਿਰੇ ਨੀਲੇ ਪਾਣੀ ਨੂੰ ਵੇਖਿਆ ਅਤੇ ਇਸ ਨੀਲੇ ਪਾਣੀ ਨੂੰ ਦੇਖ ਕੇ ਰਮਨ ਦੇ ਮਨ ਵਿੱਚ ਇੱਕ ਵਿਚਾਰ ਆਇਆ ਕਿ ਇਹ ਨੀਲਾ ਰੰਗ ਪਾਣੀ ਦਾ ਹੈ ਜਾਂ ਨੀਲੇ ਆਸਮਾਨ ਦਾ ਸਿਰਫ਼ ਪਰਾਵਰਤਨ ਹੈ। ਬਾਅਦ ਵਿੱਚ ਰਮਨ ਨੇ ਇਸ ਘਟਨਾ ਨੂੰ ਆਪਣੀ ਖੋਜ ਦੁਆਰਾ ਸਮਝਾਇਆ ਕਿ ਇਹ ਨੀਲਾ ਰੰਗ ਨਾ ਪਾਣੀ ਦਾ ਹੈ, ਨਾ ਹੀ ਆਸਮਾਨ ਦਾ। ਇਹ ਨੀਲਾ ਰੰਗ ਤਾਂ ਪਾਣੀ ਅਤੇ ਹਵਾ ਦੇ ਕਣਾਂ ਦੁਆਰਾ ਰੌਸ਼ਨੀ ਦੇ ਖਿੰਡਾਉਣ ਤੋਂ ਪੈਦਾ ਹੁੰਦਾ ਹੈ। ਕਿਉਂਕਿ ਖਿੰਡਾਉਣ ਦੀ ਘਟਨਾ ਵਿੱਚ ਸੂਰਜ ਦੇ ਪ੍ਰਕਾਸ਼ ਦੇ ਸਾਰੇ ਰੰਗ ਅਵਸ਼ੋਸ਼ਿਤ ਕਰ ਊਰਜਾ ਵਿੱਚ ਬਦਲ ਜਾਂਦੇ ਹਨ, ਪਰੰਤੂ ਨੀਲੇ ਪ੍ਰਕਾਸ਼ ਨੂੰ ਵਾਪਿਸ ਪਰਾਵਰਤਿਤ ਕਰ ਦਿੱਤਾ ਜਾਂਦਾ ਹੈ। ਸੱਤ ਸਾਲ ਦੀ ਸਖ਼ਤ ਮਿਹਤਨ ਤੋਂ ਬਾਅਦ ਰਮਨ ਨੇ ਇਸ ਭੇਦ ਦੇ ਕਾਰਨਾਂ ਨੂੰ ਖੋਜਿਆ ਸੀ, ਇਹ ਖੋਜ ਰਮਨ ਪ੍ਰਭਾਵ ਦੇ ਨਾਮ ਨਾਲ ਪੂਰੇ ਸੰਸਾਰ ਵਿੱਚ ਪ੍ਰਸਿੱਧ ਹੈ।
ਸਾਲ 1952 ਵਿੱਚ ਸੀ.ਵੀ. ਰਮਨ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਪਦ ਨਾਲ ਚੁਣੇ ਜਾਣ ਦਾ ਪ੍ਰਸਤਾਵ ਆਇਆ ਅਤੇ ਉਹਨਾਂ ਨੂੰ ਬਿਨ੍ਹਾਂ ਕਿਸੇ ਵਾਦ-ਵਿਵਾਦ ਦੇ ਪੂਰਨ ਸਮੱਰਥਨ ਵੀ ਮਿਲ ਰਿਹਾ ਸੀ ਪਰੰਤੂ ਸੀ.ਵੀ.ਰਮਨ ਨੂੰ ਰਾਜਨੀਤੀ ਵਿੱਚ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਸੀ ਅਤੇ ਉਹਨਾਂ ਨੇ ਇਸ ਗੌਰਵਮਈ ਪਦ ਤੇ ਬਿਰਾਜਮਾਨ ਹੋਣ ਨੂੰ ਸਨਮਾਨਪੂਰਕਵਕ ਮਨ੍ਹਾ ਕਰ ਦਿੱਤਾ।
ਡਾ. ਰਮਨ ਨੂੰ ਭਾਰਤ ਸਰਕਾਰ ਨੇ 1954 ਵਿੱਚ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਦਿੱਤਾ ਅਤੇ ਸੋਵੀਅਤ ਰੂਸ ਨੇ ਉਹਨਾਂ ਨੂੰ 1957 ਵਿੱਚ ‘ਲੇਨਿਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ।
21 ਨਵੰਬਰ 1970 ਨੂੰ 82 ਵਰ੍ਹਿਆਂ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਡਾ. ਰਮਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।