ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਯੂਨੀਵਰਸਿਟੀ ਦੇ ਕਰਮਚਾਰੀ ਅਤੇ ਕੌਮੀ ਪ੍ਰਸਿੱਧੀ ਪ੍ਰਾਪਤ ਪੋਰਟ੍ਰੇਟ ਚਿੱਤਰਕਾਰ ਹਰੀ ਮੋਹਨ ਆਰਟਿਸਟ ਵੱਲੋਂ ਤਿਆਰ 28 ਚਿੱਤਰਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਡਾ: ਮਹਿੰਦਰ ਸਿੰਘ ਰੰਧਾਵਾ ਆਰਟ ਗੈਲਰੀ ਵਿਖੇ ਕਿਹਾ ਹੈ ਕਿ ਹਰੀ ਮੋਹਨ ਦੇ ਚਿੱਤਰ ਮੂੰਹੋਂ ਬੋਲਦੀਆਂ ਤਸਵੀਰਾਂ ਨਾਲੋਂ ਵੀ ਵਧੇਰੇ ਜੀਵੰਤ ਅੰਦਾਜ਼ ਵਾਲੇ ਹਨ। ਇਨ੍ਹਾਂ ਚਿੱਤਰਾਂ ਵਿੱਚ ਵਿਅਕਤੀਆਂ ਦੀ ਅਨਾਟਮੀ ਪੂਰੀ ਤਰ੍ਹਾਂ ਬਾਰੀਕੀ ਨਾਲ ਚਿੱਤਰੀ ਹੋਣ ਦੇ ਨਾਲ-ਨਾਲ ਰੰਗਾਂ ਦਾ ਸੁਮੇਲ ਵੀ ਪ੍ਰਭਾਵਸ਼ਾਲੀ ਹੈ। ਡਾ: ਕੰਗ ਨੇ ਆਖਿਆ ਕਿ ਹਰੀ ਮੋਹਨ ਦੀਆਂ ਬਤੌਰ ਚਿੱਤਰਕਾਰ ਸੇਵਾਵਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ। ਉਨ੍ਹਾਂ ਹਰੀ ਮੋਹਨ ਆਰਟਿਸਟ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੀ ਭੁੱਖਮਰੀ ਦੂਰ ਕਰਨ ਵਾਲੇ ਵਿਗਿਆਨੀਆਂ, ਯੋਜਨਾਕਾਰਾਂ ਅਤੇ ਦੇਸ਼ ਭਗਤਾਂ ਦੇ ਚਿੱਤਰਾਂ ਤੋਂ ਪੋਰਟ੍ਰੇਟ ਤਿਆਰ ਕਰੇ ਤਾਂ ਜੋ ਸਾਲ 2012 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਗੋਲਡਨ ਜੁਬਲੀ ਮੌਕੇ ਉਨ੍ਹਾਂ ਨੂੰ ਪ੍ਰਦਰਸ਼ਿਤ ਕੀਤਾ ਜਾ ਸਕੇ। ਡਾ: ਕੰਗ ਨੇ ਆਖਿਆ ਕਿ ਇਸ ਪ੍ਰਦਰਸ਼ਨੀ ਵਿੱਚ ਸ: ਪ੍ਰਤਾਪ ਸਿੰਘ ਕੈਰੋਂ , ਚਿੱਤਰਕਾਰ ਸੋਭਾ ਸਿੰਘ, ਭਗਤ ਪੂਰਨ ਸਿੰਘ ਅਤੇ ਡਾ: ਮਹਿੰਦਰ ਸਿੰਘ ਰੰਧਾਵਾ ਦੇ ਚਿੱਤਰਾਂ ਦੀ ਸ਼ਮੂਲੀਅਤ ਇਸ ਗੱਲ ਦਾ ਪ੍ਰਮਾਣ ਹੈ ਕਿ ਹਰੀ ਮੋਹਨ ਨੇ ਜ਼ਿੰਦਗੀ ਦੇ ਨਾਇਕ ਚਿੱਤਰੇ ਹਨ।
ਹਰੀ ਮੋਹਨ ਆਰਟਿਸਟ ਨੇ ਇਸ ਮੌਕੇ ਵਾਈਸ ਚਾਂਸਲਰ ਡਾ: ਕੰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ 40 ਸਾਲਾਂ ਦੌਰਾਨ ਉਨ੍ਹਾਂ ਨੂੰ ਭਾਵੇਂ ਰੁਜ਼ਗਾਰ ਪੱਖੋਂ ਤਰੱਕੀ ਦਾ ਕੋਈ ਮੌਕਾ ਨਹੀਂ ਮਿਲਿਆ ਪਰ ਅੱਜ ਉਨ੍ਹਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਲਈ ਉਹ ਡਾ: ਕੰਗ ਦੇ ਹਮੇਸ਼ਾਂ ਰਿਣੀ ਰਹਿਣਗੇ। ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਵਰਕਸ਼ਾਪ ਵਿੱਚ ਪੇਂਟਰ ਵਜੋਂ ਰੁਜ਼ਗਾਰ ਕਮਾਉਂਦਿਆਂ ਉਸ ਨੂੰ ਹਮੇਸ਼ਾਂ ਹੀ ਇਸ ਗੱਲ ਦਾ ਝੋਰਾ ਰਿਹਾ ਹੈ ਕਿ ਉਸ ਦੀ ਕਲਾ ਦੀ ਸਹੀ ਵਰਤੋਂ ਨਹੀਂ ਹੋ ਰਹੀ। ਉਨ੍ਹਾਂ ਡਾ: ਕੰਗ ਨੂੰ ਵਿਸ਼ਵਾਸ਼ ਦਿਵਾਇਆ ਕਿ ਯੂਨੀਵਰਸਿਟੀ ਦੇ ਸਹਿਯੋਗ ਮਿਲਣ ਨਾਲ ਉਹ ਵਿਗਿਆਨੀਆਂ, ਯੋਜਨਾਕਾਰਾਂ ਅਤੇ ਸਮਾਜ ਦੇ ਸਿਰਕੱਢ ਆਗੂਆਂ ਦੇ ਪੋਰਟ੍ਰੇਟ ਕਰ ਸਕਣਗੇ।
ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਆਖਿਆ ਕਿ ਹਰੀ ਮੋਹਨ ਆਰਟਿਸਟ ਦੀ ਸਮਰਪਿਤ ਭਾਵਨਾ ਅਤੇ ਉਸ ਵੱਲੋਂ ਕੀਤੇ ਕਲਾਤਮਿਕ ਕਾਰਜਾਂ ਕਾਰਨ ਸਾਨੂੰ ਇਸ ਕਲਾਕਾਰਾਂ ਦੀ ਹੋਰ ਵੀ ਹੌਸਲਾ ਅਫ਼ਜਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਡਾ: ਰੰਧਾਵਾ ਆਰਟ ਗੈਲਰੀ ਬਣਾਉਣ ਤੋਂ ਬਾਅਦ ਇਹ ਨੌਵੀਂ ਪ੍ਰਦਰਸ਼ਨੀ ਹੈ ਜਦ ਕਿ ਦਸਵੀਂ ਪ੍ਰਦਰਸ਼ਨੀ ਫਰਵਰੀ ਮਹੀਨੇ ਵਿੱਚ ਉਂੱਘੇ ਚਿੱਤਰਕਾਰ ਅਤੇ ਪੰਜਾਬੀ ਕਵੀ ਜਸਵੰਤ ਜ਼ਫਰ ਦੇ ਚਿੱਤਰਾਂ ਦੀ ਲਗਾਈ ਜਾਵੇਗੀ। ਇਸ ਮੌਕੇ ਪੰਜਾਬ ਲਲਿਤ ਕਲਾ ਅਕੈਡਮੀ ਦੇ ਪ੍ਰਧਾਨ ਸ: ਰਣਜੋਧ ਸਿੰਘ, ਪ੍ਰਸਿੱਧ ਆਰਟਿਸਟ ਤੇਜ ਪ੍ਰਤਾਪ ਸਿੰਘ ਸੰਧੂ, ਡਾ: ਮਾਨ ਸਿੰਘ ਤੂਰ, ਕਮਲਜੀਤ ਸਿੰਘ ਸ਼ੰਕਰ, ਜਸਵੰਤ ਜਫ਼ਰ, ਪ੍ਰੋ: ਬਲਬੀਰ ਕੌਰ ਪੰਧੇਰ ਤੋਂ ਇਲਾਵਾ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ, ਖੇਤੀਬਾੜੀ ਕਾਲਜ ਦੇ ਡੀਨ ਡਾ: ਯਾਦਵਿੰਦਰ ਸਿੰਘ, ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ: ਪਰਿਤਪਾਲ ਸਿੰਘ ਲੁਬਾਣਾ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ: ਰਾਜਿੰਦਰ ਸਿੰਘ ਸਿੱਧੂ, ਹੋਮ ਸਾਇੰਸ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ, ਅਸਟੇਟ ਅਫਸਰ ਡਾ: ਗੁਰਇਕਬਾਲ ਸਿੰਘ ਵੀ ਹਾਜ਼ਰ ਸਨ।