ਖੰਨਾ : ਖੰਨਾ ਨੇੜੇ ਪਿੰਡ ਭਮੱਦੀ ਵਿਖੇ ਜਗਤ ਪ੍ਰਸਿੱਧ ਢਾਡੀ ਸ: ਤਰਲੋਚਨ ਸਿੰਘ ਭਮੱਦੀ ਤੇ ਹੋਰ ਸੂਝਵਾਨ ਢਾਡੀਆਂ ਕਵੀਸ਼ਰਾਂ ਤੇ ਪਰਚਾਰਕਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸਿੱਖ ਵਿਰਾਸਤ ਦੇ ਅਮੀਰ ਵਿਰਸੇ ਨੂੰ ਪੇਸ਼ ਕਰਦਿਆਂ ਵਿਗਿਆਨਕ ਪਹੁੰਚ ਦਾ ਪੱਲਾ ਨਾ ਛੱਡਿਆ ਜਾਵੇ। ਇਸ ਸਿਲਸਿਲੇ ਵਿੱਚ ਸਾਡੇ ਕੋਲ ਗਿਆਨੀ ਸੋਹਣ ਸਿੰਘ ਸੀਤਲ, ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ, ਕੁਲਵੰਤ ਸਿੰਘ ਬੀ ਏ ਤੇ ਨਵੇਂ ਢਾਡੀ ਰਾਗ ਲਿਖਾਰੀਆਂ ਚੋਂ ਮੁਖਤਿਆਰ ਸਿੰਘ ਜਫ਼ਰ ਤੇ ਹੁਣ ਤਰਲੋਚਨ ਸਿੰਘ ਭਮੱਦੀ ਦਾ ਨਾਮ ਉੱਘੜਵਾਂ ਹੈ। ਤਰਲੋਚਨ ਸਿੰਘ ਭਮੱਦੀ ਦੀ ਪੁਸਤਕ ਦਰ ਤੇਰੇ ਤੇ ਖੜ੍ਹੇ ਸਵਾਲੀ ਹਾਸਲ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਮਾਣਮੱਤੇ ਸਿੱਖ ਵਿਰਸੇ ਨੂੰ ਬ੍ਰਾਹਮਣੀ ਸੋਚ ਧਾਰਾ ਦੀ ਅਮਰਵੇਲ ਪਛਾਨਣ ਦੀ ਲੋੜ ਹੈ ਕਿਉਂਕਿ ਸਿੱਖ ਵਿਸ਼ਵਾਸ ਪ੍ਰਤੱਖ ਤੇ ਪ੍ਰਮਾਣੀਕ ਹੈ, ਕਰਾਮਾਤੀ ਨਹੀਂ।
ਉਨ੍ਹਾਂ ਕਿਹਾ ਕਿ ਢਾਡੀ ਤੇ ਕਵੀਸ਼ਰ ਵੀਰਾਂ ਨੂੰ ਸਾਧੂ ਦਯਾ ਸਿੰਘ ਆਰਿਫ਼ ਦਾ ਜ਼ਿੰਦਗੀ ਬਿਲਾਸ, ਸ਼ਾਹ ਮੁਹੰਮਦ ਦਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ, ਕਾਦਰਯਾਰ ਦਾ ਪੂਰਨ ਭਗਤ, ਗਦਰ ਗੂੰਜਾਂ ਅਤੇ ਪ੍ਰੋ: ਦੀਦਾਰ ਸਿੰਘ ਰਚਿਤ ਕਿੱਸਾ ਸ਼ਹੀਦ ਭਗਤ ਸਿੰਘ ਵੀ ਗਾ ਕੇ ਸਮੂਹ ਪੰਜਾਬੀਆਂ ਤੀਕ ਪਹੁੰਚਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਸੰਗ ਵਿੱਚ ਪੀ ਟੀ ਸੀ ਤੇ ਹੋਰ ਚੈਨਲਜ਼ ਦੀ ਸਹਾਇਤਾ ਲਈ ਜਾ ਸਕਦੀ ਹੈ।
ਇਸ ਵੇਲੇ ਕੈਨੇਡਾ ਵੱਸਦੇ ਸ: ਤਰਲੋਚਨ ਸਿੰਘ ਭਮੱਦੀ ਨੇ ਸਭ ਸੁਝਾਵਾਂ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਉਹ ਆਪਣੇ ਭਾਈਚਾਰੇ ਤੀਕ ਇਹ ਸੁਨੇਹਾ ਪਹੁੰਚਾਉਣਗੇ ਅਤੇ ਖ਼ੁਦ ਵੀ ਕਾਰਜਸ਼ੀਲ ਹੋਣਗੇ। ਉਨ੍ਹਾਂ ਦੱਸਿਆ ਕਿ ਮੈਂ ਇਸ ਵੇਲੇ ਸ਼ਹੀਦ ਮੇਵਾ ਸਿੰਘ ਲੋਪੋਕੇ ਦਾ ਸ਼ਹੀਦੀ ਪਰਸੰਗ ਲਿਖ ਰਿਹਾ ਹਾਂ। ਇਵੇਂ ਹੀ ਸਿੱਖ ਇਤਿਹਾਸ ਨੂੰ ਵੀ ਢਾਡੀ ਰਾਗ ਵਿੱਚ ਲਿਖ ਰਿਹਾਂ। ਭਾਈ ਮਹਾਰਾਜ ਸਿੰਘ ਜੀ ਅਤੇ ਬਾਬਾ ਬੀਰ ਸਿੰਘ ਨੌਰੰਗਾਬਾਦੀ ਬਾਰੇ ਵੀ ਲਿਖਣ ਦਾ ਵਿਚਾਰ ਹੈ।
ਇਸ ਮੌਕੇ ਹਾਜ਼ਰ ਸ: ਪਿਰਥੀਪਾਲ ਸਿੰਘ ਹੇਅਰ ਪ੍ਰਧਾਨ ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਨੇ ਕਿਹਾ ਕਿ ਸਿੰਘ ਸੂਰਮਿਆਂ ਦੇ ਦਿਹਾੜੇ ਹਰ ਸਾਲ ਕੌਮੀ ਪੱਧਰ ਤੇ ਮਨਾਉਣ ਦੀ ਲੋੜ ਹੈ। ਉਨ੍ਹਾਂ ਦੀ ਸੰਸਥਾ ਹਰ ਸਾਲ ਜਰਨੈਲ ਹਰੀ ਸਿੰਘ ਨਲੂਆ ਦਾ ਸ਼ਹੀਦੀ ਦਿਹਾੜਾ ਸੂਰਮਗਤੀ ਦਿਵਸ ਵਜੋਂ ਪਿੰਡ ਕੋਟਲਾ ਸ਼ਾਹੀਆ ਚ ਮਨਾਉਂਦੀ ਹੈ ਅਤੇ ਇਸ ਸਾਲ ਵੀ 30ਅਪਰੈਲ ਨੂੰ ਮਨਾਵਾਂਗੇ। ਉਨ੍ਹਾਂ ਕਿਹਾ ਕਿ ਕਾਲਿਜਾਂ ਚ ਪੜ੍ਹਦੇ ਢਾਡੀ ਜਥਿਆਂ ਦੇ ਮੁਕਾਬਲੇ ਕਰਵਾ ਕੇ ਨੌਜਵਾਨ ਪੀੜ੍ਹੀ ਨੂੰ ਵਿਰਾਸਤ ਨਾਲ ਜੋੜ ਸਕਦੇ ਹਾਂ। ਭਮੱਦੀ ਸਹਿਕਾਰੀ ਸਭਾ ਦੇ ਸਕੱਤਰ ਸ: ਬੂਟਾ ਸਿੰਘ ਭਮੱਦੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।