ਨਵੀਂ ਦਿੱਲੀ – ਕੋਰੋਨਾ ਵਾਇਰਸ ਦਾ ਪ੍ਰਭਾਵ ਹੁਣ ਦਿੱਲੀ ਦੇ ਬਾਜ਼ਾਰਾਂ ਤੇ ਵੀ ਵਿਖਾਈ ਦੇ ਰਿਹਾ ਹੈ। ਸੱਭ ਤੋਂ ਵੱਧ ਭੀੜ ਵਾਲਾ ਸਦਰ ਬਾਜ਼ਾਰ ਸੁੰਨਸਾਨ ਪਿਆ ਹੈ। ਗਾਜ਼ੀਪੁਰ ਮੰਡੀ ਤੋਂ ਵੀ ਗਾਹਕ ਨਦਾਰਦ ਹੋ ਗਏ ਹਨ। ਇਸ ਦੀ ਸੱਭ ਤੋਂ ਵੱਧ ਮਾਰ ਪੋਲਟਰੀ ਉਦਯੋਗ ਤੇ ਪਈ ਹੈ। ਜਿਆਦਾਤਰ ਲੋਕਾਂ ਨੇ ਚਿਕਨ ਅਤੇ ਆਂਡੇ ਖਾਣੇ ਬਹੁਤ ਘੱਟ ਕਰ ਦਿੱਤੇ ਹਨ। ਜਿਸ ਕਰਕੇ ਇਨ੍ਹਾਂ ਦੇ ਰੇਟ ਬਹੁਤ ਡਿੱਗ ਗਏ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਸਦਰ ਬਾਜ਼ਾਰ ਵਿੱਚ ਰੋਜ਼ਾਨਾ 200 ਕਰੋੜ ਰੁਪੈ ਦੇ ਕਰੀਬ ਦਾ ਵਪਾਰ ਪ੍ਰਭਾਵਿਤ ਹੋ ਰਿਹਾ ਹੈ।
ਏਸ਼ੀਆ ਦੇ ਸੱਭ ਤੋਂ ਵੱਡੇ ਸਦਰ ਬਾਜ਼ਾਰ ਵਿੱਚ ਹੋਲੀ ਦੇ ਤਿਉਹਾਰ ਤੇ ਵਪਾਰੀਆਂ ਨੇ ਨਫ਼ਾ ਕਮਾਉਣ ਲਈ ਚੀਨ ਦਾ ਸਾਮਾਨ ਭਰਿਆ ਹੋਇਆ ਹੈ, ਪਰ ਗਾਹਕ ਵਿਖਾਈ ਨਹੀਂ ਦੇ ਰਹੇ। ਕੋਰੋਨਾ ਵਾਇਰਸ ਦੀ ਦਹਿਸ਼ਤ ਦੇ ਕਾਰਣ ਲੋਕ ਚੀਨ ਦਾ ਸਾਮਾਨ ਲੈਣ ਤੋਂ ਡਰ ਰਹੇ ਹਨ। ਇੱਥੇ 100 ਕਰੋੜ ਰੁਪੈ ਦਾ ਹੋਲੀ ਦਾ ਮਾਲ ਮੰਦੀ ਦੀ ਮਾਰ ਝੱਲ ਰਿਹਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਭਾਵੇਂ ਇਹ ਸਾਰਾ ਮਾਲ ਵਾਇਰਸ ਫੈਲਣ ਤੋਂ ਪਹਿਲਾਂ ਹੀ ਆ ਗਿਆ ਸੀ, ਪਰ ਲੋਕ ਏਨਾ ਡਰੇ ਹੋਏ ਹਨ ਕਿ ਰੰਗ-ਪਿਚਕਾਰੀ ਤੱਕ ਨਹੀਂ ਖ੍ਰੀਦ ਰਹੇ। ਉਤਰ ਭਾਰਤ ਵਿੱਚ ਸਦਰ ਤੋਂ ਮਾਲ ਖ੍ਰੀਦਣ ਵਾਲੇ ਕਸਟਮਰ ਗਾਇਬ ਹਨ। ਲੋਕ ਹੋਲੀ ਦਾ ਸਾਮਾਨ ਲੈਣ ਤੋਂ ਡਰ ਰਹੇ ਹਨ।
ਗਾਜ਼ੀਪੁਰ ਮੰਡੀ ਵਿੱਚ ਵੀ ਪੋਲਟਰੀ ਫਾਰਮ ਪ੍ਰੌਡੈਕਟ ਤੋਂ ਵੀ ਲੋਕਾਂ ਨੇ ਦੂਰੀ ਬਣਾ ਲਈ ਹੈ। ਚਿਕਨ ਤਾਂ ਮੰਡੀ ਵਿੱਚ ਪਹੁੰਚ ਰਿਹਾ ਹੈ, ਪਰ ਖਾਣ ਵਾਲਿਆਂ ਦੀ ਕਮੀ ਹੋ ਗਈ ਹੈ। ਮੌਜੂਦਾ ਹਾਲਾਤ ਵਿੱਚ ਚਿਕਨ ਦਾ ਰੇਟ 180 ਰੁਪੈ ਪ੍ਰਤੀ ਕਿਲੋ ਤੋਂ ਘੱਟ ਕੇ 90 ਰੁਪੈ ਤੇ ਆ ਗਿਆ ਹੈ। ਪੋਲਟਰੀ ਫਾਰਮ ਵਾਲੇ ਚਿਕਨ ਨੂੰ ਜਿਆਦਾ ਦੇਰ ਤੱਕ ਰੱਖ ਨਹੀਂ ਸਕਦੇ, ਇਸ ਲਈ ਮਜ਼ਬੂਰ ਹੋ ਕੇ ਘੱਟ ਰੇਟ ਤੇ ਵੇਚਣਾ ਪੈ ਰਿਹਾ ਹੈ।