ਲੁਧਿਆਣਾ :- ਅੱਜ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਦੌਰਾਨ ਡਾ. ਆਤਮਜੀਤ ਸਿੰਘ ਦੁਆਰਾ ਆਪਣੇ ਮਾਤਾ-ਪਿਤਾ ਦੀ ਯਾਦ ਵਿਚ ਸ਼ੁਰੂ ਕੀਤਾ। ਅਮੋਲ-ਪਰਤਾਪ ਸਾਹਿਤ ਸਨਮਾਨ ਉੱਘੇ ਲੇਖਕ ਜਨਾਬ ਖ਼ਾਲਿਦ ਹੁਸੈਨ ਨੂੰ ਪ੍ਰਦਾਨ ਕੀਤਾ ਗਿਆ। ਬੀਬਾ ਬਲਵੰਤ ਵਲੋਂ ਸ਼ੁਰੂ ਕੀਤਾ ਅੰਮ੍ਰਿਤਾ ਇਮਰੋਜ਼ ਸਨਮਾਨ ਉੱਘੇ ਚਿੱਤਰਕਾਰ ਤੇ ਆਰਟ ਕਾਲਜ ਚੰਡੀਗੜ੍ਹ ਦੇ ਸਾਬਕਾ ਪ੍ਰਿੰਸੀਪਲ ਸ. ਪ੍ਰੇਮ ਸਿੰਘ ਨੂੰ ਪ੍ਰਦਾਨ ਕੀਤਾ ਗਿਆ। ਇਨ੍ਹਾਂ ਸਨਮਾਨਾਂ ਵਿਚ ਇਕਵੰਜਾ-ਇਕਵੰਜਾ ਹਜ਼ਾਰ ਰੁਪਏ, ਸ਼ੋਭਾ ਪੱਤਰ, ਸਨਮਾਨ ਚਿੰਨ੍ਹ ਤੇ ਦੋਸ਼ਾਲਾ ਭੇਟਾ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ, ਪ੍ਰੋ. ਰਵਿੰਦਰ ਸਿੰਘ ਭੱਠਲ, ਬੀਬਾ ਬਲਵੰਤ, ਡਾ. ਸੁਰਜੀਤ ਸਿੰਘ, ਜਨਾਬ ਖ਼ਾਲਿਦ ਹੁਸੈਨ ਅਤੇ ਸ. ਪ੍ਰੇਮ ਸਿੰਘ ਨੇ ਕੀਤੀ। ਸਮਾਗਮ ਦੇ ਆਰੰਭ ਵਿਚ ਅਕਾਡਮੀ ਦੇ ਜਨਰਲ ਸਕੱਤਰ ਡਾ.ਸੁਰਜੀਤ ਸਿੰਘ ਨੇ ਸਭ ਦਾ ਸਵਾਗਤ ਕਰਦਿਆਂ ਸਨਮਾਨਤ ਸ਼ਖ਼ਸੀਅਤਾਂ ਅਤੇ ਸਨਮਾਨਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਜਨਾਬ ਖ਼ਾਲਿਦ ਹੁਸੈਨ ਦੇ ਸਾਹਿਤਕ ਯੋਗਦਾਨ ਬਾਰੇ ਖੋਜ ਪੱਤਰ ਡਾ. ਕਮਲਦੀਪ ਸਿੰਘ ਜੰਮੂ ਨੇ ਪੇਸ਼ ਕੀਤਾ ਅਤੇ ਸ. ਪ੍ਰੇਮ ਸਿੰਘ ਦੀ ਚਿੱਤਰ ਕਲਾ ਬਾਰੇ ਖੋਜ-ਪੱਤਰ ਡਾ. ਜਗਤਾਰ ਜੀਤ ਸਿੰਘ (ਦਿੱਲੀ) ਨੇ ਪੇਸ਼ ਕੀਤਾ। ਉਨ੍ਹਾਂ ਦੇ ਸਨਮਾਨ ਵਿਚ ਸ਼ੋਭਾ ਪੱਤਰ ਸਹਿਜਪ੍ਰੀਤ ਸਿੰਘ ਮਾਂਗਟ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੇਸ਼ ਕੀਤੇ। ਇਸ ਮੌਕੇ ਜਨਾਬ ਖ਼ਾਲਿਦ ਹੁਸੈਨ ਅਤੇ ਸ. ਪ੍ਰੇਮ ਸਿੰਘ ਨੇ ਸਨਮਾਨ ਪ੍ਰਾਪਤ ਹੋਣ ਤੇ ਆਪੋ ਆਪਣੇ ਭਾਵ ਪੇਸ਼ ਕੀਤੇ। ਡਾ. ਸਤੀਸ਼ ਕੁਮਾਰ ਵਰਮਾ ਨੇ ਪ੍ਰਿੰਸੀਪਲ ਸ. ਸ. ਅਮੋਲ ਅਤੇ ਮਾਤਾ ਪ੍ਰਤਾਪ ਕੌਰ ਦੇ ਜੀਵਨ ਸੰਘਰਸ਼ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਅਤੇ ਬੀਬਾ ਬਲਵੰਤ ਜੀ ਨੇ ਅੰਮ੍ਰਿਤਾ ਇਮਰੋਜ਼ ਨਾਲ ਆਪਣੀਆਂ ਸਾਂਝਾ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਆਪਣੀ ਪੈਨਸ਼ਨ ਵਿਚੋਂ ਬੱਚਤ ਕਰਕੇ ਪੰਜ ਲੱਖ ਰੁਪਏ ਅਕਾਡਮੀ ਕੋਲ ਜਮ੍ਹਾਂ ਕਰਵਾਏ ਹਨ ਤਾਂ ਕਿ ਹਰ ਦੋ ਸਾਲ ਬਾਅਦ ਵਾਰੋ ਵਾਰੀ ਇਕ ਸਾਹਿਤਕਾਰ ਤੇ ਇਕ ਚਿੱਤਰਕਾਰ ਨੂੰ ਸਨਮਾਨਿਤ ਕੀਤਾ ਜਾ ਸਕੇ। ਖ਼ਾਲਿਦ ਹੁਸੈਨ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਭਾਸ਼ਾਵਾਂ ਆਉਂਦੀਆਂ ਹਨ ਪਰ ਉਸ ਦੀ ਮਹਿਬੂਬ ਭਾਸ਼ਾ ਪੰਜਾਬੀ ਹੈ। ਉਨ੍ਹਾਂ ਕਿਹਾ ਕਿ ਵਾਹਗੇ ਤੋਂ ਆਰ-ਪਾਰ ਰਹਿੰਦੇ ਲੇਖਕ ਇਕ ਦੂਜੇ ਦੀਆਂ ਸਾਹਿਤਕ ਰਚਨਾਵਾਂ ਨਹੀਂ ਪੜ੍ਹ ਸਕਦੇ ਕਿਉਂਕਿ ਸਾਡੀਆਂ ਲਿੱਪੀਆਂ ਵੱਖ ਵੱਖ ਹਨ। ਉਨ੍ਹਾਂ ਦੱਸਿਆ ਕਿ ਪੱਛਮੀ ਪੰਜਾਬ ’ਚ ਹੁਣ ਤੱਕ 25 ਹਜ਼ਾਰ ਕਿਤਾਬਾਂ ਛਪ ਚੁੱਕੀਆਂ ਹਨ ਪਰ ਅਸੀਂ ਉਨ੍ਹਾਂ ਤੋਂ ਅਣਜਾਣ ਹਾਂ। ਉਨ੍ਹਾਂ ਅਜੋਕੇ ਸਮੇਂ ਦੌਰਾਨ ਵਧ ਰਹੇ ਸੰਪਰਦਾਇਕ ਰੁਝਾਨਾਂ ਤੋਂ ਸੁਚੇਤ ਹੋਣ ਦੀ ਅਪੀਲ ਕੀਤੀ। ਸ. ਪ੍ਰੇਮ ਸਿੰਘ ਚਿੱਤਰਕਾਰ ਨੇ ਕਿਹਾ ਕਿ ਹਰ ਬੰਦੇ ਨੇ ਆਪਣੇ ਅੰਦਰੋਂ ਕਲਾਕਾਰ ਈਜ਼ਾਦ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਲਾ ਪੰਜਾਬ ਦੀ ਲੋਕਾਈ ਅਤੇ ਇਤਿਹਾਸਕ ਦੁਖਾਤਾਂ ਵਿਚੋਂ ਆਕਾਰ ਗ੍ਰਹਿਣ ਕਰਦੀ ਹੈ। ਉਨ੍ਹਾਂ ਇਹ ਸਨਮਾਨ ਆਪਣੇ ਮਾਤਾ ਪਿਤਾ ਤੇ ਪਤਨੀ ਨੂੰ ਸਮਰਪਿਤ ਕੀਤਾ। ਸਨਮਾਨ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਸੁਰਜੀਤ ਪਾਤਰ ਨੇ ਬੋਲਦਿਆਂ ਕਿਹਾ ਕਿ ਲੇਖਕ ਤੇ ਕਲਾਕਾਰ ਜਦੋਂ ਸਿਰਜਨਾ ਕਰਦਾ ਹੈ ਤਾਂ ਉਹ ਜਾਤਾਂ-ਧਰਮਾਂ ਤੇ ਲਿੰਗਕ ਵਖਰੇਵਿਆਂ ਤੋਂ ਉੱਪਰ ਉੱਠ ਜਾਂਦਾ ਹੈ। ਇਸ ਲਈ ਕਲਾਕਾਰ-ਲੇਖਕ ਮਨੁੱਖਤਾ ਦੀ ਸਾਂਝੀ ਧਰੋਹਰ ਹੁੰਦੇ ਹਨ ਉਨ੍ਹਾਂ ਸਨਮਾਨਿਤ ਸ਼ਖ਼ਸੀਅਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਦੀ ਦਫ਼ਤਰ ਇੰਚਾਰਜ ਸ੍ਰੀਮਤੀ ਸੁਰਿੰਦਰ ਕੌਰ ਨੂੰ ਉਨ੍ਹਾਂ ਵਲੋਂ ਪਿਛਲੇ ਪੱਚੀ ਸਾਲਾਂ ਤੋਂ ਅਕਾਡਮੀ ਪ੍ਰਤੀ ਸਮਰਪਣ ਭਾਵਨਾ ਨਾਲ ਨਿਭਾਈਆਂ ਜਾ ਰਹੀਆਂ ਸੇਵਾਵਾਂ ਕਰਕੇ ਅਕਾਡਮੀ ਵਲੋਂ ਪ੍ਰਮਾਣ ਪੱਤਰ ਅਤੇ ਫੁਲਕਾਰੀ ਭੇਟਾ ਕੀਤੀ ਗਈ। ਸਮਾਗਮ ਦੀ ਅਖ਼ੀਰ ਵਿਚ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਸਨਮਾਨਤ ਸ਼ਖ਼ਸੀਅਤਾਂ ਨੂੰ ਵਧਾਈ ਦਿੰਦਿਆਂ ਪਹੁੰਚੇ ਸਾਹਿਤਕਾਰਾਂ, ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਮਾਗਮ ਦਾ ਮੰਚ ਸੰਚਾਲਨ ਅਕਾਡਮੀ ਦੇ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤ੍ਰੈਲੋਚਨ ਲੋਚੀ, ਜਸਵੀਰ ਝੱਜ, ਮਨਜਿੰਦਰ ਸਿੰਘ ਧਨੋਆ, ਸਵਰਨਜੀਤ ਸਵੀ, ਸੁਰਿੰਦਰ ਰਾਮਪੁਰੀ, ਇੰਦਰਜੀਤ ਪਾਲ ਕੋਰ, ਸੁਰਿੰਦਰ ਦੀਪ, ਸੁਖਚਰਨਜੀਤ ਕੌਰ ਗਿੱਲ, ਸਿਕੰਦਰ ਸਿੰਘ ਗਿੱਲ, ਤਰਲੋਚਨ ਸਿੰਘ, ਇੰਜ. ਡੀ.ਐਮ. ਸਿੰਘ, ਸਤੀਸ਼ ਗੁਲਾਟੀ, ਰਣਜੀਤ ਸਿੰਘ, ਹਰੀਸ਼ ਮੋਦਗਿੱਲ, ਸਰਬਜੀਤ ਸਿੰਘ ਵਿਰਦੀ, ਅਜੀਤ ਪਿਆਸਾ, ਬਲਵੰਤ ਗਿਆਸਪੁਰਾ, ਹਰਭਜਨ ਫੱਲੇਵਾਲਵੀ, ਸੁਖਦੀਪ ਸਿੰਘ ਸ਼ੈਰੀ, ਰਜਿੰਦਰਜੀਤ ਸਿੰਘ, ਕਮਲਪ੍ਰੀਤ ਕੌਰ, ਧੰਨਵਿੰਦਰ ਕੌਰ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।