ਲੁਧਿਆਣਾ : ਅੱਜ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਆਯੋਜਿਤ ਇਕ ਸਮਾਗਮ ਦੌਰਾਨ ਦਾਨੇਸ਼ ਰਾਣਾ ਦੇ ਅੰਗਰੇਜ਼ੀ ਨਾਵਲ ਰੈੱਡ ਮੇਜ਼ ਦਾ ਪੰਜਾਬੀ ਅਨੁਵਾਦ ‘ਲਾਲ ਮੱਕੀ’ ਰੀਲੀਜ਼ ਕੀਤਾ ਗਿਆ। ਇਹ ਨਾਵਲ ਪੰਜਾਬੀ ਵਿਚ ਡਾ. ਰਣਧੀਰ ਕੌਰ ਨੇ ਅਨੁਵਾਦ ਕੀਤਾ ਹੈ। ਇਸ ਮੌਕੇ ਨਾਵਲ ਬਾਰੇ ਜਨਾਬ ਖ਼ਾਲਿਦ ਹੁਸੈਨ ਨੇ ਜਾਣ ਪਛਾਣ ਕਰਵਾਈ। ਉਨ੍ਹਾਂ ਦਸਿਆ ਕਿ ਇਹ ਨਾਵਲ ਆਈ. ਪੀ.ਐਸ. ਕਾਡਰ ਦੇ ਪੁਲਿਸ ਅਫ਼ਸਰ ਦਾਨੇਸ਼ ਰਾਣਾ ਨੇ ਆਪਣੇ ਅਨੁਭਵ ਨੂੰ ਆਧਾਰ ਬਣਾ ਕੇ ਲਿਖਿਆ ਹੈ ਅਤੇ ਜੰਮੂ ਕਸ਼ਮੀਰ ਦੇ ਇਕ ਪਰਿਵਾਰ ਦੀ ਕਹਾਣੀ ਰਾਹੀਂ ਅਤਿਵਾਦ ਤੇ ਰਾਜਕੀ ਤਸ਼ਦੱਦ ਦੀ ਦੂਹਰੀ ਮਾਰ ਝੱਲ ਰਹੇ ਨੌਜਵਾਨਾਂ ਦੀ ਹੋਣੀ ਨੂੰ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਨਾਵਲ ਪੜ੍ਹ ਕੇ ਜੰਮੂ ਕਸ਼ਮੀਰ ਦੇ ਜੀਵਨ ਦੇ ਯਥਾਰਥ ਨੂੰ ਸਮਝਿਆ ਜਾ ਸਕਦਾ ਹੈ। ਇਸ ਨਾਵਲ ਬਾਰੇ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਨਾਵਲ ਕਿਸੇ ਵਿਚਾਰਧਾਰਕ ਉਲਾਰ ਤੋਂ ਮੁਕਤ, ਕਸ਼ਮੀਰੀ ਅਵਾਮ ਦੀ ਆਜ਼ਾਦੀ, ਮੁਕਤੀ ਅਤੇ ਮਰਜ਼ੀ ਦੀ ਥਾਹ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਲਾਲ ਮੱਕੀ ਨੂੰ ਰੀਲੀਜ਼ ਕਰਨ ਦੀ ਰਸਮ ਵਿਚ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਸਤੀਸ਼ ਕੁਮਾਰ ਵਰਮਾ, ਡਾ. ਗੁਰਇਕਬਾਲ ਸਿੰਘ, ਜਨਾਬ ਖ਼ਾਲਿਦ ਹੁਸੈਨ, ਚਿੱਤਰਕਾਰ ਪ੍ਰੇਮ ਸਿੰਘ, ਬੀਬਾ ਬਲਵੰਤ, ਪ੍ਰਕਾਸ਼ਕ ਸਤੀਸ਼ ਗੁਲਾਟੀ, ਡਾ. ਕਮਲਦੀਪ ਸਿੰਘ ਅਤੇ ਅਕਾਡਮੀ ਦੇ ਸਕੱਤਰ ਡਾ. ਸੁਰਜੀਤ ਸਿੰਘ ਸ਼ਾਮਿਲ ਹੋਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤ੍ਰੈਲੋਚਨ ਲੋਚੀ, ਜਸਵੀਰ ਝੱਜ, ਮਨਜਿੰਦਰ ਸਿੰਘ ਧਨੋਆ, ਸਵਰਨਜੀਤ ਸਵੀ, ਸੁਰਿੰਦਰ ਰਾਮਪੁਰੀ, ਇੰਦਰਜੀਤ ਪਾਲ ਕੋਰ, ਸੁਰਿੰਦਰ ਦੀਪ, ਸੁਖਚਰਨਜੀਤ ਕੌਰ ਗਿੱਲ, ਸਿਕੰਦਰ ਸਿੰਘ ਗਿੱਲ, ਤਰਲੋਚਨ ਸਿੰਘ, ਇੰਜ. ਡੀ.ਐਮ. ਸਿੰਘ, ਸਤੀਸ਼ ਗੁਲਾਟੀ, ਭਗਵਾਨ ਢਿੱਲੋਂ, ਰਣਜੀਤ ਸਿੰਘ, ਹਰੀਸ਼ ਮੋਦਗਿੱਲ, ਸਰਬਜੀਤ ਸਿੰਘ ਵਿਰਦੀ, ਅਜੀਤ ਪਿਆਸਾ, ਬਲਵੰਤ ਗਿਆਸਪੁਰਾ, ਹਰਭਜਨ ਫੱਲੇਵਾਲਵੀ, ਸੁਖਦੀਪ ਸਿੰਘ ਸ਼ੈਰੀ, ਰਜਿੰਦਰਜੀਤ ਸਿੰਘ, ਕਮਲਪ੍ਰੀਤ ਕੌਰ, ਧੰਨਵਿੰਦਰ ਕੌਰ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।