ਹਾਰਟਫੋਟ, ਕੈਨੇਕਟਿਕਟ¸ ਅਮਰੀਕਾ ਦੇ 125 ਸਾਲਾ ਸਿੱਖ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਕਿ ਅਮਰੀਕਾ ਦੀ ਇਕ ਸਟੇਟ ਦੇ ਗਵਰਨਰ ਨੇ ਸਿੱਖਾਂ ਦੇ ਕੈਲੰਡਰ ਨੂੰ ਮੁੱਖ ਰੱਖ ਕੇ ਸਿੱਖਾਂ ਨੂੰ ਨਾ ਹੀ ਸਿਰਫ ਓਹਨ੍ਹਾਂ ਦੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਪਰ ਸਗੋਂ “ਮਾਰਚ 14 ਨੂੰ ‘ਸਿੱਖ ਨਿਊ ਈਅਰ’’ ਵਜੋਂ ਮਾਨਤਾ ਵੀ ਦਿੱਤੀ।
ਜਿਵੇਂ ਕਿ ਅਸੀ ਜਾਣਦੇ ਹਾਂ ਕਿ ਨਾਨਕਸ਼ਾਹੀ ਸਿੱਖ ਕੈਲੰਡਰ ਮੁਤਾਬਿਕ ਮਾਰਚ 14 ਨੂੰ ਸਿੱਖਾਂ ਦੇ ਪਹਿਲੇ ਮਹੀਨਾ “ਚੇਤ”’’ ਦੀ ਸ਼ੁਰੂਆਤ ਹੁੰਦੀ ਹੈ ਜਿਸ ਮੁਤਾਬਿਕ ਮਾਰਚ 14 ਸਿੱਖਾਂ ਦਾ ਨਵਾਂ ਸਾਲ ਹੋਇਆ।
ਇਹ ਜਾਣਕਾਰੀ ਕੈਨੇਕਟਿਕਟ ਤੋਂ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਸਵਰਨਜੀਤ ਸਿੰਘ ਖਾਲਸਾ ਨੇ ਸਾਡੇ ਨਾਲ ਸਾਂਝੀ ਕੀਤੀ ਤੇ ਦੱਸਿਆ ਕਿ ਓਹਨਾਂ ਨੇ ਗਵਰਨਰ “ਨੇਡ ਲਾਮੋਂਟ’’ ਦੇ ਇਸ ਫ਼ੈਸਲੇ ਨੂੰ ਲੈ ਕੇ ਵਿਸ਼ੇਸ਼ ਤੌਰ ’ਤੇ ਓਹਨਾਂ ਦਾ ਵਰਲਡ ਸਿੱਖ ਪਾਰਲੀਮੈਂਟ ਵਲੋਂ ਧੰਨਵਾਦ ਕੀਤਾ।
ਇਹ ਪਹਿਲੀ ਵਾਰ ਨਹੀਂ ਜਦੋ ਸਿੱਖਾਂ ਦੀ ਆਵਾਜ਼ ਕੈਨੇਕਟਿਕਟ ਨੇ ਬੁਲੰਦ ਕੀਤੀ ਬਲਕਿ ਪਿਛਲੇ ਸਾਲ ਗਵਰਨਰ ਵਲੋਂ ਸਿੱਖ ਸ਼ਹੀਦਾਂ ਦੀ ਯਾਦ ਵਿਚ ਜੂਨ ਦੇ ਮਹੀਨੇ ਨੂੰ “ਸਿੱਖ ਮੈਮੋਰੀਅਲ ਮੰਥ’’ ਵਜੋਂ ਮਾਨਤਾ ਦਿੱਤੀ ਗਈ ਅਤੇ ਨਵੰਬਰ 1 ਨੂੰ ਹਰ ਸਾਲ “ਸਿੱਖ ਨਸਲਕੁਸ਼ੀ ਯਾਦ ਦਿਵਸ’’ ਵਜੋਂ ਮਨਾਉਣ ਦਾ ਫੈਸਲਾ ਵੀ ਕੀਤਾ।
ਇਹ ਐਲਾਨ ਕਨੈਕਟੀਕਟ ਦੀ ਡਿਪਟੀ ਗਵਰਨਰ ਸੂਸਨ ਬਿਸੇਵੀਜ਼ ਨੇ ਕਨੈਕਟੀਕਟ ਦੇ ਟਾਊਨ ਹਾਲ ਵਿਖੇ ਇਕ ਮੀਟਿੰਗ ਦੇ ਦੌਰਾਨ ਕੀਤਾਾ ਅਤੇ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਨੂੰ ਨਵੇਂ ਸਾਲ ਦੀਆ ਵਧਾਇਆ ਦਿੱਤੀਆਂ।
ਵਰਲਡ ਸਿੱਖ ਪਾਰਲੀਮੈਂਟ ਦੇ ਕੋਆਡੀਨੇਟਰ ਹਿੰਮਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਪਾਰਲੀਮੈਂਟ ਦੇ ਕੰਮਾਂ ’ਤੇ ਚਾਨਣਾ ਪਾਇਆ।
ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਸਾਰੀਆਂ ਵੱਖ ਵੱਖ ਕੌਂਸਲਾਂ ਦੇ ਕੰਮਾਂ ਨੂੰ ਸਹਿਲਾਇਆ ਤੇ ਇਹੋ ਜਿਹੇ ਉਪਰਾਲਿਆ ਨੂੰ ਬਾਕੀ ਦੇਸ਼ਾਂ ਵਿੱਚ ਅੰਜਾਮ ਦੇਣ ਲਈ ਨੌਜਵਾਨਾਂ ਨੂੰ ਪਾਰਲੀਮੈਂਟ ਨਾਲ ਜੋੜਣ ਲਈ ਪ੍ਰੇਰਿਆ।
ਇਹ ਵਿਸ਼ੇਸ਼ ਐਲਾਨ ਕਰਨ ਸਮੇ ਕਨੈਕਟੀਕਟ ਦੇ ਗਵਰਨਰ ਦੇ ਨਾਲ ਸਟੇਟ ਸੈਨੇਟਰ ਕੈਥੀ ਓਸਟੇਨ ਅਤੇ ਸਟੇਟ ਅਸੈਂਬਲੀ ਮੈਂਬਰ ਕੇਵਿਨ ਰਿਯਾਨ ਵੀ ਸ਼ਾਮਿਲ ਸਨ।