ਫਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਂਨ)-ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ 26 ਤੋਂ 28 ਦਸੰਬਰ ਤੱਕ ਲੱਗਣ ਵਾਲੇ ਤਿੰਨ ਦਿਨਾਂ ਸ਼ਹੀਦੀ ਜੋੜ ਮੇਲੇ ਤੋਂ ਪਹਿਲਾਂ ਹੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਸੰਗਤਾਂ ਦੀ ਆਮਦ ਮਿੰਟ-ਮਿੰਟ ਵਧਣੀ ਸ਼ੁਰੂ ਹੋ ਗਈ ਹੈ। ਫਤਿਹਗੜ੍ਹ ਸਾਹਿਬ ਨੂੰ ਆਉਂਦੀਆਂ ਸਾਰੀਆਂ ਸੜਕਾਂ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਲੰਗਰ ਲਾਉਣ ਵਾਲਿਆਂ ਵੱਲੋਂ ਆਪਣੇ ਪਿੰਡਾਂ ਅਤੇ ਸ਼ਹਿਰਾਂ ਦੇ ਨਾਵਾਂ ਨੂੰ ਦਰਸਾਉਂਦੇ ਫਲੈਕਸ ਹੋਰਡਿੰਗਜ਼ / ਬੈਨਰ ਲਗਾ ਦਿੱਤੇ ਗਏ ਨੇ। ਲੰਗਰ ਲਾਉਣ ਵਾਲੇ ਸ਼ਰਧਾਲੂਆਂ ਵੱਲੋਂ ਆਪੋ ਆਪਣੀਆਂ ਥਾਵਾਂ ਨੂੰ ਪੱਧਰਾ ਤੇ ਸਾਫ ਸੁੱਥਰਾ ਬਣਾਇਆ ਜਾ ਰਿਹਾ ਹੈ ਅਤੇ ਆਪੋ ਆਪਣੇ ਗਰਾਵਾਂ ਦੇ ਨਾਂ ਦੀਵਾਰਾਂ ਤੇ ਪਿਛਲੇ ਸਾਲ ਵਾਲੀ ਜਗ੍ਹਾ ਹੀ ਗੂੜ੍ਹੀ ਸਿਆਹੀ ਨਾਲ ਉ¤ਕਰ ਦਿੱਤੇ ਗਏ ਨੇ ਤੇ ਲੰਗਰਾਂ ਲਈ ਪਾਣੀ ਦੇ ਪ੍ਰਬੰਧ ਦੇ ਇੰਤਜ਼ਾਮ ਕੀਤੇ ਜਾ ਰਹੇ ਨੇ। ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਸ੍ਰ ਅਮਰਜੀਤ ਸਿੰਘ ਨੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਰਧਾਲੂਆਂ ਦੀ ਹਰ ਸਾਲ ਵਾਂਗ ਵੱਡੀ ਆਮਦ ਨੂੰ ਮੁੱਖ ਰੱਖਦਿਆਂ ਸਾਰੇ ਪ੍ਰਬੰਧ ਪੁੱਖਤਾ ਰੂਪ ਨਾਲ ਮੁਕੰਮਲ ਕਰ ਲਏ ਗਏ ਨੇ। ਉਨ੍ਹਾਂ ਕਿਹਾ ਕਿ ਨਿੱਕੀਆਂ ਜਿੰਦਾਂ ਦੇ ਵੱਡੇ ਸਾਕੇ ਦੇ ਮਹਾਨ ਅਮਰ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਪ੍ਰਬੰਧਾਂ ਸਬੰਧੀ ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ 12 ਦਸੰਬਰ ਨੂੰ ਲੰਗਰਾਂ ,ਫਰੀ ਸਟਾਲਾਂ, ਫਰੀ ਮੈਡੀਕਲ ਕੈਂਪ ਲਾਉਣ ਵਾਲਿਆਂ ਲਈ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਰੀ ਜਗ੍ਹਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲੰਗਰਾਂ ਲਈ ਰਸੋਈ ਗੈਸ ਤੇ ਮਿੱਟੀ ਦੇ ਤੇਲ ਦਾ ਪ੍ਰਬੰਧ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਮੈਨੇਜਰ ਸ੍ਰ ਅਮਰਜੀਤ ਸਿੰਘ ਨੇ ਦੱਸਿਆ ਕਿ ਸਾਰੇ ਲੰਗਰਾਂ ਵਾਲਿਆਂੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਪੰਜ ਸਿੰਘ ਸਾਹਿਬਾਨ ਵੱਲੋਂ ਲੰਗਰ ਲਾਉਣ ਸਬੰਧੀ ਜਾਰੀ ਕੀਤੇ ਆਦੇਸ਼ ਦੀ ਪਾਲਣਾ ਕਰਨੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਕੋਈ ਵੀ ਮਠਿਆਈ ਨਾ ਵਰਤਾਈ ਜਾਵੇ । ਉਨ੍ਹਾਂ ਦੱਸਿਆ ਕਿ ਲੰਗਰਾਂ ਵਾਲਿਆਂ ਨੂੰ ਸ਼ੋਰ ਪ੍ਰਦੂਸ਼ਣ ਤੇ ਪਾਬੰਦੀ ਲਾਉਣ ਵਿੱਚ ਮੁਕੰਮਲ ਸਹਿਯੋਗ ਕਰਨ ਦੀ ਬੇਨਤੀ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 416 ਲੰਗਰ ਲਾਉਣ ਲਈ ਦਰਖਾਸਤਾਂ ਆਈਆਂ ਸਨ ਇਸ ਵਾਰ ਵੱਡਾ ਵਾਧਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਲੰਗਰਾਂ ਲਈ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੇ ਨਮੂਨੇ ਸਹੀ ਪਾਏ ਗਏ ਨੇ। ਉਨ੍ਹਾਂ ਦੱਸਿਆ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਲਗਭਗ ਪਹਿਲਾਂ ਵਾਲੀਆਂ ਥਾਵਾਂ ਤੇ ਕਾਨਫਰੰਸਾਂ ਕਰਨ ਲਈ ਜਗ੍ਹਾ ਦੇ ਦਿੱਤੀ ਗਈ ਹੈ ਸਾਰੀਆਂ ਪਾਰਟੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਵੱਖ- ਵੱਖ ਥਾਵਾਂ ਦੇ ਪਿੰਡਾਂ ਅਤੇ ਸ਼ਹਿਰਾਂ ਤੋਂ ਨਗਰ ਕੀਰਤਨ ਪਿਛਲੇ ਕਈ ਦਿਨਾਂ ਤੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਪੁੱਜਣੇ ਸ਼ੁਰੂ ਹੋ ਗਏ ਨੇ। ਗੌਰਤਲਬ ਹੈ ਕਿ ਪਿਛਲੇ ਸਾਲ ਸ਼ਹੀਦੀ ਜੋੜ ਮੇਲਾ 24,25 ਤੇ 26 ਦਸੰਬਰ ਨੂੰ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਇਆ ਜਾਂਦਾ ਰਿਹਾ ਹੈ ਪਰ ਇਸ ਵਾਰ ਸੋਧ ਕੀਤੇ ਨਾਨਕਸ਼ਾਹੀ ਕੈਲੰਡਰ ਅਨੁਸਾਰ 11,12 ਤੇ 13 ਪੋਹ ਮੁਤਾਬਕ ਸ਼ਹੀਦੀ ਜੋੜ ਮੇਲਾ 26,27 ਅਤੇ 28 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ। ਪਹਿਲਾਂ ਪਹਿਲਾਂ ਬਹੁਤ ਸਾਲ ਸ਼ਹੀਦੀ ਜੋੜ ਮੇਲੇ ਤੇ ਸਰਕਸਾਂ ਝੁਲੇ ਤੇ ਹੋਰ ਮਨੋਰੰਜਨ ਆਈਟਮਾਂ ਸਮੇਤ ਸ਼ੋਰ ਪ੍ਰਦੂਸ਼ਣ ਬਹੁਤ ਜ਼ਿਆਦ ਹੁੰਦਾ ਰਿਹਾ ਪਰ ਜਦੋਂ ਫਤਿਹਗੜ੍ਹ ਸਾਹਿਬ ਦਾ ਡਿਪਟੀ ਕਮਿਸ਼ਨਰ ਐਸ.ਕੇ ਆਹਲੂਵਾਲੀਆ ਆਈ. ਏ ਐਸ ਨੂੰ ਲਾਇਆ ਗਿਆ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾ ਕੰਮ ਸ਼ੋਰ ਪ੍ਰਦੂਸ਼ਣ ਤੇ ਸਰਕਸਾਂ ਝੁਲੇ ਤੇ ਹੋਰ ਮਨੋਰੰਜਨ ਆਈਟਮਾਂ ਤੇ ਪਾਬੰਦੀ ਲਗਾਉਣ ਦਾ ਮਹਾਨ ਕੰਮ ਕਰਕੇ ਸ਼ਹੀਦੀ ਜੋੜ ਮੇਲੇ ਨੂੰ ਸੋਗਮਈ ਪਹਿਲਾਂ ਵਾਲੀ ਦਿੱਖ ਦੇਣ ਦਾ ਜਿਹੜਾ ਮਹਾਨ ਕਾਰਜ ਕੀਤਾ ਇਸ ਨੂੰ ਫਤਿਹਗੜ੍ਹ ਸਾਹਿਬ ਸਮੇਤ ਪੰਜਾਬ ਦੇ ਲੋਕ ਹਮੇਸ਼ਾ ਯਾਦ ਕਰਦੇ ਰਹਿਣਗੇ। ਇਸ ਤੋਂ ਬਾਅਦ ਹਰ ਵਾਰ ਫਤਿਹਗੜ੍ਹ ਸਾਹਿਬ ਦੀ ਮਹਾਨ ਸ਼ਹੀਦਾਂ ਦੀ ਧਰਤੀ ਤੇ ਰਾਜਸੀ ਲੋਕਾਂ ਨੇ ਆਪੋ ਆਪਣੀਆਂ ਕਾਨਫਰੰਸਾਂ ਕਰਕੇ ਜਿਹੜੀ ਬਹੁਤ ਨੀਂਵੇਂ ਪੱਧਰ ਦੀ ਦੂਸ਼ਣਬਾਜੀ ਕਰਕੇ ਇੱਕ ਹੋਰ ਪ੍ਰਦੂਸ਼ਣ ਫੈਲਾਕੇ ਰੱਖ ਦਿੱਤਾ ਸੀ ਉਸ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਵੱਲੋਂ ਇਸ ਵਾਰ ਪਾਬੰਦੀ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ। ਹੁਣ ਇਹ ਦੇਖਣਾ ਬਾਕੀ ਹੈ ਕਿ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੂਰਨ ਤੌਰ ਤੇ ਸਮਰਪਿਤ ਹੋਣ ਦਾ ਦਾਅਵਾ ਕਰਨ ਵਾਲੀਆਂ ਰਾਜਸੀ ਪਾਰਟੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦਾ ਪਾਲਣ ਕਰਨਾ ਯਕੀਨੀ ਬਣਾਉਂਦੀਆਂ ਹਨ ਜਾਂ ਉਲੰਘਣਾ ਕਰਦੀਆਂ ਹਨ ਇਹ ਵੀ ਪੰਥਕ ਧਿਰਾਂ ਲਈ ਇੱਕ ਵੱਡੇ ਇਮਤਿਹਾਨ ਦੀ ਘੜੀ ਹੈ। ਸੌਮਣੀ ਅਕਾਲੀ ਦਲ ਵੱਲੋਂ ਆਪਣੀ ਕਾਨਫਰੰਸ ਪਹਿਲਾਂ ਵਾਲੀ ਥਾਂ ਬਾਬਾ ਬੰਦਾ ਸਿੰਘ ਬਹਾਦਰ ਗੇਟ ਦੇ ਸਾਹਮਣੇ, ਸ੍ਰੋਮਣੀ ਅਕਾਲੀ ਦਲ (ਅੰੰਿਮਤਸਰ) , ਸ੍ਰੋਮਣੀ ਅਕਾਲੀ ਦਲ (ਪੰਚਪ੍ਰਧਾਨੀ), ਸ੍ਰੋਮਣੀ ਅਕਾਲੀ ਦਲ (ਲੌਂਗੋਵਾਲ), ਤੇ ਕਾਂਗਰਸ ਪਾਰਟੀ ਵੱਲੋਂ ਆਪਣੀਆਂ ਕਾਨਫਰੰਸਾਂ ਰੇਲਵੇ ਲਾਈਨ ਤੋਂ ਪਾਰ ਕੀਤੀਆਂ ਜਾ ਰਹੀਆਂ ਨੇ ਇਸ ਜਗ੍ਹਾ ਤੇ ਬਾਕੀ ਪਾਰਟੀਆਂ ਤਾਂ ਹਰ ਸਾਲ ਕਾਨਫਰੰਸਾਂ ਕਰਦੀਆਂ ਹਨ ਪਰ ਇਸ ਵਾਰ ਕਾਂਗਰਸ ਪਾਰਟੀ ਦੀ ਕਾਨਫਰੰਸ ਗਿਆਨੀ ਦਿੱਤ ਸਿੰਘ ਲਾਇਬਰੇਰੀ ਦੇ ਨਜ਼ਦੀਕ ਕੀਤੀ ਜਾ ਰਹੀ ਹੈ ਪਹਿਲਾਂ ਇਸ ਪਾਰਟੀ ਦੀ ਕਾਨਫਰੰਸ ਮਿੰਨੀ ਸਕੱਤਰੇਤ ਦੇ ਸਾਹਮਣੇ ਹੁੰਦੀ ਸੀ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਕਾਨਫਰੰਸ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਦੇ ਕੋਲ ਕੀਤੀ ਜਾ ਰਹੀ ਹੈ। ਇਸ ਵਾਰ ਵੀ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਿੱਕੀਆਂ ਜ਼ਿੰਦਾਂ ਦੇ ਵੱਡੇ ਸਾਕੇ ਨੂੰ ਪ੍ਰਣਾਮ ਕਰਨ ਪੁੱਜਣਗੇ। ਲੱਖਾਂ ਸਰਦੀ ਵੱਡੀ ਆਮਦ ਨੂੰ ਮੁੱਖ ਰੱਖਦਿਆਂ ਜਿਲ੍ਹਾਂ ਪ੍ਰਸ਼ਾਸ਼ਨ ਨੇ ਬੇਹੱਦ ਪੁੱਖਤਾ ਪ੍ਰਬੰਧ ਕੀਤੇ ਨੇ ਜਿਸ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ (ਆਈ.ਏ ਐਸ) ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਡੀ.ਜੀ.ਪੀ ਪੰਜਾਬ ਪੁਲੀਸ ਸ਼੍ਰੀ ਪਰਮਦੀਪ ਸਿੰਘ ਗਿੱਲ ਨੇ ਦੱਸਿਆ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਯਾਦ ਵਿੱਚ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦੌਰਾਨ ਅਮਨ ਅਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਪੁਲਿਸ ਵਿਭਾਗ ਵੱਲੋਂ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਜੋੜ ਮੇਲ ਦੌਰਾਨ ਪੁਲਿਸ, ਕਲੋਜ਼ ਸਰਕਟ ਕੈਮਰਿਆਂ ਰਾਹੀਂ ਸੁਰੱਖਿਆ ਵਿਵਸਥਾ ਤੇ ਲਗਾਤਾਰ ਨਜ਼ਰ ਰੱਖੇਗੀ। ਸ੍ਰ: ਗਿੱਲ ਨੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ ਦਿੱਤੇ ਕਿ ਸਰਧਾਲੂਆਂ ਦੀ ਸਹਾਇਤਾ ਲਈ 24 ਘੰਟੇ ਪੁਰੀ ਚੋਕਸੀ ਵਰਤੀ ਜਾਵੇ ਅਤੇ ਹਰ ਹਾਲਤ ਵਿੱਚ ਮੇਲ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਜਾਵੇ । ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਮੇਲ ਦੌਰਾਨ ਵਿਸ਼ੇਸ਼ ਤੌਰ ਤੇ ਟਰੈਫਿਕ ਵਿਵਸਥਾ ਨੂੰ ਸਚਾਰੂ ਬਣਾਉਣ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਦਰਸ਼ਨ ਕਰਨ ਵਿੱਚ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ । ਉਨ੍ਹਾਂ ਕਿਹਾ ਕਿ ਜੋੜ ਮੇਲ ਮੌਕੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅਪਰਾਧ ਰੋਕੂ ਟੀਮਾਂ ਅਤੇ ਤੁਰੰਤ ਕਾਰਵਾਈ ਟੀਮਾਂ ਹਰ ਸਮੇਂ ਤਿਆਰ ਰਹਿਣਗੀਆਂ। ਉਹਨਾਂ ਪੁਲਿਸ ਅਮਲੇ ਨੂੰ ਜੋੜ ਮੇਲ ਦੌਰਾਨ ਜਿੱਥੇ ਆਮ ਸ਼ਰਧਾਲੂਆਂ ਪ੍ਰਤੀ ਹਲੀਮੀ ਨਾਲ਼ ਪੇਸ਼ ਆਉਣ ਦੀ ਹਦਾਇਤ ਕੀਤੀ, ਉਥੇ ਆਮ ਲੋਕਾਂ ਨੂੰ ਵੀ ਪੁਲਿਸ ਵੱਲੋਂ ਅਮਨ ਕਾਨੂੰਨ ਅਤੇ ਸੁਰੱਖਿਆ ਵਿਵਸਥਾ ਬਣਾਈ ਰੱਖਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ 25 ਦਸੰਬਰ ਤੋਂ 29 ਦਸੰਬਰ ਤੱਕ 24 ਘੰਟੇ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਜਵਾਨ ਮੇਲ ਦੌਰਾਨ ਤਾਇਨਾਤ ਰਹਿਣਗੇ । ਉਨ੍ਹਾਂ ਆਖਿਆ ਕਿ ਸਮੁੱਚੇ ਜ਼ੋੜ ਮੇਲ ਏਰੀਏ ਨੂੰ ਸੁਰੱਖਿਆਂ ਦੇ ਨਜਰੀਏ ਤੋਂ 4 ਸੈਕਟਰਾਂ ਵਿੱਚ ਵੰਡਿਆਂ ਗਿਆ ਹੈ ਅਤੇ ਹਰੇਕ ਸੈਕਟਰ ਦਾ ਇੰਚਾਰਜ਼ ਐਸ.ਪੀ. ਰੈਕ ਦਾ ਅਧਿਕਾਰੀ ਹੋਵੇਗਾ ਅਤੇ ਉਨ੍ਹਾਂ ਦੇ ਨਾਲ ਡਿਊਟੀ ਮੈਜਿਸਟਰੇਟ, ਮੈਡੀਕਲ ਟੀਮ, ਰਿਕਵਰੀ ਵੈਨ, ਫਾਇਰ ਟੈਡਰ ਦਾ ਇਤਜਾਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮੁੱਚੇ ਸੁਰੱਖਿਆਂ ਪ੍ਰਬੰਧਾ ਲਈ 9 ਐਸ.ਪੀ. , 18 ਡੀ.ਐਸ.ਪੀ., 48 ਇੰਸਪੈਕਟਰ, 2000 ਪੁਲਿਸ ਕਰਮਚਾਰੀ ਅਤੇ 100 ਮਹਿਲਾ ਕਰਮਚਾਰੀਆਂ ਤੋਂ ਇਲਾਵਾ ਪੀ.ਏ.ਪੀ. ਅਤੇ ਪੰਜਾਬ ਪੁਲਿਸ ਕਮਾਂਡੋਂ ਦੀਆਂ 4 ਕੰਪਨੀਆਂ ਲਗਾਈਆ ਗਈਆਂ ਹਨ ।
ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਸ: ਰਣਬੀਰ ਸਿੰਘ ਖੱਟੜਾ ਨੇ ਆਖਿਆ ਕਿ ਇਸ ਜੋੜ ਮੇਲ ਮੌਕੇ ਧਾਰਮਿਕ ਮਰਿਆਦਾ ਨੂੰ ਬਣਾਈ ਰੱਖਣ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਪੁਲਿਸ ਅਮਲਾ ਪੂਰੀ ਮੁਸਤੈਦੀ ਨਾਲ਼ ਆਪਣੇ ਫਰਜ਼ ਨਿਭਾਵੇਗਾ। ਉਹਨਾਂ ਆਖਿਆ ਕਿ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਆਉਣ ਤੇ ਪੁਲਿਸ ਅਮਲੇ ਨਾਲ਼ ਜਾਂ ਪੁਲਿਸ ਕੰਟਰੋਲ ਰੂਮ ਤੇ ਟੈਲੀਫੋਨ ਨੰ:01763-223100 ਅਤੇ 95929-12323 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸਲਾਹਕਾਰ ਮੁੱਖ ਮੰਤਰੀ ਪੰਜਾਬ ਡਾ: ਦਲਜੀਤ ਸਿੰਘ ਚੀਮਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਰੇ ਵੀ ਕੌਮ ਦੇ ਮਹਾਨ ਸ਼ਹੀਦਾ ਨੂੰ ਸ਼ਰਧਾਜਲੀ ਭੇਂਟ ਕਰਨ ਲਈ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਪੁੱਜ ਰਹੇ ਹਨ । ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ ਤੋਂ ਇਲਾਵਾ ਪੰਜਾਬ ਮੰਤਰੀ ਮੰਡਲ ਦੇ ਮੰਤਰੀ ਸਹਿਬਾਨ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਬੀ.ਜੀ.ਪੀ. ਦੇ ਪ੍ਰਮੁੱਖ ਆਗੂ ਵੀ ਇਸ ਸ਼ਹੀਦੀ ਕਾਨਫਰੰਸ ਵਿੱਚ ਮਹਾਨ ਸ਼ਹੀਦਾ ਨੂੰ ਸਰਧਾ ਦੇ ਫੁੱਲ ਭੇਂਟ ਕਰਨ ਲਈ ਪੁੱਜਣਗੇ