ਨਵੀਂ ਦਿੱਲੀ – ‘ਕੋਰੋਨਾ’ ਮਹਾਂਮਾਰੀ ਦੇ ਕਾਰਨ ਆਪਣਾ ਰੋਜ਼ਗਾਰ ਗਵਾ ਚੁੱਕੇ ਭੁੱਖਮਰੀ ਤੋਂ ਤਰਸਤ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਲਈ ਅੱਜ ਦਿੱਲੀ ਵਿੱਚ ਵੱਡੀ ਪਹਿਲ ਹੋਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਨੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਜ਼ਰੂਰਤਮੰਦ ਲੋਕਾਂ ਤੱਕ ਰਾਸ਼ਨ ਦੇ ਪੈਕਟ ਭੇਜਣ ਦਾ ਅੱਜ ਸਾਂਝੇ ਤੌਰ ਉੱਤੇ ਐਲਾਨ ਕੀਤਾ। ਸਰਨਾ ਦੇ ਪੰਜਾਬੀ ਬਾਗ਼ ਸਥਿਤ ਨਿਵਾਸ ਤੋਂ ਫੇਸਬੁਕ ਲਾਈਵ ਦੇ ਜਰੀਏ ਸੰਗਤ ਨਾਲ ਜੁਡ਼ੇ ਦੋਨਾਂ ਆਗੂਆਂ ਨੇ ਦਾਅਵਾ ਕੀਤਾ ਕੀ ਕਿ ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੇ ਬਾਅਦ ਅਸੀਂ ਦਿੱਲੀ ਦੇ ਸਿੱਖ ਭਾਈਚਾਰੇ ਦੇ ਬਜ਼ੁਰਗ ਧਾਰਮਿਕ ਅਤੇ ਵਪਾਰਕ ਆਗੂਆਂ ਦੇ ਸਹਿਯੋਗ ਨਾਲ ਇਸ ਸੇਵਾ ਨੂੰ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਤਾਂਕਿ ਅੱਜ ਦੇ ਸਮੇਂ ਵੀਂ ਗੁਰੂ ਨਾਨਕ ਦੇਵ ਜੀ ਦੀ ਲੰਗਰ ਪ੍ਰਥਾ ਜ਼ਰੂਰਤਮੰਦ ਦੀ ਢਿੱਡ ਦੀ ਭੁੱਖ ਨੂੰ ਸ਼ਾਂਤ ਕਰ ਸਕੇ ।
ਸਰਨਾ ਨੇ ‘ਕੋਰੋਨਾ’ ਨੂੰ ਕਹਿਰ ਦੀ ਸੰਗਿਆ ਦਿੰਦੇ ਹੋਏ ਦਾਅਵਾ ਕੀਤਾ ਕੀ ਕਿ ਆਪਦਾ ਆਉਣ ਦੇ ਬਾਅਦ ਉਨ੍ਹਾਂ ਦੀ ਪਾਰਟੀ ਵੱਲੋਂ ਦਿੱਲੀ ਕਮੇਟੀ ਤੋਂ ਗੁਰਦਵਾਰਾ ਬੰਗਲਾ ਸਾਹਿਬ ਦੇ ਲੰਗਰ ਦੀ ਸੇਵਾ ਬਕਾਇਦਾ ਪੱਤਰ ਲਿਖ ਕੇ ਮੰਗੀ ਗਈ ਸੀ, ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੂੰ ਫ਼ੋਨ ਕਰਕੇ ਉਨ੍ਹਾਂ ਨੇ ਗੁਰਦਵਾਰਾ ਰਕਾਬਗੰਜ ਸਾਹਿਬ ਵਿੱਚ ਲੰਗਰ ਪਕਾਉਣ ਲਈ ਜਗਾ ਵੀ ਮੰਗੀ ਸੀ, ਤਾਂਕਿ ਲੰਗਰ ਦੀ ਮੰਗ ਪੂਰੀ ਕੀਤੀ ਜਾ ਸਕੇ। ਉੱਤੇ ਸਾਨੂੰ ਕੋਈ ਸਪਸ਼ਟ ਸੁਨੇਹਾ ਨਹੀਂ ਦਿੱਤਾ ਗਿਆ। ਦਿੱਲੀ ਸਰਕਾਰ ਨੇ ਸਾਡੇ ਤੱਕ ਲੰਗਰ ਲਈ ਪਹੁੰਚ ਕੀਤੀ, ਅਸੀਂ ਉਨ੍ਹਾਂ ਨੂੰ ਕਿਹਾ ਕੀ ਕਿ ਸਾਡੇ ਕੋਲ ਕਮੇਟੀ ਨਹੀਂ ਹੈ, ਜਿਸ ਉੱਤੇ ਸਰਕਾਰ ਵੱਲੋਂ ਸਾਨੂੰ ਅਮਰੀਕਾ ਵਿੱਚ ਬਿਨਾਂ ਕਮੇਟੀ ਦੇ ਸਿੱਖਾਂ ਵੱਲੋਂ ਕੀਤੀ ਜਾ ਰਹੀ ਲੰਗਰ ਸੇਵਾ ਦਾ ਹਵਾਲਾ ਦਿੱਤਾ ਗਿਆ। ਕਿਉਂਕਿ ਇਹ ਆਪਦਾ ਪੁਰੇ ਸੰਸਾਰ, ਦੇਸ਼ ਅਤੇ ਦਿੱਲੀ ਉੱਤੇ ਆਈ ਸੀ, ਇਸ ਲਈ ਮੈਂ ਸਭ ਤੋਂ ਪਹਿਲਾ ਫ਼ੋਨ ਜੀਕੇ ਨੂੰ ਲਗਾਇਆ ਅਤੇ ਦੂਜਾ ਫ਼ੋਨ ਰਾਜਿੰਦਰ ਸਿੰਘ ਚੱਢਾ ਨੂੰ ਲਗਾਇਆ ਅਤੇ ਕਈ ਹੋਰ ਸੱਜਣਾਂ ਨਾਲ ਵੀ ਗੱਲ ਹੋਈ, ਸਾਰਿਆਂ ਨੇ ਇਕਮਤ ਨਾਲ ਇਸ ਸੇਵਾ ਨੂੰ ਸ਼ੁਰੂ ਕਰਨ ਉੱਤੇ ਸਹਿਮਤੀ ਜਤਾਈ । ਸਰਨਾ ਨੇ ਦੱਸਿਆ ਕਿ ਜਥੇਦਾਰ ਨਾਲ ਗੱਲ ਹੋਈ ਕੀ ਕਮੇਟੀ ਸੇਵਾ ਤੋਂ ਪਿੱਛੇ ਹੱਟ ਰਹੀ ਹੈ, ਤਾਂ ਜਥੇਦਾਰ ਨੇ ਸਾਨੂੰ ਇਸ ਸੇਵਾ ਨੂੰ ਆਪਣੇ ਹੱਥ ਵਿੱਚ ਲੈਣ ਦੀ ਸਹਿਮਤੀ ਦੇ ਦਿੱਤੀ। ਇਸ ਕਰਕੇ ਅਸੀਂ ਹੁਣ 15 ਅਪ੍ਰੈਲ ਤੱਕ ਨਿੱਤ 5 ਤੋਂ 10 ਹਜ਼ਾਰ ਰਾਸ਼ਨ ਪੈਕਟ ਵੰਡਾਂਗੇ ।
ਜੀਕੇ ਨੇ ਕਿਹਾ ਕਿ ਗ਼ਰੀਬ ਅਤੇ ਜ਼ਰੂਰਤਮੰਦਾਂ ਦੀ ਮਦਦ ਅਤੇ ਸਿੱਖ ਪਰੰਪਰਾ ਅਤੇ ਵਿਚਾਰਧਾਰਾ ਦੀ ਰੱਖਿਆ ਲਈ ਸਿਆਸੀ ਮਤਭੇਦਾਂ ਨੂੰ ਦਰਕਿਨਾਰ ਕਰ ਕੇ ਅਸੀਂ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆਉਣ ਦਾ ਫ਼ੈਸਲਾ ਕੀਤਾ ਹੈ। ਲੰਗਰ ਸਾਡੀ ਵਿਰਾਸਤ ਹੈ, ਸਿੱਖ ਹਮੇਸ਼ਾ ਬਿਪਤਾ ਦੇ ਸਮੇਂ ਅੱਗੇ ਆਕੇ ਲੰਗਰ ਲੱਗਾਂਦਾ ਰਿਹਾ ਹੈ । ਚਾਹੇ ਸੀਰੀਆ, ਜੰਮੂ ਜਾਂ ਉੱਤਰਾਖੰਡ ਹੋਵੇ, ਸਿੱਖ ਕਦੇ ਪਿੱਛੇ ਨਹੀਂ ਹਟੇ। ਗ਼ਰੀਬ-ਗ਼ੁਰਬੇ ਦੀ ਮਦਦ ਕਰਨਾ ਸਿੱਖ ਦਾ ਪਹਿਲਾ ਫ਼ਰਜ਼ ਹੈ। ਕੋਰੋਨਾ ਨੇ ਵਿਕਸਿਤ ਦੇਸ਼ਾਂ ਚੀਨ,ਅਮਰੀਕਾ,ਇਟਲੀ, ਜਰਮਨੀ, ਸਪੇਨ ਆਦਿਕ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਪਰ ਸਾਡੀ ਸਰਕਾਰਾਂ ਇਸ ਮਾਮਲੇ ਵਿੱਚ ਬਿਹਤਰ ਕਰ ਰਹਿਆਂ ਹਨ, ਚਾਹੇ ਮੋਦੀ ਹੋਵੇ ਜਾਂ ਕੇਜਰੀਵਾਲ ਦੀ ਸਰਕਾਰ, ਕਾਫ਼ੀ ਹੱਦ ਤੱਕ ਸਰਕਾਰਾਂ ਦੀ ਸਰਗਰਮੀ ਨੇ ਕੋਰੋਨਾ ਦੇ ਫੈਲਣ ਉੱਤੇ ਅੰਕੁਸ਼ ਲੱਗਾ ਦਿੱਤਾ ਹੈ। ਜੀਕੇ ਨੇ ਜਾਣਕਾਰੀ ਦਿੱਤੀ ਕਿ ਗੁਰਦਵਾਰਾ ਗਰੇਟਰ ਕੈਲਾਸ਼, ਪਹਾੜੀ ਵਾਲਾ ਵੱਲੋਂ ਵੀ ਇਸ ਸਹਾਇਤਾ ਵਿੱਚ ਹਿੱਸਾ ਪਾਉਣ ਦੀ ਉਨ੍ਹਾਂ ਨੂੰ ਪੇਸ਼ਕਸ਼ ਕੀਤੀ ਗਈ ਹੈ। ਜੀਕੇ ਨੇ ਆਪਣੇ ਆਸ-ਪਾਸ ਦੇ ਗ਼ਰੀਬ ਲੋਕਾਂ ਨੂੰ ਆਪਣੇ ਘਰ ਤੋਂ ਦਾਲ-ਰੋਟੀ ਬਣਾ ਕੇ ਦੇਣ ਦੀ ਸਿੱਖਾਂ ਨੂੰ ਅਪੀਲ ਕਰਦੇ ਹੋਏ ਇਸ ਦੌਰਾਨ ਜੀਵਾਣੂ ਸੰਕਰਮਣ ਤੋਂ ਆਪਣਾ ਬਚਾਓ ਕਰਨ ਦੀ ਸਲਾਹ ਵੀ ਦਿੱਤੀ।