ਨਵੀਂ ਦਿੱਲੀ – ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਮੋਦੀ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਕੋਰੋਨਾ ਦੀ ਮਹਾਂਮਾਰੀ ਨਾਲ ਨਜਿੱਠਣ ਦੇ ਲਈ ਮਾਹਿਰਾਂ ਦੀ ਮੱਦਦ ਲੈਣੀ ਚਾਹੀਦੀ ਹੈ। ਇਸ ਵਾਇਰਸ ਨਾਲ ਲੜਨ ਲਈ ਵਿਰੋਧੀ ਦਲਾਂ ਨਾਲ ਵੀ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਆਰਥਿਕ ਰੂਪ ਵਿੱਚ ਸ਼ਾਇਦ ਸੱਭ ਤੋਂ ਵੱਡੀ ਐਮਰਜੈਂਸੀ ਦਾ ਸਾਹਮਣਾ ਕਰ ਰਿਹਾ ਹੈ।
ਰਘੂਰਾਮ ਰਾਜਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਪੀਐਮ ਦੇ ਆਫਿਸ ਵਿੱਚ ਪਹਿਲਾਂ ਤੋਂ ਹੀ ਕੰਮ ਕਰਨ ਵਾਲਿਆਂ ਤੋਂ ਕੁਝ ਵੀ ਕਰਵਾਉਣਾ ਜਿਆਦਾ ਅਸਰਦਾਰ ਨਹੀਂ ਹੋਵੇਗਾ। ਇਸ ਲਈ ਅੋਪੋਜੀਸ਼ਨ ਦੇ ਉਨ੍ਹਾਂ ਬੁਧੀਜੀਵੀਆਂ ਦੀ ਮੱਦਦ ਲੈਣੀ ਚਾਹੀਦੀ ਹੈ, ਜਿੰਨ੍ਹਾਂ ਨੂੰ ਵਿਸ਼ਵ ਪੱਧਰ ਤੇ ਆਰਥਿਕ ਸੰਕਟ ਵਰਗੇ ਹਾਲਾਤਾਂ ਨਾਲ ਨਜਿੱਠਣ ਦਾ ਅਨੁਭਵ ਹੈ। 2008-09 ਦੇ ਗਲੋਬਲ ਫਾਇਨੈਸਿ਼ਅਲ ਕਰਾਈਸਿਸ ਦੇ ਸਮੇਂ ਡਿਮਾਂਡ ਵਿੱਚ ਬਹੁਤ ਵੱਡੀ ਕਮੀ ਆਈ ਸੀ, ਪਰ ਸਾਡੀਆਂ ਕੰਪਨੀਆਂ ਦੀ ਗਰੋਥ ਸਾਲ ਦਰ ਸਾਲ ਮਜ਼ਬੂਤ ਹੁੰਦੀ ਰਹੀ। ਸਾਡਾ ਵਿੱਤੀ ਸਿਸਟਮ ਵੀ ਮਜ਼ਬੂਤ ਸੀ, ਪਰ ਹੁਣ ਕੋਰੋਨਾ ਸੰਕਟ ਸਮੇਂ ਅਜਿਹਾ ਨਹੀਂ ਹੈ।
ਉਨ੍ਹਾਂ ਅਨੁਸਾਰ ਲਾਕਡਾਊਨ ਦੇ ਬਾਅਦ ਦੀ ਵੀ ਯੋਜਨਾ ਬਣਾਉਣੀ ਚਾਹੀਦੀ ਹੈ ਕਿ ਜੇ ਵਾਇਰਸ ਦਾ ਅਸਰ ਸਮਾਪਤ ਨਹੀਂ ਹੁੰਦਾ ਤਾਂ ਕੀ ਕਦਮ ਉਠਾਏ ਜਾਣਗੇ? ਦੇਸ਼ ਨੂੰ ਲੰਬੇ ਸਮੇਂ ਤੱਕ ਲਾਕਡਾਊਨ ਰੱਖਣਾ ਮੁਸ਼ਕਿਲ ਹੈ। ਇਸ ਸਮੇਂ ਗਰੀਬ ਅਤੇ ਨਾਨ-ਸੈਲਰੀ ਮਿਿਡਲ ਕਲਾਸ ਦਾ ਧਿਆਨ ਰੱਖਣਾ ਜਰੂਰੀ ਹੈ। ਡਾਰੈਕਟ ਬੈਨੀਫਿਟ ਟਰਾਂਸਫਰ ਦਾ ਲਾਭ ਸੱਭ ਨੂੰ ਨਹੀਂ ਮਿਲ ਪਾਵੇਗਾ ਕਿਉਂਕਿ ਜੋ ਰਾਸ਼ੀ ਦਿੱਤੀ ਜਾ ਰਹੀ ਹੈ ਉਹ ਇੱਕ ਮਹੀਨੇ ਦੇ ਜੋਗੀ ਵੀ ਨਹੀਂ ਹੈ।