ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਸੰਬੰਧੀ ਵੱਖੋ ਵੱਖਰੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਯੂ.ਐੱਚ.ਓ.) ਦਾ ਮੁੱਖ ਦਫ਼ਤਰ ਸਵਿਟਜਰਲੈਂਡ ਦੇ ਜਿਨੇਵਾ ਸ਼ਹਿਰ ਵਿੱਚ ਸਥਿਤ ਹੈ ਅਤੇ ਇਸਦਾ ਮੁੱਖ ਮੰਤਵ ਦੁਨੀਆਂ ਭਰ ਦੇ ਲੋਕਾਂ ਦੇ ਸਿਹਤ ਪੱਧਰ ਨੂੰ ਉੱਚਾ ਰੱਖਣਾ ਹੈ। ਵਿਸ਼ਵ ਸਿਹਤ ਸੰਗਠਨ ਦੁਆਰਾ ਜਿਨੇਵਾ ਵਿਖੇ ਸਾਲ 1948 ਵਿੱਚ ਪਹਿਲੀ ਵਾਰ ਵਿਸ਼ਵ ਸਿਹਤ ਸਭਾ ਰੱਖੀ ਗਈ ਜਿੱਥੇ 7 ਅਪ੍ਰੈਲ ਨੂੰ ਸਲਾਨਾ ਤੌਰ ਤੇ ਵਿਸ਼ਵ ਸਿਹਤ ਦਿਵਸ ਦੇ ਰੂਪ ਵਿੱਚ ਮਨਾਉਣ ਲਈ ਫੈਸਲਾ ਕੀਤਾ ਗਿਆ। ਸਾਲ 1950 ਵਿੱਚ ਪਹਿਲੀ ਵਾਰ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ ਅਤੇ ਉਸ ਸਮੇਂ ਇਸ ਦਾ ਵਿਸ਼ਾ ‘ਆਪਣੀਆਂ ਸਿਹਤ ਸੇਵਾਵਾਂ ਨੂੰ ਜਾਣੋ’ ਸੀ। ਇਸ ਵਰ੍ਹੇ ਵਿਸ਼ਵ ਸਿਹਤ ਦਿਵਸ ਦਾ ਮੁੱਖ ਵਿਸ਼ਾ ‘ਨਰਸਾਂ ਅਤੇ ਦਾਈਆਂ ਦਾ ਸਮਰਥਨ ਕਰੋ’ ਹੈ।
ਸਿਹਤ ਪ੍ਰਤੀ ਸੰਜੀਦਗੀ ਜ਼ਰੂਰੀ ਹੈ, ਨਹੀਂ ਫਿਰ ਥੌੜੀ ਜਿਹੀ ਲਾਪਰਵਾਹੀ ਤੁਹਾਨੂੰ ਰੋਗੀ ਕਰਨ ਲਈ ਬਹੁਤ ਹੈ। ਤਾਜ਼ਾ ਘਟਨਾਕ੍ਰਮ ਤੋਂ ਸਭ ਜਾਣੂ ਹਨ ਅਤੇ ਦੁਨੀਆਂ ਦੇ ਤਕਰੀਬਨ 200 ਦੇਸ਼ ਕਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਨ। ਇਸ ਮਹਾਂਮਾਰੀ ਨੇ ਸੰਸਾਰ ਦੇ ਕਈ ਦੇਸ਼ਾਂ ਨੂੰ ਲੌਕਡਾਇਨ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। 5 ਅਪ੍ਰੈਲ 2020 ਦੇ ਸਵੇਰ ਤੱਕ ਦੇ ਅੰਕੜਿਆਂ ਤੱਕ ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਦੇ 12,03,140 ਮਾਮਲੇ ਸਾਹਮਏ ਆਏ, ਜਿਨ੍ਹਾਂ ਵਿੱਚੋਂ 64,744 ਮੌਤਾਂ ਹੋ ਚੁੱਕੀਆਂ ਹਨ ਅਤੇ 2,46,760 ਮਰੀਜ ਠੀਕ ਹੋ ਚੁੱਕੇ ਹਨ। ਯੂ.ਐੱਸ.ਏ., ਸਪੇਨ, ਇਟਲੀ, ਜਰਮਨੀ, ਫਰਾਂਸ, ਚੀਨ, ਇਰਾਨ ਅਤੇ ਯੂ.ਕੇ. ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।ਭਾਰਤ ਵਿੱਚ 3588 ਮਾਮਲੇ ਸਾਹਮਣੇ ਆਏ ਹਨ ਅਤੇ 99 ਮੌਤਾਂ ਹੋ ਚੁੱਕੀਆਂ ਹਨ ਅਤੇ 229 ਮਰੀਜ ਠੀਕ ਹੋ ਚੁੱਕੇ ਹਨ ਅਤੇ ਪੰਜਾਬ ਵਿੱਚ 67 ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚੋਂ ਪੰਜ ਮੌਤਾਂ ਹੋ ਚੁੱਕੀਆਂ ਹਨ।
ਕੋਰੋਨਾ ਵਾਇਰਸ ਸੰਕ੍ਰਮਿਤ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਕਈ ਤਰੀਕਿਆਂ ਨਾਲ ਫੈਲ ਸਕਦਾ ਹੈ ਜਿਵੇਂ ਕਿ ਨਿੱਜੀ ਵਿਅਕਤੀਗਤ ਛੂਹਣ, ਖੰਘਣ ਸਮੇਂ ਲਾਪਰਵਾਹੀ ਆਦਿ। ਕਿਸੇ ਸੰਕ੍ਰਮਿਤ ਵਸਤੂ ਜਾਂ ਸਤਹਿ ਨੂੰ ਛੂਹਣਾ ਅਤੇ ਫਿਰ ਬਿਨ੍ਹਾਂ ਹੱਥ ਧੋਏ ਆਪਣੀਆਂ ਅੱਖਾਂ, ਨੱਕ ਜਾਂ ਮੂੰਹ ਨੂੰ ਛੂਹਣਾ ਕੋਰੋਨਾ ਵਾਇਰਸ ਨੂੰ ਸਿੱਧਾ ਸੱਦਾ ਸਾਬਿਤ ਹੋ ਸਕਦਾ ਹੈ।
ਕੋਰੋਨਾ ਵਾਇਰਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਸਮੇਂ ਸਮੇਂ ਤੇ ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਅਤੇ ਹੱਥਾਂ ਦੀ ਸਫ਼ਾਈ ਤੋਂ ਬਿਨ੍ਹਾਂ ਅੱਖਾਂ, ਨੱਕ ਜਾਂ ਮੂੰਹ ਨੂੰ ਸਿੱਧਾ ਹੀ ਨਹੀਂ ਛੂਹਣਾ ਚਾਹੀਦਾ। ਖੰਘਦੇ ਸਮੇਂ ਮੂੰਹ ਉੱਤੇ ਰੁਮਾਲ ਜਾਂ ਟੀਸ਼ੂ ਪੇਪਰ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਦੂਸ਼ਿਤ ਰੁਮਾਲ ਜਾਂ ਟੀਸ਼ੂ ਪੇਪਰ ਦੀ ਦੁਬਾਰਾ ਵਰਤੋਂ ਨਹੀਂ ਕਰਨੀ ਚਾਹੀਦੀ।ਟੀਸ਼ੂ ਪੇਪਰ ਜਾਂ ਰੁਮਾਲ ਦੀ ਥਾਂ ਕੁਹਣੀ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ।
ਵਿਗਿਆਨੀਆਂ ਅਨੁਸਾਰ ਕੋਰੋਨਾ ਵਾਇਰਸ ਸਰੀਰ ਵਿੱਚ ਪਹੁੰਚਣ ਤੇ ਫੇਫੜਿਆਂ ਨੂੰ ਸੰਕ੍ਰਮਿਤ ਕਰਦਾ ਹੈ। ਇਸ ਕਰਕੇ ਹੀ ਸਭ ਤੋਂ ਪਹਿਲਾਂ ਬੁਖਾਰ, ਫਿਰ ਸੁੱਕੀ ਖੰਘ ਅਤੇ ਬਾਦ ਵਿੱਚ ਸਾਹ ਲੈਣ ਵਿੱਚ ਸਮੱਸਿਆ ਹੋ ਸਕਦੀ ਹੈ। ਸਾਧਾਰਣ ਤੌਰ ਤੇ ਲੱਛਣ ਨਜ਼ਰ ਆਉਣ ਵਿੱਚ ਪੰਜ ਦਿਨ ਲੱਗਦੇ ਹਨ ਪਰੰਤੂ ਕੁਝ ਵਿਅਕਤੀਆਂ ਵਿੱਚ ਇਸਦੇ ਲੱਛਣ ਬਹੁਤ ਦੇਰ ਨਾਲ ਵੀ ਨਜ਼ਰ ਆ ਸਕਦੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਵਾਇਰਸ ਦੇ ਸਰੀਰ ਵਿੱਚ ਪਹੁੰਚਣ ਅਤੇ ਲੱਛਣ ਨਜ਼ਰੀਂ ਆਉਣ ਵਿੱਚ 14 ਦਿਨਾਂ ਦਾ ਸਮਾਂ ਲੱਗ ਸਕਦਾ ਹੈ ਪਰੰਤੂ ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਸਮਾਂ 24 ਦਿਨਾਂ ਦਾ ਵੀ ਹੋ ਸਕਦਾ ਹੈ। ਬੀਮਾਰੀ ਦੇ ਸ਼ੁਰੂਆਤੀ ਲੱਛਣ ਠੰਡ ਅਤੇ ਫਲੂ ਨਾਲ ਮਿਲਦੇ ਜੁਲਦੇ ਹਨ ਜਿਸ ਕਰਕੇ ਕੋਈ ਵੀ ਸੁਖਾਲਿਆਂ ਹੀ ਉਲਝ ਸਕਦਾ ਹੈ। ਕੋਰੋਨਾ ਵਾਇਰਸ ਦੇ ਲੱਛਣ ਨਜ਼ਰੀਂ ਆਉਣ ਤੇ ਨੇੜਲੀਆਂ ਸਿਹਤ ਸੇਵਾਵਾਂ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ।
ਸਮੇਂ ਦੀ ਜ਼ਰੂਰਤ ਹੈ ਕਿ ਸਿਹਤ ਸਬੰਧੀ ਮਾਮਲਿਆਂ ਪ੍ਰਤੀ ਜਿੱਥੇ ਸਰਕਾਰਾਂ ਨੂੰ ਹੋਰ ਵਧੇਰਾ ਸੰਜੀਦਗੀ ਨਾਲ ਧਿਆਨ ਦੇਣ ਦੀ ਲੋੜ ਹੈ ਉੱਥੇ ਹੀ ਆਮ ਲੋਕਾਂ ਨੂੰ ਵੀ ਆਪਣੀ ਸਿਹਤਯਾਬੀ ਲਈ ਆਪਣੀਆਂ ਮਾੜੀਆਂ ਆਦਤਾਂ ਵਿੱਚ ਲੋੜੀਂਦੇ ਸੁਧਾਰ ਕਰਕੇ ਇੱਕ ਤੰਦਰੁਸਤ ਸਰੀਰ ਦਾ ਮਾਲਕ ਹੋਣ ਦੇ ਸੁਭਾਅ ਨੂੰ ਆਪਣੀਆਂ ਆਦਤਾਂ ਵਿੱਚ ਸ਼ੁਮਾਰ ਕਰਨਾ ਚਾਹੀਦਾ ਹੈ।