ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -: ਇਥੋਂ ਦੀ ਇਤਿਹਾਸਕ ਜਾਮਾ ਮਸਜਿਦ ਦੀ ਮੁੜ ਤੋਂ ਉਸਾਰੀ ਦਾ ਜਲਦੀ ਸ਼ੁਰੂ ਕੀਤਾ ਜਾਵੇਗਾ ਤੇ ਵਕਫ਼ ਬੋਰਡ ਦੀ ਜਗ੍ਹਾਂ ਤੇ ਕਾਬਜ਼ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਨਾਲ-ਨਾਲ ਕਿਰਾਇਆ ਨਾ ਦੇਣ ਵਾਲਿਆਂ ਦੇ ਖਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ਤੇ ਇਸ ਬਾਰੇ ਭਾਰਤ ਸਰਕਾਰ ਵੱਲੋਂ ਸੰਬੰਧਤ 1995 ਕਾਨੂੰਨ ’ਚ ਸੋਧ ਲਈ ਇੱਕ ਜੁਆਇੰਟ ਪਾਰਲੀਮਨੀ ਕਮੇਟੀ ਬਣਾਈ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁਹੰਮਦ ਉਸਮਾਨ ਰਹਿਮਾਨ ਚੇਅਰਮੈਨ ਰਿਜ਼ਨਲ ਅਫ਼ੇਅਰ ਕਮੇਟੀ ਪੰਜਾਬ ਵਕਫ਼ ਬੋਰਡ ਨੇ ਅੱਜ ਇਥੋਂ ਦੀ ਜਾਮਾ ਮਸਜਿਦ ’ਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਨਾਲ ਇੱਕ ਅਹਿਮ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਹਿੱਸੇ ’ਚ ਸਥਿਤ ਇਹ ਇਤਿਹਾਸਕ ਮਸਜਿਦ 125 ਵਰ੍ਹਿਆਂ ਦੀ ਉਮਰ ਹੰਢਾ ਚੁੱਕੀ ਤੇ ਹੁਣ ਇਸ ਦੀ ਹਾਲਤ ਬਹੁਤ ਹੀ ਖਸਤਾ ਹੈ ਜਿਸ ਲਈ ਇਸ ਦੀ ਉਸਾਰੀ ਦਾ ਕੰਮ ਜਲਦੀ ਸ਼ੁਰੂ ਕੀਤੇ ਜਾਣ ਬਾਰੇ ਮਤਾ ਮਹੀਨਾਵਾਰ ਮੀਟਿੰਗਾਂ ’ਚ ਪਾਸ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਬੋਰਡ ਦੀ ਜਗ੍ਹਾਂ ਤੇ ਕਾਬਜ਼ ਨਜਾਇਜ਼ ਕਬਜ਼ੇ ਹਟਾਉਣ ਸੰਬੰਧੀ ਜੁਆਇੰਟ ਪਾਰਲੀਮਨੀ ਲਾਈਬ੍ਰੇਰੀ ਨਵੀਂ ਦਿੱਲੀ ਵਿਖੇ ਮੀਟਿੰਗ ਹੋ ਚੁੱਕੀ ਹੈ ਤੇ ਭਾਰਤ ਸਰਕਾਰ ਵੱਲੋਂ ਵਕਫ਼ ਐਕਟ ਵਿੱਚ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਸਖ਼ਤ ਕਾਨੂੰਨ ਲੈ ਕੇ ਆਉਣ ਦੀ ਇੱਛੁਕ ਹੈ ਜਿਸ ਤਹਿਤ ਦੋਸ਼ੀ ਨੂੰ ਜੁਰਮਾਨੇ ਦੇ ਨਾਲ 1 ਤੋਂ ਲੈ ਕੇ 5 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਵਕਫ਼ ਬੋਰਡ ਮੁਸਲਮਾਨ ਕੌਮ ਦੀ ਮਲਕੀਅਤ ਹੈ ਤੇ ਸੂਬੇ ਦੇ ਮੁਸਲਮਾਨਾਂ ਦਾ ਹੱਕ ਹੈ। ਇਸ ਲਈ ਬੋਰਡ ਮੁਸਲਮਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਹਰ ਹੀਲੇ ਯਤਨਸ਼ੀਲ ਹੈ।
ਚੇਅਰਮੈਨ ਸ੍ਰੀ ਰਹਿਮਾਨ ਨੇ ਕਿਹਾ ਕਿ ਜੇਕਰ ਕੋਈ ਨਜਾਇਜ਼ ਕਬਜ਼ਾਧਾਰੀ ਉਨ੍ਹਾਂ ਨਾਲ ਮਸਲੇ ਦੇ ਹੱਲ ਲਈ ਗੱਲਬਾਤ ਕਰਨਾ ਚਾਹੁੰਦੇ ਹਨ ਤਾਂ ਉਹ ਇਸ ਲਈ ਤਿਆਰ ਹਨ। ਇਸ ਤੋਂ ਇਲਾਵਾ ਉਨ੍ਹਾਂ ਖਾਸਕਾਰ ਮੁਸਲਮਾਨ ਭਾਈਚਾਰੇ ਨੂੰ ਕਿਹਾ ਕਿ ਬੋਰਡ ’ਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲਈ ਜੇਕਰ ਕਿਸੇ ਵਿਅਕਤੀ ਨੂੰ ਬੋਰਡ ਪਾਸੋ ਇਸ ਕਿਸਮ ਦੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਬੇਧੜਕ ਮੁੱਖ ਦਫ਼ਤਰ ਵਿੱਚ ਪਹੁੰਚ ਕਰ ਸਕਦਾ ਹੈ। ਇਸ ਮੌਕੇ ਮੀਟਿੰਗ ਵਿੱਚ ਜਾਮਾ ਮਸਜਿਦ ਇੰਤਜਾਮਿਆ ਕਮੇਟੀ ਦੇ ਚੇਅਰਮੈਨ ਮੁਹੰਮਦ ਅਸ਼ਰਫ਼ ਕੁਰੈਸ਼ੀ, ਪ੍ਰਧਾਨ ਨੇਤਾ ਜੀ, ਅਕਬਰ ਅਲੀ, ਸਈਦ ਅਹਿਮਦ, ਹਾਫਿਜ ਈਨਾਮ, ਜਾਵੇਦ ਅਸ਼ਰਫ਼, ਹੁਕਮਦੀਨ, ਕਾਇਮਰੀਨ ਤੇ ਮੁਹੰਮਦ ਨਿਸਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਸਲਮਾਨ ਲੋਕ ਸ਼ਾਮਲ ਸਨ।